SAD Meeting: ਸਮੁੱਚੇ ਐੱਸਸੀ ਵਿੰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿੱਚ ਭਰੋਸਾ ਪ੍ਰਗਟਾਇਆ

ਅਕਾਲੀ ਦਲ ਦੀ ਮੀਟਿੰਗ ਵਿੱਚ ਸਮੁੱਚੇ ਐੱਸਸੀ ਵਿੰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿੱਚ ਭਰੋਸਾ ਪ੍ਰਗਟਾਇਆ ਹੈ।

By  Dhalwinder Sandhu July 1st 2024 08:10 PM

Akali Dal Meeting: ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਐਸ ਸੀ ਵਿੰਗ ਨੇ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿਚ ਭਰੋਸਾ ਪ੍ਰਗਟਾਇਆ ਤੇ ਵਿੰਗ ਦੇ ਆਗੂਆਂ ਨੇ ਐਲਾਨ ਕੀਤਾ ਕਿ ਵਿੰਗ ਦਾ ਇੱਕ ਵੀ ਆਗੂ ਜਾਂ ਵਰਕਰ ਬਾਗੀਆਂ ਦੇ ਨਾਲ ਨਹੀਂ ਹੈ, ਸਮੁੱਚਾ ਵਿੰਗ ਸੁਖਬੀਰ ਸਿੰਘ ਬਾਦਲ ਦੇ ਨਾਲ ਹੈ।

ਅੱਜ ਸ਼ਾਮ ਐਸ ਸੀ ਵਿੰਗ ਦੀ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ, ਸਾਬਕਾ ਮੰਤਰੀ ਸੋਹਣ ਸਿੰਘ ਠੰਢਲ ਅਤੇ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਕਿਹਾ ਕਿ ਐਸ ਸੀ ਵਿੰਗ ਦੇ ਸਮੁੱਚੇ ਅਹੁਦੇਦਾਰਾਂ ਤੇ ਵਰਕਰਾਂ ਨੇ ਅੱਜ ਦੀ ਮੀਟਿੰਗ ਵਿਚ ਸ਼ਮੂਲੀਅਤ ਕੀਤੀ ਤੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿੱਚ ਪੂਰਨ ਭਰੋਸਾ ਪ੍ਰਗਟ ਕੀਤਾ।

ਉਹਨਾਂ ਕਿਹਾ ਕਿ ਜੋ ਵੀ ਰਾਜ ਵਿੱਚ ਐਸ ਸੀ ਵਰਗ ਵਾਸਤੇ ਸਰਕਾਰੀ ਸਕੀਮਾਂ ਹਨ, ਉਹ ਸਾਰੀਆਂ ਬਾਦਲ ਸਰਕਾਰ ਵੇਲੇ ਬਣਾਈਆਂ ਤੇ ਲਾਗੂ ਕੀਤੀਆਂ ਗਈਆਂ ਭਾਵੇਂ ਉਹ 200 ਯੂਨਿਟ ਮੁਫਤ ਬਿਜਲੀ ਹੋਵੇ, ਐਸ ਸੀ ਵਿਦਿਆਰਥੀਆਂ ਵਾਸਤੇ ਸਕਾਲਰਸ਼ਿਪ ਹੋਵੇ, ਸ਼ਗਨ ਸਕੀਮ ਹੋਵੇ, ਆਟਾ ਦਾਲ ਸਕੀਮ ਹੋਵੇ ਜਾਂ ਫਿਰ ਹੋਰ ਸਕੀਮਾਂ ਹੋਣ ਸਾਰੀਆਂ ਹੀ ਅਕਾਲੀ ਸਰਕਾਰਾਂ ਨੇ ਲਾਗੂ ਕੀਤੀਆਂ।

ਉਹਨਾਂ ਕਿਹਾ ਕਿ ਸਮੁੱਚਾ ਐਸ ਸੀ ਵਿੰਗ ਪਾਰਟੀ ਦੇ ਨਾਲ ਹੈ ਤੇ ਕੋਈ ਵੀ ਬਾਗੀ ਆਗੂਆਂ ਨਾਲ ਨਹੀਂ ਹੈ। ਉਹਨਾਂ ਕਿਹਾ ਕਿ ਐਸ ਸੀ ਵਿੰਗ ਸੁਖਬੀਰ ਸਿੰਘ ਬਾਦਲ ਦੇ ਨਾਲ ਡੱਟ ਕੇ ਖੜ੍ਹਾ ਹੈ ਅਤੇ ਸਿਰਫ ਉਹ ਹੀ ਇਸ 120 ਸਾਲ ਪੁਰਾਣੀ ਪਾਰਟੀ ਦੀ ਅਗਵਾਈ ਕਰਨ ਲਈ ਸਭ ਤੋਂ ਯੋਗ ਆਗੂ ਹਨ ਜੋ ਗਰੀਬਾਂ, ਦਬੇ ਕੁਚਲਿਆਂ, ਕਿਸਾਨਾਂ, ਮਜ਼ਦੂਰਾਂ ਤੇ ਸਮਾਜ ਦੇ ਹੋਰ ਵਰਗਾਂ ਦੇ ਹਿੱਤਾਂ ਦੀ ਰਾਖੀ ਕਰਦੀ ਹੈ।

ਇਸ ਮੌਕੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਬਾਗੀ ਆਗੂਆਂ ਨੇ ਕਿਹਾ ਸੀ ਕਿ ਉਹ ਆਪਣੇ ਗੁਨਾਹਾਂ ਦੀ ਮੁਆਫੀ ਮੰਗਣ ਵਾਸਤੇ ਸਵੇਰੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋਣਗੇ, ਪਰ ਉਥੇ ਪੇਸ਼ ਹੋਣ ਤੋਂ ਪਹਿਲਾਂ ਹੀ ਇਹ ਆਗੂ ਖਡੂਰ ਸਾਹਿਬ ਦੇ ਨਵੇਂ ਚੁਣੇ ਐਮ ਪੀ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚ ਗਏ ਤੇ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਹਨਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਇਹਨਾਂ ਲਈ ਰਾਜਨੀਤੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਉਪਰ ਹੈ।

ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਣ ’ਤੇ ਇਹਨਾਂ ਆਗੂਆਂ ਨੇ ਚਾਰ ਨੁਕਾਤੀ ਚਿੱਠੀ ਦੇ ਦਿੱਤੀ ਪਰ ਆਪਣੇ ਗੁਨਾਹਾਂ ਲਈ ਕੋਈ ਮੁਆਫੀ ਨਹੀਂ ਮੰਗੀ । ਉਹਨਾਂ ਕਿਹਾ ਕਿ ਇਹਨਾਂ ਵਿਚੋਂ ਬਹੁਤ ਆਗੂ ਉਮਰ ਦੇ ਸਤਰਵਿਆਂ ਤੇ ਸਠਵਿਆਂ ਵਿਚ ਹਨ ਪਰ ਇਹਨਾਂ ਨੇ ਸਾਰੀ ਉਮਰ ਵਿਚ ਇਕ ਵੀ ਹੋਈ ਗਲਤੀ ਦੀ ਮੁਆਫੀ ਨਹੀਂ ਮੰਗੀ।

ਉਹਨਾਂ ਕਿਹਾ ਕਿ ਅਕਾਲੀ ਦਲ ਵਰਕਿੰਗ ਕਮੇਟੀ ਨੇ ਵੀ ਇਹਨਾਂ ਆਗੂਆਂ ਨੂੰ ਆਖਿਆ ਸੀ ਕਿ ਮੀਡੀਆ ਵਿਚ ਜਾਣ ਦੀ ਥਾਂ ਇਹ ਪਹਿਲਾਂ ਪਾਰਟੀ ਫੋਰਮ ’ਤੇ ਆ ਕੇ ਹਰ ਮਸਲੇ ’ਤੇ ਚਰਚਾ ਕਰਨ। ਉਹਨਾਂ ਕਿਹਾ ਕਿ ਅਸੀਂ ਹਮੇਸ਼ਾ ਹਰ ਮੁੱਦਾ ਪਾਰਟੀ ਫੋਰਮ ’ਤੇ ਵਿਚਾਰਨ ਵਾਸਤੇ ਤਿਆਰ ਹਾਂ ਬਜਾਏ ਕਿ ਮੀਡੀਆ ਵਿਚ ਗੱਲਾਂ ਕਰਨ ਦੇ। ਉਹਨਾਂ ਕਿਹਾ ਕਿ ਇਹਨਾਂ ਆਗੂਆਂ ਕੋਲ ਆਪਣੇ ਆਪ ਨੂੰ ਅਸਲ ਆਗੂ ਦੱਸਣ ਤੋਂ ਇਲਾਵਾ ਹੋਰ ਕੋਈ ਮੁੱਦਾ ਨਹੀਂ ਹੈ ਜਦੋਂ ਕਿ ਇਹ ਹਰ ਕੋਈ ਜਾਣਦਾ ਹੈ ਕਿ ਇਹ ਸੁਖਬੀਰ ਸਿੰਘ ਬਾਦਲ ਹਨ ਜਿਹਨਾਂ ਦੇ ਨਾਲ ਪਾਰਟੀ ਡੱਟ ਕੇ ਖੜ੍ਹੀ ਹੈ।

ਇਹ ਵੀ ਪੜ੍ਹੋ: Video: ਪਾਕਿਸਤਾਨੀ ਸੰਸਦ 'ਚ ਬਣਿਆ ਰੋਮਾਂਟਿਕ ਮਾਹੌਲ, ਮਹਿਲਾ ਸੰਸਦ ਮੈਂਬਰ ਦੀ ਗੱਲ ਸੁਣ ਕੇ ਸ਼ਰਮਿੰਦਾ ਹੋਏ ਸਪੀਕਰ

ਇਹ ਵੀ ਪੜ੍ਹੋ: T20 World Cup ਜਿੱਤਣ ਤੋਂ ਬਾਅਦ ਟੀਮ ਇੰਡੀਆ 'ਤੇ ਆਈ ਵੱਡੀ ਮੁਸੀਬਤ, ਬਾਰਬਾਡੋਸ 'ਚ ਵੀ ਪਾਣੀ ਤੇ ਬਿਜਲੀ ਗੁੱਲ, ਸਾਰੀਆਂ ਉਡਾਣਾਂ ਰੱਦ

Related Post