ਪੰਜਾਬ ਸਰਕਾਰ ਦੀ ਗੁਹਾਰ ਅੱਗੇ ਨਰਮ ਪਿਆ ਐੱਸ.ਸੀ. ਭਾਈਚਾਰਾ; 'ਪੰਜਾਬ ਬੰਦ' ਦਾ ਸੱਦਾ ਲਿਆ ਵਾਪਿਸ

By  Jasmeet Singh June 12th 2023 09:51 AM -- Updated: June 12th 2023 09:59 AM

ਮੁਹਾਲੀ: ਅਨੁਸੂਚਿਤ ਜਾਤੀ ਜਥੇਬੰਦੀਆਂ ਵੱਲੋਂ ਅੱਜ (12 ਜੂਨ) ਨੂੰ 'ਪੰਜਾਬ ਬੰਦ' ਦਾ ਸੱਦਾ ਦਿੱਤਾ ਗਿਆ ਸੀ, ਜੋ ਉਨ੍ਹਾਂ ਨੇ ਵਾਪਸ ਲੈ ਲਿਆ ਗਿਆ ਹੈ। ਦੱਸਣਯੋਗ ਹੈ ਕਿ ਜਥੇਬੰਦੀ ਦੇ ਆਗੂਆਂ ਦੀ ਕੱਲ੍ਹ ਕੈਬਨਿਟ ਮੰਤਰੀ ਹਰਪਾਲ ਚੀਮਾ ਨਾਲ ਮੀਟਿੰਗ ਹੋਈ ਸੀ। ਜਿਸ ਮਗਰੋਂ ਜਥੇਬੰਦੀ ਦੇ ਆਗੂਆਂ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ 'ਪੰਜਾਬ ਬੰਦ' ਦਾ ਸੱਦਾ ਫਿਲਹਾਲ ਲਈ ਟਾਲ ਦਿੱਤਾ ਗਿਆ ਹੈ। 

ਰਿਜ਼ਰਵੇਸ਼ਨ ਚੋਰ ਫੜੋ ਪੱਕ‍ਾ ਮੋਰਚਾ ਕੀ ਹੈ ?



ਮੁਹਾਲੀ 'ਚ ਐੱਸ.ਸੀ. ਭਾਈਚਾਰੇ ਵੱਲੋਂ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਲਾਇਆ ਗਿਆ ਹੈ। ਮੋਰਚੇ ਦੀ ਮੁਖ ਮੰਗ ਇਹ ਹੈ ਕਿ ਜਿਹੜੇ ਲੋਕਾਂ ਨੇ ਜਾਅਲੀ ਐੱਸ.ਸੀ. ਸਰਟੀਫਿਕੇਟ ਬਣਾ ਨੌਕਰੀਆਂ ਹਾਸਲ ਕੀਤੀਆਂ ਨੇ, ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇੱਕ ਮਿਸਾਲ ਕਾਇਮ ਹੋਵੇ  ਤਾਂ ਜੋ ਅੱਗੇ ਤੋਂ ਕੋਈ ਵੀ ਇਹ ਅਪਰਾਧ ਨਾ ਕਰੇ। ਇਸ ਦੇ ਨਾਲ ਹੀ ਵਿਰੋਧ ਕਰ ਰਹੀਆਂ ਦਲਿਤ ਜਥੇਬੰਦੀਆਂ ਦੀ ਕੁਝ ਹੋਰ ਮੰਗ ਵੀ ਨੇ, ਜਿਵੇਂ ਕਿ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਲਾਭ ਨਾ ਮਿਲਣਾ, ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਐੱਸ.ਸੀ. ਕੋਟੇ ਸਬੰਧੀ ਲਾਭਾਂ ਦ ਫਾਇਦਾ ਚੁੱਕਣਾ ਆਦਿ। 

ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ....



ਵਿੱਤ ਮੰਤਰੀ ਹਰਪਾਲ ਚੀਮਾ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੋਰਚੇ ਦੇ ਆਗੂਆਂ ਦੀਆਂ ਮੰਗਾਂ ’ਤੇ ਗੌਰ ਕਰਦਿਆਂ ਅਫ਼ਸਰਾਂ ਨਾਲ ਮੰਗਾਂ ਸਬੰਧੀ ਮੀਟਿੰਗ ਕੀਤੀ ਅਤੇ ਪੁਖ਼ਤਾ ਹਲ੍ਹ ਕੱਢਣ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ CM ਮਾਨ ਨੇ ਇਸ ਮਾਮਲੇ 'ਚ ਮੇਰੀ ਡਿਊਟੀ ਲਾਈ ਹੈ। ਚੀਮਾ ਨੇ ਕਿਹਾ ਕਿ ਜਥੇਬੰਦੀਆਂ ਨਾਲ ਮੀਟਿੰਗ ਦੌਰਾਨ ਮੈਂ ਉਨ੍ਹਾਂ ਨੂੰ CM ਮਾਨ ਦਾ ਸੁਨੇਹਾ ਦਿੱਤਾ ਹੈ ਅਤੇ ਮੰਗਲਵਾਰ ਨੂੰ ਵਿਸਥਾਰ ਸਹਿਤ ਸਬ-ਕਮੇਟੀ ਨਾਲ ਮੀਟਿੰਗ ਹੋਵੇਗੀ। ਇਸ ਦੌਰਾਨ ਅਨੁਸੂਚਿਤ ਜਾਤੀਆਂ ਦੇ ਜਾਅਲੀ ਸਰਟੀਫਿਕੇਟ ਬਣਾਉਣ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕੀ ਕਾਰਵਾਈ ਕੀਤੀ ਜਾਵੇ, ਉਸ ਬਾਬਤ ਵਿਚਾਰ ਚਰਚਾ ਹੋਵੇਗੀ।

ਜਥੇਬੰਦੀ ਨੇ ਕੀ ਕਿਹਾ.....



ਵਿੱਤ ਮੰਤਰੀ ਹਰਪਾਲ ਚੀਮਾ ਅਤੇ ਭਾਈਚਾਰੇ ਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਮੀਟਿੰਗ ਮਗਰੋਂ ਫੈਸਲਾ ਲਿਆ ਕਿ ਅੱਜ ਦਾ 'ਪੰਜਾਬ ਬੰਦ' ਦਾ ਸੱਦਾ ਵਾਪਸ ਲੈ ਲਿਆ ਜਾਵੇ। ਕਾਬਲੇਗੌਰ ਹੈ ਕਿ ਮੁਹਾਲੀ ’ਚ ਇਸ ਮਾਮਲੇ ਨੂੰ ਲੈਕੇ ਜੋ ਪੱਕਾ ਮੋਰਚਾ ਲੱਗਿਆ ਹੋਇਆ ਹੈ, ਉਸਦੇ ਸੀਨੀਅਰ ਆਗੂ ਹਰਨੇਕ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਸਾਡੀਆਂ ਸਮੱਸਿਆਵਾਂ ਸਬੰਧੀ ਵਿਚਾਰ-ਵਟਾਂਦਰਾ ਹੋਇਆ ਅਤੇ ਉਨ੍ਹਾਂ ਸਾਨੂੰ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਇਸ ਸਬੰਧੀ ਮੁੱਖ ਮੰਤਰੀ ਮਾਨ ਨਾਲ ਵੀ ਸਾਡੀ ਮੀਟਿੰਗ ਹੋਵੇਗੀ। ਜਿਸ ਮਗਰੋਂ ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ 12 ਜੂਨ ਦਾ 'ਪੰਜਾਬ ਬੰਦ' ਦਾ ਸੱਦਾ ਵਾਪਸ ਲੈ ਲਿਆ ਗਿਆ ਹੈ। 

ਇਸ ਮਾਮਲੇ 'ਚ ਗਾਇਕ ਅੰਮ੍ਰਿਤ ਮਾਨ ਦੇ ਪਿਤਾ 'ਤੇ ਵੀ ਲੱਗੇ ਇਲਜ਼ਾਮ 



ਪਿਛਲੇ ਹਫ਼ਤੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਪਿਤਾ ਵੱਲੋਂ ਜਾਅਲੀ ਐੱਸ.ਸੀ. ਸਰਟੀਫਿਕੇਟ ਪੇਸ਼ ਕਰ ਪੰਜਾਬ ਦੇ ਸਿੱਖਿਆ ਵਿਭਾਗ 'ਚ 34 ਸਾਲਾਂ ਤੱਕ ਨੌਕਰੀ ਕਰਨ ਦੇ ਇਲਜ਼ਾਮ ਲਗਾਏ ਗਏ ਸਨ। ਜਿਸ ਦਾ ਸਖ਼ਤ ਨੋਟਿਸ ਲੈਂਦਿਆਂ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ। ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਦੇ ਹੁਕਮਾਂ 'ਤੇ ਸਰਕਾਰ ਨੂੰ 15 ਦਿਨਾਂ ਵਿੱਚ ਕਾਰਵਾਈ ਰਿਪੋਰਟ ਪੇਸ਼ ਕਰਨ ਦੀ ਗੱਲ ਕਹੀ ਗਈ ਹੈ।

ਐੱਸ.ਸੀ. ਕਮਿਸ਼ਨ ਨੂੰ ਇਹ ਜਾਣਕਾਰੀ ਇੱਕ ਯੂ-ਟਿਊਬ ਨਿਊਜ਼ ਚੈਨਲ ਵਲੋਂ ਚਲਾਈ ਖ਼ਬਰ ਤੋਂ ਮਿਲੀ। ਜਿਨ੍ਹਾਂ ਇਹ ਜਾਣਕਾਰੀ ਨਸ਼ਰ ਕੀਤੀ ਕਿ ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਪਿਤਾ ਸਰਬਜੀਤ ਸਿੰਘ ਵੱਲੋਂ ਜਾਅਲੀ ਐੱਸ.ਸੀ. ਸਰਟੀਫਿਕੇਟ 'ਤੇ ਨੌਕਰੀ ਹਾਸਿਲ ਕੀਤੀ ਗਈ ਸੀ। 

ਇਹ ਵੀ ਪੜ੍ਹੋ: ਆਨੰਦ ਮੈਰਿਜ ਐਕਟ ਚੰਡੀਗੜ੍ਹ 'ਚ ਹੋਇਆ ਲਾਗੂ, ਤਾਂ ਪੰਜਾਬ 'ਚ ਕਿਉਂ ਨਹੀਂ? ਜਾਣੋ ਵਜ੍ਹਾ

Related Post