ਮੌਸਮ ਦਾ ਮਿਜ਼ਾਜ ; ਪਹਾੜੀ ਇਲਾਕਿਆਂ 'ਚ ਬਰਫਬਾਰੀ ਨਾਲ ਮੈਦਾਨੀ ਇਲਾਕਿਆਂ 'ਚ ਛਿੜੀ ਕੰਬਣੀ

By  Ravinder Singh January 31st 2023 08:33 AM -- Updated: January 31st 2023 09:00 AM

ਨਵੀਂ ਦਿੱਲੀ : ਜੰਮੂ-ਕਸ਼ਮੀਰ 'ਚ ਬਰਫਬਾਰੀ ਕਾਰਨ ਤਾਪਮਾਨ 'ਚ ਗਿਰਾਵਟ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਡੋਡਾ 'ਚ ਭਾਰੀ ਬਰਫਬਾਰੀ ਤੋਂ ਬਾਅਦ ਚਾਰੇ ਪਾਸੇ ਬਰਫ ਦੀ ਮੋਟੀ ਪਰਤ ਜਮ ਗਈ ਹੈ। ਬਰਫਬਾਰੀ ਕਾਰਨ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਸ਼ਮੀਰ ਇਸ ਸਮੇਂ ‘ਚਿੱਲਈ ਕਲਾਂ’ ਦੀ ਲਪੇਟ ਵਿੱਚ ਹੈ। 40 ਦਿਨਾਂ ਵਿਚ ਬਰਫ਼ਬਾਰੀ ਦੀ ਸੰਭਾਵਨਾ ਜ਼ਿਆਦਾ ਹੈ। ਚਿੱਲਈ ਕਲਾਂ 21 ਦਸੰਬਰ ਨੂੰ ਸ਼ੁਰੂ ਹੋ ਕੇ ਜਨਵਰੀ ਨੂੰ ਖ਼ਤਮ ਹੁੰਦਾ ਹੈ। ਇਸ ਤੋਂ ਬਾਅਦ ਲਗਭਗ 40 ਦਿਨ ਇਸ ਦਾ ਅਸਰ ਰਹਿੰਦਾ ਹੈ। ਇਸ ਮਗਰੋਂ ਸੀਤ ਲਹਿਰ ਚੱਲਦੀ ਰਹਿੰਦੀ ਹੈ। ਪਹਾੜੀ ਇਲਾਕਿਆਂ ਵਿਚ ਪੈ ਰਹੀ ਬਰਫ਼ਬਾਰੀ ਕਾਰਨ ਮੈਦਾਨੀ ਇਲਾਕਿਆਂ 'ਚ ਠੰਢ ਜ਼ਿਆਦਾ ਵੱਧ ਰਹੀ ਹੈ।

ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਰਾਜਸਥਾਨ 'ਚ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਹੈ ਅਤੇ ਲੋਕਾਂ ਨੂੰ ਸਾਵਧਾਨੀ ਨਾਲ ਡਰਾਈਵਿੰਗ ਕਰਨ ਦੀ ਸਲਾਹ ਦਿੱਤੀ ਹੈ। ਦੂਜੇ ਪਾਸੇ ਐਤਵਾਰ ਨੂੰ ਉੱਤਰੀ ਭਾਰਤ ਦੇ ਕਈ ਸੂਬਿਆਂ 'ਚ ਭਾਰੀ ਮੀਂਹ ਤੋਂ ਬਾਅਦ ਮੌਸਮ ਵਿਭਾਗ ਨੇ ਕਿਹਾ ਕਿ ਦਿੱਲੀ-ਐਨਸੀਆਰ 'ਚ ਪਾਰਾ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਨਵੀਂ ਦਿੱਲੀ 'ਚ ਘੱਟੋ-ਘੱਟ ਤਾਪਮਾਨ 10.2 ਡਿਗਰੀ ਸੈਲਸੀਅਸ ਦਰਜ ਕੀਤਾ ਸੀ ਤੇ ਅੱਜ ਵੀ ਤਾਪਮਾਨ ਇਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ।

ਭਾਰਤੀ ਮੌਸਮ ਵਿਭਾਗ ਦੇ ਪ੍ਰਤੀਨਿਧੀ ਨਰੇਸ਼ ਨੇ ਗੱਲਬਾਤ ਕਰਦਿਆਂ ਕਿਹਾ, "ਪਹਾੜੀ ਖੇਤਰਾਂ 'ਚ ਲਗਾਤਾਰ ਬਰਫ਼ਬਾਰੀ ਦਾ ਅਸਰ ਮੈਦਾਨੀ ਇਲਾਕਿਆਂ 'ਚ ਦੇਖਣ ਨੂੰ ਮਿਲੇਗਾ, ਜਿਸ ਕਾਰਨ ਆਉਣ ਵਾਲੇ ਦਿਨਾਂ 'ਚ ਤਾਪਮਾਨ 'ਚ ਗਿਰਾਵਟ ਆ ਸਕਦੀ ਹੈ।" ਦਿੱਲੀ ਤੇ ਐਨਸੀਆਰ ਸਮੇਤ ਆਉਣ ਵਾਲੇ ਦਿਨਾਂ 'ਚ ਤਾਪਮਾਨ 'ਚ 2 ਤੋਂ 3 ਡਿਗਰੀ ਦੀ ਗਿਰਾਵਟ ਆ ਸਕਦੀ ਹੈ, ਜਿਸ ਕਾਰਨ ਠੰਢ ਵਧਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਬਟਾਲਾ ਰੇਲ ਟਰੈਕ ਕੀਤਾ ਖਾਲੀ, ਪਰ ਦਿੱਤੀ ਇਹ ਵੱਡੀ ਚਿਤਾਵਨੀ

ਦੂਜੇ ਪਾਸੇ ਰਾਜਸਥਾਨ ਦੇ ਰਾਜਸਮੰਦ 'ਚ ਗੜੇਮਾਰੀ ਕਾਰਨ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਸਥਾਨਕ ਕਿਸਾਨਾਂ ਨੇ ਦੱਸਿਆ ਕਿ 2 ਦਿਨਾਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਅਤੇ ਗੜੇ ਵੀ ਕਾਫੀ ਡਿੱਗੇ ਹਨ। ਜਿਸ ਕਾਰਨ ਜਿੱਥੇ ਫ਼ਸਲ ਤਬਾਹ ਹੋ ਗਈ ਹੈ, ਉੱਥੇ ਹੀ ਨੁਕਸਾਨ ਵੀ ਭਾਰੀ ਹੋ ਗਿਆ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕਰਦੇ ਹੋਏ ਮਦਦ ਦੀ ਵੀ ਮੰਗ ਕੀਤੀ ਹੈ।


ਕਸ਼ਮੀਰ ਖੇਤਰ ਵਿੱਚ ਤਾਜ਼ਾ ਬਰਫ਼ਬਾਰੀ ਹੋਈ ਹੈ। ਬਰਫ਼ਬਾਰੀ ਕਾਰਨ ਇਲਾਕੇ ਵਿੱਚ ਆਵਾਜਾਈ ਵਿੱਚ ਵਿਘਨ ਪਿਆ ਹੈ। ਕਸ਼ਮੀਰ ਨੂੰ ਬਾਕੀ ਭਾਰਤ ਨਾਲ ਜੋੜਨ ਵਾਲਾ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਭਾਰੀ ਬਰਫਬਾਰੀ ਕਾਰਨ ਬੰਦ ਹੋ ਗਿਆ ਹੈ। ਸ਼੍ਰੀਨਗਰ-ਲੇਹ ਹਾਈਵੇਅ ਅਤੇ ਸ੍ਰੀਨਗਰ ਨੂੰ ਕਸ਼ਮੀਰ ਦੇ ਦੂਰ-ਦੁਰਾਡੇ ਇਲਾਕਿਆਂ ਨਾਲ ਜੋੜਨ ਵਾਲੀਆਂ ਹੋਰ ਪ੍ਰਮੁੱਖ ਸੜਕਾਂ ਵੀ ਬੰਦ ਕਰ ਦਿੱਤੀਆਂ ਗਈਆਂ।


Related Post