ਨਵੇਂ ਸਾਲ 'ਤੇ ਸੁਰੱਖਿਆ ਪ੍ਰਬੰਧ ਪੁਖ਼ਤਾ , ਪੁਲਿਸ ਵੱਲੋਂ ਐਡਵਾਇਜ਼ਰੀ ਜਾਰੀ
ਨਵੇਂ ਸਾਲ ਦੀ ਆਮਦ ਉਤੇ ਹਮਲੇ ਦੇ ਖ਼ਦਸ਼ੇ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ ਤੇ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਚੰਡੀਗੜ੍ਹ : ਪੂਰਾ ਵਿਸ਼ਵ ਨਵਾਂ ਸਾਲ ਮਨਾਉਣ ਜਾ ਰਿਹਾ ਹੈ। ਭਾਰਤ ਵਿਚ 2023 ਦੀ ਆਮਦ ਉਤੇ ਵੱਖ-ਵੱਖ ਸ਼ਹਿਰਾਂ 'ਚ ਰੰਗਾਰੰਗ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਨਵੇਂ ਸਾਲ ਮੌਕੇ ਹਮਲੇ ਦੇ ਖ਼ਦਸ਼ੇ ਕਾਰਨ ਪੰਜਾਬ ਵਿੱਚ ਹਾਈ ਅਲਰਟ ਹੈ। ਇਸ ਦਰਮਿਆਨ ਪੰਜਾਬ ਸਰਕਾਰ ਨੇ ਪੁਖ਼ਤਾ ਪ੍ਰਬੰਧ ਦੇ ਨਾਲ ਐਡਵਾਇਜ਼ਰੀ ਜਾਰੀ ਕੀਤੀ। ਜਿਸ ਵਿਚ ਲੋਕਾਂ ਨੂੰ ਜਨਤਕ ਥਾਵਾਂ ਉਤੇ ਸ਼ਰਾਬ ਨਾ ਪੀਣ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਪਾਰਟੀਆਂ ਵਿਚ ਅਸਲਾ ਨਾ ਲੈ ਕੇ ਜਾਣ ਦੀ ਵੀ ਹਦਾਇਤ ਕੀਤੀ ਗਈ ਹੈ।
ਸਾਰੇ ਜ਼ਿਲ੍ਹਿਆਂ ਦੀ ਪੁਲਿਸ ਨੇ ਸਰਹੱਦੀ ਖੇਤਰਾਂ 'ਤੇ ਸਾਵਧਾਨੀ ਵਰਤੀ ਹੋਈ ਹੈ ਐਲਕੋ ਸੈਂਸਰ ਨਾਲ ਡਰਾਈਵਰਾਂ ਦੇ ਟੈਸਟ ਤੋਂ ਇਲਾਵਾ 30 ਦਸੰਬਰ ਦੀ ਰਾਤ ਤੋਂ ਹੀ ਵਾਹਨਾਂ ਦੇ ਦਸਤਾਵੇਜ਼ਾਂ ਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਵੱਡੀ ਗਿਣਤੀ 'ਚ ਪੰਜਾਬ ਪੁਲਿਸ ਦੇ ਜਵਾਨ ਹਾਈਵੇ ਤੇ ਮੁੱਖ ਸੜਕਾਂ ਉਤੇ ਤਾਇਨਾਤ ਹਨ।
ਇਸ ਤੋਂ ਇਲਾਵਾ ਛੋਟੇ-ਵੱਡੇ ਬਾਜ਼ਾਰਾਂ ਵਿਚ ਵੀ ਪੰਜਾਬ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਬੀਟ ਪੁਲਿਸ ਮੁਲਾਜ਼ਮਾਂ ਅਤੇ ਗਸ਼ਤ ਕਰਨ ਵਾਲੀਆਂ ਟੀਮਾਂ ਤੋਂ ਇਲਾਵਾ ਨਿਗਰਾਨ ਅਧਿਕਾਰੀ ਵੀ ਦੁਕਾਨਦਾਰਾਂ ਤੇ ਮੰਡੀ ਦੇ ਮੁਖੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ। ਕਈ ਥਾਵਾਂ 'ਤੇ ਸੁਰੱਖਿਆ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਸੁਚੇਤ ਰੱਖਣ ਲਈ ਐਲਾਨ ਵੀ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਲੁਧਿਆਣਾ 'ਚ ਕੁੱਤਿਆਂ ਨੇ ਨੋਚਿਆ ਬੱਚਾ, ਸਰਪੰਚ ਨੇ ਬਚਾਈ ਜਾਨ
ਲੁਧਿਆਣਾ ਸ਼ਹਿਰ ਵਿਚ 3 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ। ਇਸ ਦੇ ਨਾਲ ਹੀ ਸ਼ਹਿਰ ਦੀਆਂ ਹੱਦਾਂ ਜਿੱਥੇ ਸੀਲ ਕਰ ਦਿੱਤੀਆਂ ਗਈਆਂ ਹਨ ਉੱਥੇ ਸ਼ਹਿਰ ਵਿਚ ਨਾਕਾਬੰਦੀ ਵੀ ਕਰ ਦਿੱਤੀ ਗਈ ਹੈ। ਜਸ਼ਨ ਤੋਂ ਇਕ ਦਿਨ ਪਹਿਲਾਂ ਹੀ ਪੁਲਿਸ ਵੱਲੋਂ ਸ਼ਹਿਰ ਵਿਚ ਨਾਕਾਬੰਦੀ ਕਰ ਦਿੱਤੀ ਗਈ ਹੈ ਜਿਥੇ ਪੁਲਿਸ ਦੇ ਉੱਚ ਅਧਿਕਾਰੀ ਸੜਕਾਂ ਉਪਰ ਹਨ, ਨਾਲ ਹੀ ਬੰਬ ਨਿਰੋਧਕ ਦਸਤਾ ਟੀਮਾਂ ਵੀ ਬਾਜ਼ਾਰਾਂ, ਮਾਲਜ਼ ਅਤੇ ਹੋਰ ਜਨਤਕ ਥਾਵਾਂ ਉਤੇ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ।