ਸਰਹਾਲੀ ਪੁਲਿਸ ਸਟੇਸ਼ਨ ਹਮਲਾ ; ਪੁਲਿਸ ਜਲਦ ਕਰ ਸਕਦੀ ਵੱਡਾ ਖ਼ੁਲਾਸਾ

ਚੰਡੀਗੜ੍ਹ : ਤਰਨਤਾਰਨ ਦੇ ਸਰਹਾਲੀ ਪੁਲਿਸ ਸਟੇਸ਼ਨ ਉਪਰ ਹੋਏ ਹਮਲੇ ਮਗਰੋਂ ਪੁਲਿਸ ਅਤੇ ਸਰਕਾਰ ਦੀ ਕਾਰਗੁਜ਼ਾਰੀ ਉਤੇ ਸਵਾਲੀਆਂ ਖੜ੍ਹੇ ਹੋਣ ਲੱਗੇ ਹਨ। ਪੁਲਿਸ ਨੇ ਮੁਸਤੈਦੀ ਵਰਤਦੇ ਹੋਏ ਸਰਹਾਲੀ ਪੁਲਿਸ ਸਟੇਸ਼ਨ ਉਤੇ ਹਮਲੇ ਦੇ ਮੁਲਜ਼ਮਾਂ ਨੂੰ ਫੜਨ ਲਈ ਜਾਂਚ ਵਿਚ ਤੇਜ਼ੀ ਲਿਆਂਦੀ ਹੈ।
ਪੰਜਾਬ ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਪੰਜਾਬ ਪੁਲਿਸ ਨੇ ਹਰਿਆਣਾ, ਰਾਜਸਥਾਨ ਅਤੇ ਹੋਰ ਕਈ ਥਾਵਾਂ 'ਤੇ ਵੱਖ-ਵੱਖ ਟੀਮਾਂ ਭੇਜੀਆਂ ਹਨ। ਸੂਤਰਾਂ ਦੀ ਮੰਨੀਏ ਤਾਂ ਪੰਜਾਬ ਪੁਲਿਸ ਤੇ ਐਨਆਈਏ ਦੀ ਜਾਂਚ 'ਚ ਹੁਣ ਤੱਕ ਪੁਲਿਸ ਸਟੇਸ਼ਨ ਤੋਂ ਕੁਝ ਦੂਰੀ 'ਤੇ ਬਣੇ ਢਾਬੇ ਉਪਰ 5 ਤੋਂ 6 ਸ਼ੱਕੀ ਵਿਅਕਤੀਆਂ ਦੇ ਸੀਸੀਟੀਵੀ ਫੁਟੇਜ ਸਾਹਮਣੇ ਆਈ, ਜਿਨ੍ਹਾਂ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਇਹ ਸ਼ੱਕੀ ਲੋਕ ਢਾਬੇ 'ਤੇ ਰੁਕੇ ਸਨ, ਜੋ ਬਾਈਕ ਤੇ ਕਾਰ 'ਚ ਘੁੰਮ ਰਹੇ ਸਨ।
ਉਨ੍ਹਾਂ ਨੇ ਢਾਬਾ ਮਾਲਕ ਤੋਂ ਖਾਣਾ ਵੀ ਮੰਗਿਆ ਸੀ ਪਰ ਕਿਸੇ ਕਾਰਨ ਢਾਬਾ ਮਾਲਕ ਨੇ ਉਸ ਨੂੰ ਖਾਣਾ ਦੇਣ ਤੋਂ ਇਨਕਾਰ ਕਰ ਦਿੱਤਾ। ਢਾਬਾ ਮਾਲਕ ਅਨੁਸਾਰ ਇਨ੍ਹਾਂ ਵਿੱਚ ਇਕ ਪਗੜੀਧਾਰੀ ਤੇ ਇੱਕ ਅੰਗਹੀਣ ਵੀ ਸ਼ਾਮਲ ਸੀ। ਚਾਰੇ ਸ਼ੱਕੀ ਹਿੰਦੀ ਵਿੱਚ ਗੱਲ ਕਰ ਰਹੇ ਸਨ। ਇਨ੍ਹਾਂ ਦੀਆਂ ਤਸਵੀਰਾਂ ਢਾਬੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ। ਪੁਲਿਸ ਦੀਆਂ ਟੀਮਾਂ ਹਮਲਾਵਰਾਂ ਦੀ ਭਾਲ ਵਿੱਚ ਹਰਿਆਣਾ-ਰਾਜਸਥਾਨ ਅਤੇ ਦਿੱਲੀ ਲਈ ਰਵਾਨਾ ਹੋ ਗਈਆਂ ਹਨ। ਪੁਲਿਸ ਜਲਦ ਹੀ ਵੱਡਾ ਖ਼ੁਲਾਸਾ ਸਕਦੀ ਹੈ।
ਇਹ ਵੀ ਪੜ੍ਹੋ : ਗਾਣੇ ਲਗਾਉਣ ਨੂੰ ਲੈ ਕੇ ਹੋਈ ਬਹਿਸ ਪਿੱਛੋਂ ਚੱਲੀ ਗੋਲ਼ੀ 'ਚ ਫਾਇਨਾਂਸ ਕੰਪਨੀ ਦਾ ਮਾਲਕ ਜ਼ਖ਼ਮੀ
ਪੁਲਿਸ ਮੁਤਾਬਕ ਹੁਣ ਤੱਕ 10 ਤੋਂ 12 ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਅੱਤਵਾਦੀਆਂ ਤੇ ਗੈਂਗਸਟਰਾਂ ਦੇ ਸਬੰਧ ਸਾਹਮਣੇ ਆਉਣ ਤੋਂ ਬਾਅਦ ਜੇਲ੍ਹਾਂ 'ਚ ਬੰਦ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਾਰੰਟਾਂ 'ਤੇ ਲਿਆ ਕੇ ਪੁੱਛਗਿੱਛ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪੁਲਿਸ ਸੂਤਰਾਂ ਅਨੁਸਾਰ ਪੁਲਿਸ ਨੂੰ ਅਜਿਹੇ ਕਈ ਸੁਰਾਗ ਮਿਲੇ ਹਨ, ਜਿਨ੍ਹਾਂ 'ਤੇ ਜਾਂਚ ਕੀਤੀ ਜਾ ਰਹੀ ਹੈ।