ਤਰਨਤਾਰਨ 'ਚ ਸਕੂਲ ਬੱਸ ਹਾਦਸਾਗ੍ਰਸਤ, ਇਕ ਬੱਚੀ ਸਣੇ 2 ਦੀ ਮੌਤ

By  Ravinder Singh December 3rd 2022 11:17 AM -- Updated: December 3rd 2022 12:18 PM

ਤਰਨਤਾਰਨ : ਤਰਨਤਾਰਨ 'ਚ ਇਕ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਹਾਦਸੇ ਦਾ ਕਾਰਨ ਸੰਘਣੀ ਧੁੰਦ ਦੱਸਿਆ ਜਾ ਰਿਹਾ ਹੈ। ਇਹ ਦਰਦਨਾਕ ਹਾਦਸਾ ਗੋਇੰਦਵਾਲ ਰੋਡ 'ਤੇ ਸਕੂਲ ਬੱਸ ਤੇ ਟਰੱਕ ਵਿਚਾਲੇ ਹੋਇਆ। ਜਿਸ 'ਚ ਇਕ ਵਿਦਿਆਰਥੀ ਅਤੇ ਬੱਸ ਡਰਾਈਵਰ ਦੀ ਮੌਤ ਹੋ ਗਈ ਹੈ ਅਤੇ 10-11 ਬੱਚੇ ਜ਼ਖ਼ਮੀ ਹੋ ਗਏ ਹਨ।


ਸਥਾਨਕ ਰਕਸ਼ਕ ਪਿੰਡ ਵਿਚ ਬੱਚੇ ਲੈ ਕੇ ਜਾ ਰਹੀ ਮਾਈ ਭਾਗੋ ਸਕੂਲ ਦੀ ਬੱਸ ਦੀ ਬਜਰੀ ਨਾਲ ਭਰੇ ਟਰੱਕ ਨਾਲ ਟੱਕਰ ਹੋ ਗਈ। ਇਸ ਟੱਕਰ 'ਚ ਇਕ 8 ਸਾਲਾ ਬੱਚੀ ਤੇ ਬੱਸ ਦੇ ਡਰਾਈਵਰ ਦੀ ਮੌਤ ਹੋ ਗਈ। ਇਕ ਲੜਕੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਗੰਭੀਰ ਹਾਲਤ ਵਿਚ ਗੁਰੂ ਨਾਨਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ 10-11 ਹੋਰ ਬੱਚਿਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਜੋ ਕਿ ਵੱਖ-ਵੱਖ ਹਸਪਤਾਲਾਂ ਵਿਚ ਜ਼ੇਰੇ ਇਲਾਜ ਹਨ।

ਇਹ ਵੀ ਪੜ੍ਹੋ : ਪਾਕਿਸਤਾਨ ਦੀ ਨਾਪਾਕ ਹਰਕਤ, ਡਰੋਨ ਰਾਹੀਂ ਭੇਜਿਆ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ

ਇਸ ਸਬੰਧੀ ਐਸਡੀਐਮ ਰਜਨੀਸ਼ ਅਰੋੜਾ ਨੇ ਦੱਸਿਆ ਕਿ ਓਵਰਲੋਡ ਟਰੱਕ ਨਾਲ ਸਕੂਲ ਬੱਸ ਦੀ ਟੱਕਰ ਹੋ ਗਈ। ਇਸ ਵਿਚ ਇਕ ਬੱਚੀ ਤੇ ਬੱਸ ਦੇ ਡਰਾਈਵਰ ਦੀ ਜਾਨ ਚਲੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਕੂਲ ਬੱਸ ਨਵੀਂ ਸੀ। 

ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਮੌਕੇ ਉਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਲੋਕਾਂ ਵਿਚ ਬੱਸ ਦੇ ਕੰਡਮ ਹੋਣ ਦੀ ਵੀ ਚਰਚਾ ਚੱਲ ਰਹੀ ਸੀ।

Related Post