ਪੰਜਾਬ ਦੀ ਧੀ ਨੇ ਕੈਨੇਡਾ 'ਚ ਰੌਸ਼ਨ ਕੀਤਾ ਮਾਪਿਆਂ ਦਾ ਨਾਮ, ਜੇਲ੍ਹ ਸੁਪਰਡੈਂਟ ਬਣੀ ਸਤਵੀਰ ਕੌਰ

Satvir Kaur became jail superintendent in Canada Police : ਕੁੜੀ ਦੇ ਪਿਤਾ, ਜੋ ਕਿ ਆਪ ਵੀ ਪੁਲਿਸ ਦੇ ਜੇਲ੍ਹ ਵਿਭਾਗ ਵਿਚ ਸੇਵਾਵਾਂ ਨਿਭਾਵਾਂ ਚੁੱਕੇ ਹਨ, ਨੇ ਦੱਸਿਆ ਕਿ ਉਹ 3 ਧੀਆਂ ਅਤੇ ਇੱਕ ਪੁੱਤ ਦਾ ਪਿਤਾ ਹੈ। ਪਰੰਤੂ ਉਸਨੂੰ ਜੋ ਮਾਣ ਉਸਦੀ ਧੀ ਨੇ ਦਿੱਤਾ ਹੈ ਉਸ ਨਾਲ ਉਨ੍ਹਾਂ ਦਾ ਸਿਰ ਉਚਾ ਹੋ ਗਿਆ ਹੈ।

By  KRISHAN KUMAR SHARMA August 19th 2024 05:51 PM -- Updated: August 19th 2024 05:53 PM

Canada News : ਸੰਗਰੂਰ ਨੇੜਲੇ ਪਿੰਡ ਬਡਰੁੱਖਾਂ ਦੀ ਦੋਹਤੀ ਸਤਵੀਰ ਕੌਰ ਅਤਰ ਸਿੰਘ ਵਾਲਾ ਨੇ ਕੈਨੇਡਾ ਦੀ ਪੁਲਿਸ ਵਿੱਚ ਬਤੌਰ ਜੇਲ੍ਹ ਸੁਪਰਡੈਂਟ ਭਰਤੀ ਹੋ ਕੇ ਆਪਣੇ ਦਾਦਕਿਆਂ/ਨਾਨਕਿਆਂ ਅਤੇ ਪੰਜਾਬ ਸਮੇਤ ਪੂਰੇ ਭਾਰਤ ਦਾ ਸਿਰ ਮਾਣ ਨਾਲ ਉਚਾ ਕੀਤਾ ਹੈ। ਕੋਈ ਸਮਾਂ ਸੀ ਜਦੋਂ ਲੋਕ ਲੜਕੀ ਦੇ ਜਨਮ ਲੈਣ ਨੂੰ ਬਹੁਤ ਹੀ ਮੰਦਭਾਗਾ ਸਮਝਦੇ ਸਨ। ਪਰੰਤੂ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ ਤਾਂ ਧੀਆਂ ਨੇ ਤਰੱਕੀ ਦੀਆਂ ਅਜਿਹੀਆਂ ਬੁਲੰਦੀਆਂ ਛੂੰਹੀਆਂ ਕਿ ਅੱਜ ਹਰ ਕੋਈ ਇਕ ਕਾਮਯਾਬ ਧੀ ਦਾ ਬਾਪ ਹੋਣਾ ਆਪਣੇ-ਆਪ ਨੂੰ ਕਿਸਮਤ ਵਾਲਾ ਮੰਨਦਾ ਹੈ।

ਅਜਿਹੀ ਹੀ ਕਹਾਣੀ ਹੈ ਨੇੜਲੇ ਪਿੰਡ ਬਡਰੁੱਖਾਂ ਦੀ ਜਿੱਥੋਂ ਦੀ ਦੋਹਤੀ ਸਤਵੀਰ ਕੌਰ, ਜੋ ਕਿ 2018 ਵਿਚ ਕੈਨੇਡਾ ਗਈ ਸੀ ਅਤੇ ਪੜ੍ਹਾਈ ਉਪਰੰਤ ਉਸਨੂੰ ਸਰਕਾਰੀ ਬੱਸ ਡਰਾਈਵਰ ਦੀ ਨੌਕਰੀ ਮਿਲ ਗਈ। ਲੜਕੀ ਦੇ ਮਾਮੇ ਨੇ ਦੱਸਿਆ ਕਿ ਜਦੋਂ ਸਾਡੀ ਭਾਣਜੀ ਸਾਨੂੰ ਵੀਡੀਓ ਭੇਜਦੀ ਤਾਂ ਅਸੀਂ ਉਸਨੂੰ ਬੱਸ ਚਲਾਉਂਦੀ ਦੇਖ ਕੇ ਹੈਰਾਨ ਹੋ ਜਾਂਦੇ ਸੀ ਕਿ ਏਨੀ ਵੱਡੀ ਬੱਸ ਸਾਡੀ ਧੀ ਕਿਵੇਂ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਸਤਵੀਰ ਕੌਰ ਪੜ੍ਹਾਈ ਵਿਚ ਬਹੁਤ ਹੀ ਮਿਹਨਤੀ ਅਤੇ ਹੋਣਹਾਰ ਸੀ। ਉਸਨੇ ਡਾਕਟਰੀ ਦੀ ਪੜ੍ਹਾਈ ਵੀ ਕੀਤੀ ਸੀ।

ਕੁੜੀ ਦੇ ਪਿਤਾ, ਜੋ ਕਿ ਆਪ ਵੀ ਪੁਲਿਸ ਦੇ ਜੇਲ੍ਹ ਵਿਭਾਗ ਵਿਚ ਸੇਵਾਵਾਂ ਨਿਭਾਵਾਂ ਚੁੱਕੇ ਹਨ, ਨੇ ਦੱਸਿਆ ਕਿ ਉਹ 3 ਧੀਆਂ ਅਤੇ ਇੱਕ ਪੁੱਤ ਦਾ ਪਿਤਾ ਹੈ। ਪਰੰਤੂ ਉਸਨੂੰ ਜੋ ਮਾਣ ਉਸਦੀ ਧੀ ਨੇ ਦਿੱਤਾ ਹੈ ਉਸ ਨਾਲ ਉਨ੍ਹਾਂ ਦਾ ਸਿਰ ਉਚਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਧੀਆਂ ਦੇ ਪੈਦਾ ਹੋਣ 'ਤੇ ਖੁਸ਼ੀ ਮਹਿਸੂਸ ਕਰਨੀ ਚਾਹੀਦੀ ਹੈ। ਉਹ ਆਪਣੇ-ਆਪ ਨੂੰ ਭਾਗੀਸ਼ਾਲੀ ਸਮਝਦੇ ਹਨ ਕਿ ਉਸਦੀ ਧੀ ਨੇ ਆਪਣੀ ਮਿਹਨਤ ਨਾਲ ਕੈਨੇਡਾ ਪੁਲਿਸ ਵਿੱਚ ਇਹ ਨਾਮਣਾ ਖੱਟਿਆ ਹੈ ਅਤੇ ਪਿੰਡ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।

9 ਸਤੰਬਰ ਨੂੰ ਸੰਭਾਲੇਗੀ ਜੇਲ੍ਹ ਸੁਪਰਡੈਂਟ ਦਾ ਅਹੁਦਾ

ਉਨ੍ਹਾਂ ਦੱਸਿਆ ਕਿ ਪਹਿਲਾਂ ਸਤਵੀਰ ਕੌਰ ਨੂੰ ਪੁਲਿਸ ਦੇ ਜੇਲ੍ਹ ਵਿਭਾਗ ਦੀ ਨੌਕਰੀ ਕੈਨੇਡਾ ਦੇ ਵਿੱਨੀਪੈੱਗ ਦੇ ਸਮੁੰਦਰ ਵਿਚ ਮਿਲ ਗਈ ਸੀ ਪਰੰਤੂ ਉਸਦਾ ਇਹ ਨੌਕਰੀ ਕਰਨ ਲਈ ਦਿਲ ਨਹੀਂ ਮੰਨਿਆ। 3 ਮਹੀਨਿਆਂ ਬਾਅਦ ਫਿਰ ਉਸਨੂੰ ਇਹ ਨੌਕਰੀ ਪ੍ਰਾਪਤ ਹੋਈ ਅਤੇ ਉਸਨੇ ਆਪਣੇ ਮਾਪਿਆਂ ਨਾਲ ਸਲਾਹ ਕਰਕੇ ਇਸ ਨੌਕਰੀ ਨੂੰ ਪ੍ਰਾਪਤ ਕੀਤਾ। ਸਤਵੀਰ ਕੌਰ ਦੇ ਪਿਤਾ ਨੇ ਦੱਸਿਆ ਕਿ ਉਸਦੀ ਲੜਕੀ ਹੁਣ ਬਰੈਂਪਟਨ ਵਿਚ ਜੇਲ੍ਹ ਸੁਪਰਡੈਂਟ ਲਈ ਚੁਣੀ ਗਈ ਹੈ ਅਤੇ 9 ਸਤੰਬਰ ਨੂੰ ਉਹ ਆਪਣਾ ਅਹੁਦਾ ਸੰਭਾਲਣ ਜਾ ਰਹੀ ਹੈ।

Related Post