ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਪੁਲਿਸ ਵੱਲੋਂ ਸਰਚ ਆਪ੍ਰੇਸ਼ਨ
ਚੰਡੀਗੜ੍ਹ; ਪੰਜਾਬ ਵਿੱਚ ਕਰਾਈਮ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਕਰਾਈਮ ਨੂੰ ਰੋਕਣ ਲਈ ਪੰਜਾਬ ਭਰ ਦੀ ਪੁਲਿਸ ਵੱਲੋਂ ਵੱਖ-ਵੱਖ ਜ਼ਿਲਿਆ ਵਿੱਚ ਸਰਚ ਅਭਿਆਨ ਚਲਾਇਆ ਗਿਆ ਹੈ। ਬੀਤੇ ਦਿਨੀ ਪੰਜਾਬ ਵਿੱਚ ਦੋ ਵੱਡੇ ਕਤਲ ਹੋਏ ਹਨ ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਅਫਸਰਸ਼ਾਹੀ ਨੂੰ ਸਖਤੀ ਨਾਲ ਹਦਾਇਤ ਦਿੱਤੀ ਗਈ ਹੈ ਕਿ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾਵੇ। ਇਸ ਤੋਂ ਬਾਅਦ ਪੁਲਿਸ ਵੱਲੋਂ ਹਰ ਜ਼ਿਲ੍ਹੇ ਨਾਜ਼ੁਕ ਥਾਵਾਂ ਉੱਤੇ ਚੈਕਿੰਗ ਕੀਤੀ ਜਾ ਰਹੀ ਹੈ।
ਮੋਹਾਲੀ ਵਿੱਚ ਸਰਚ ਅਭਿਆਨ
ਮੋਹਾਲੀ ਦੀ ਪੁਲਿਸ ਵੱਲੋਂ ਨਾਜ਼ੁਕ ਥਾਵਾਂ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪਿੰਡ ਸੁਹਾਣਾ ਦੇ ਪੀਜੀ ਵਿੱਚ ਰਹਿੰਦੇ ਲੋਕਾਂ ਦੀ ਪਛਾਣ ਪੱਤਰ ਚੈਕ ਕੀਤੇ ਗਏ ਅਤੇ ਤਲਾਸ਼ੀ ਲਈ ਗਈ। ਪੀਜੀ ਵਿੱਚ ਰਹਿੰਦੇ ਲੋਕਾਂ ਦੀ ਤਲਾਸ਼ੀ ਦੌਰਾਨ ਜੋ ਸ਼ੱਕੀ ਪਾਏ ਗਏ ਹਨ ਉਨ੍ਹਾਂ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਮੌਕੇ ਐਸਪੀ ਸਿਟੀ ਅਕਾਸ਼ਦੀਪ ਔਲਖ ਅਤੇ ਡੀਐਸਪੀ ਹਰਸਿਮਰਨ ਸਿੰਘ ਬਲ ਦੀ ਅਗਵਾਈ ਵਿੱਚ ਮਾੜੇ ਅਨਸਰਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪਟਿਆਲਾ ਵਿੱਚ ਸਰਚ ਆਪ੍ਰੇਸ਼ਨ
ਪਟਿਆਲਾ ਵਿਖੇ ਐਸਓਪੀ ਵਰੁਣ ਸ਼ਰਮਾ ਅਤੇ ਏਡੀਜੀਪੀ ਸ਼ਸ਼ੀ ਪ੍ਰਭਾ ਦੀ ਅਗਵਾਈ ਵਿੱਚ ਪਟਿਆਲਾ ਦੇ ਰੋੜੀ ਕੁੱਟ ਮੁਹੱਲਾ ਵਿਖੇ ਸਰਚ ਆਪਰੇਸ਼ਨ ਚਲਾਇਆ ਗਿਆ। ਵੱਡੀ ਗਿਣਤੀ ਵਿੱਚ ਇਕੱਠੀ ਹੋਈ ਪੁਲਿਸ ਪਾਰਟੀ ਵੱਲੋਂ ਰੋੜੀ ਕੁੱਟ ਮੁਹੱਲਾ ਦੇ ਹਰੇਕ ਘਰ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ। ਇਸ ਮੌਕੇ ਏਡੀਜੀਪੀ ਸ਼ਸ਼ੀ ਪ੍ਰਭਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਆਦੇਸ਼ਾਂ ਦੀ ਪਾਲਣਾ ਕਰਦਿਆਂ ਉਨ੍ਹਾਂ ਵੱਲੋਂ ਅੱਜ ਪਟਿਆਲਾ ਦੇ ਰੋੜੀ ਕੁੱਟ ਮੁਹੱਲਾ ਵਿਖੇ ਸਰਚ ਆਪਰੇਸ਼ਨ ਚਲਾਇਆ ਗਿਆ।
ਅੰਮ੍ਰਿਤਸਰ ਵਿੱਚ ਪੁਲਿਸ ਦੀ ਕਾਰਵਾਈ
ਪੰਜਾਬ ਵਿੱਚ ਜਿੱਥੇ ਸਰਚ ਅਭਿਆਨ ਚਲਾਇਆ ਗਿਆ ਹੈ ਉਥੇ ਹੀ ਅੰਮ੍ਰਿਤਸਰ ਵਿੱਚ ਪੁਲਿਸ ਵੱਲੋਂ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ਉੱਤੇ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਮਾੜੇ ਅਨਸਰਾਂ ਉੱਤੇ ਪੁਲਿਸ ਹਮੇਸ਼ਾ ਨਜ਼ਰ ਰੱਖਦੀ ਹੈ।
ਬਠਿੰਡਾ ਵਿੱਚ ਪੁਲਿਸ ਦਾ ਸਰਚ ਅਭਿਆਨ
ਓਧਰ ਬਠਿੰਡਾ ਪੁਲਿਸ ਵੱਲੋਂ ਵੀ ਸ਼ਹਿਰ ਵਿੱਚ ਕਈ ਥਾਵਾਂ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਛੱਕੀ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਮਾੜੇ ਅਨਸਰ ਬਾਰੇ ਕਦੇ ਵੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਨਾਲ ਸਾਂਝੀ ਕਰੋ।
ਲੁਧਿਆਣਾ ਪੁਲਿਸ ਦੀ ਕਾਰਵਾਈ
ਲੁਧਿਆਣਾ ਵਿੱਚ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਉਥੇ ਹੀ ਪੰਜਾਬ ਦੇ ਡੀਜੀਪੀ ਨੇ ਅਗਵਾਈ ਕੀਤੀ। ਇਸ ਮੌਕੇ ਵੱਖ-ਵੱਖ ਥਾਵਾਂ ਉੱਤੇ ਤਲਾਸ਼ੀ ਲਈ ਗਈ ਹੈ।