ਇੱਕ ਮਹਾਨ ਜਰਨੈਲ ਅਤੇ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ
Sardar Jassa Singh Ahluwalia: ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸਿੱਖ ਕੌਮ ਦੇ ਮਹਾਨ ਵਿਰਸੇ ਦਾ ਮਹੱਤਵਪੂਰਨ ਅੰਗ ਅਤੇ ਸਿੱਖ ਇਤਿਹਾਸ ਦਾ ਇੱਕ ਉਹ ਚਮਕਦਾ ਸਿਤਾਰਾ ਹਨ, ਜਿਸ ਦੀ ਰੋਸ਼ਨੀ ਹਮੇਸ਼ਾ-ਹਮੇਸ਼ਾ ਹੀ ਸਾਡੀ ਜਵਾਨੀ ਨੂੰ ਉਤਸ਼ਾਹਿਤ ਅਤੇ ਅਗਵਾਈ ਕਰਦੀ ਰਹੇਗੀ।
Sardar Jassa Singh Ahluwalia: ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਿੱਥੇ ਇੱਕ ਮਹਾਨ ਯੋਧਾ ਸਨ, ਉੱਥੇ ਗੁਰਬਾਣੀ ਦੇ ਰਸੀਆ ਵੀ ਸਨ। ਇਸ ਤਰ੍ਹਾਂ ਧਰਮ ਤੇ ਰਾਜਨੀਤੀ ਵਿੱਚ ਨਿਪੁੰਨ ਤੇ ਜਜ਼ਬੇ ਨਾਲ ਸਰਸ਼ਾਰ ਖਾਲਸੇ ਦਾ ਆਦਰਸ਼ਕ ਰੂਪ ਸਨ। ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿੱਚ ਰਹਿ ਕੇ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਕਰਵਾਇਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਹਿਲੀ ਮੰਜ਼ਿਲ ਵੀ ਬਣਵਾਈ। ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਮੁੜ ਬਹਾਲ ਕੀਤੀ ਅਤੇ ਪ੍ਰਬੰਧ ਵਿੱਚ ਸੁਧਾਰ ਵੀ ਕੀਤਾ। ਉਨ੍ਹਾਂ ਨੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਆਪ ਕੀਰਤਨ ਕੀਤਾ।
ਸਰਦਾਰ ਜੱਸਾ ਸਿੰਘ ਆਹਲੂਵਾਲੀਆ ਇੱਕ ਮਹਾਨ ਜਰਨੈਲ ਤੇ ਪੰਥ ਦੀ ਇੱਕ ਮਾਨਯੋਗ ਹਸਤੀ ਸਨ। ਉਹ ਆਹਲੂਵਾਲੀਆ ਮਿਸਲ ਦਾ ਸਰਦਾਰ ਤੇ ਇੱਕ ਵੱਡਾ ਯੋਧਾ ਸੀ। ਮੁੱਢ ਵਿੱਚ ਆਹਲੂਵਾਲੀਆ ਮਿਸਲ ਦਾ ਬਾਨੀ ਸਰਦਾਰ ਬਾਘ ਸਿੰਘ ਸੀ। ਉਹ ਆਹਲੂ ਪਿੰਡ ਦਾ ਸਰਦਾਰ ਸੀ, ਇਸ ਕਰਕੇ ਇਸ ਮਿਸਲ ਦਾ ਨਾਮ ਆਹਲੂਵਾਲੀਆ ਪੈ ਗਿਆ ਸੀ। ਸਰਦਾਰ ਬਾਘ ਸਿੰਘ ਦੇ ਸੰਤਾਨ ਨਾ ਹੋਣ ਕਰਕੇ, ਇਸ ਮਿਸਲ ਦਾ ਮੁਖੀ ਉਸਦਾ ਭਾਣਜਾ ਸਰਦਾਰ ਜੱਸਾ ਸਿੰਘ ਬਣਿਆ। ਸਰਦਾਰ ਜੱਸਾ ਸਿੰਘ ਦਾ ਜਨਮ ਮਾਤਾ ਜੀਵਨ ਕੌਰ ਦੀ ਕੁੱਖੋਂ ਸਰਦਾਰ ਬਦਰ ਸਿੰਘ ਦੇ ਘਰ ਮਈ ਸੰਨ 1718 ਈਸਵੀ ਨੂੰ ਹੋਇਆ। ਸਰਦਾਰ ਜੱਸਾ ਸਿੰਘ ਦੀ ਮਾਤਾ, ਪੁੱਤਰ ਸਮੇਤ ਮਾਤਾ ਸੁੰਦਰੀ ਜੀ ਦੀ ਸੇਵਾ ਵਿੱਚ ਦਿੱਲੀ ਚਲੀ ਗਏ। ਉਥੇ ਉਹ ਮਾਤਾ ਜੀ ਨੂੰ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਵਾਉਣ ਦੀ ਸੇਵਾ ਨਿਭਾਉਂਦੇ ਸਨ। ਬਾਲਕ ਜੱਸਾ ਸਿੰਘ ਉਨ੍ਹਾਂ ਦੇ ਨਾਲ-ਨਾਲ ਸ਼ਬਦ ਕੀਰਤਨ ਕਰਨ ਲੱਗ ਪਏ ਸਨ। ਇਸ ਤਰ੍ਹਾਂ ਸਰਦਾਰ ਜੱਸਾ ਸਿੰਘ ਨੂੰ ਮਾਤਾ ਸੁੰਦਰੀ ਜੀ ਦੀ ਛਤਰ ਛਾਇਆ ਹੇਠ ਰਹਿਣ ਦਾ ਮੌਕਾ, ਉਨ੍ਹਾਂ ਦਾ ਲਾਡ ਪਿਆਰ ਤੇ ਆਸ਼ੀਰਵਾਦ ਪ੍ਰਾਪਤ ਹੋਇਆ।
ਸੰਨ 1729 ਈਸਵੀ ਵਿੱਚ ਸਰਦਾਰ ਬਾਘ ਸਿੰਘ ਦਿੱਲੀ ਚਲੇ ਗਏ। ਉਹ ਮਾਤਾ ਸੁੰਦਰੀ ਜੀ ਤੋਂ ਆਗਿਆ ਲੈ ਕੇ ਆਪਣੀ ਭੈਣ ਤੇ ਭਾਣਜੇ ਨੂੰ ਆਪਣੇ ਨਾਲ ਲੈ ਗਏ। ਦਿੱਲੀ ਤੋਂ ਆ ਕੇ ਬਾਲਕ ਜੱਸਾ ਸਿੰਘ, ਸਰਦਾਰ ਕਪੂਰ ਸਿੰਘ ਦੇ ਜੱਥੇ ਨਾਲ ਰਹਿਣ ਲੱਗ ਪਿਆ। ਉਨ੍ਹਾਂ ਨੇ ਸ਼ਸਤਰ ਵਿੱਦਿਆ ਵਿੱਚ ਪ੍ਰਵੀਨਤਾ ਹਾਸਿਲ ਕੀਤੀ। ਸਰੀਰਕ ਪੱਖੋਂ ਸਰਦਾਰ ਜੱਸਾ ਸਿੰਘ ਉੱਚਾ ਲੰਮਾ ਜਵਾਨ ਹੋ ਗਏ ਸਨ। ਦਿੱਲੀ ਵਿੱਚ ਮਾਤਾ ਸੁੰਦਰੀ ਜੀ ਦੀ ਸੇਵਾ ਵਿੱਚ ਰਹਿਣ ਕਰਕੇ ਬੋਲਚਾਲ ਵੀ ਬੜੀ ਪਿਆਰੀ ਤੇ ਨਿਮਰ ਹੋ ਗਈ ਸੀ। ਨਵਾਬ ਕਪੂਰ ਸਿੰਘ ਨੇ ਉਨ੍ਹਾਂ ਨੂੰ ਆਪਣਾ ਸਹਾਇਕ ਥਾਪ ਦਿੱਤਾ। ਕਈ ਜੰਗਾਂ ਵਿੱਚ ਸਰਦਾਰ ਕਪੂਰ ਸਿੰਘ ਦੇ ਨਾਲ ਰਹਿਣ ਕਰਕੇ ਯੁੱਧ ਵਿੱਦਿਆ ਵਿੱਚ ਨਿਪੁੰਨ ਹੋ ਗਏ ਸਨ ਅਤੇ ਮੈਦਾਨ-ਏ-ਜੰਗ ਵਿੱਚ ਕਰਤਵ ਦਿਖਾਉਣ ਲਈ ਉਨ੍ਹਾਂ ਦਾ ਦਿਲ ਖੁੱਲ ਗਿਆ ਸੀ।
ਸੰਨ 1732 ਈਸਵੀ ਦੇ ਵਿੱਚ ਸਰਦਾਰ ਬਾਘ ਸਿੰਘ ਦੇ ਸ਼ਹੀਦ ਹੋ ਜਾਣ 'ਤੇ ਸਰਦਾਰ ਜੱਸਾ ਸਿੰਘ ਮਿਸਲ ਦੇ ਸਰਦਾਰ ਬਣ ਗਏ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਵਿੱਚ ਪੰਥਕ ਭਾਵਨਾ ਬਹੁਤ ਡੂੰਘੀ ਸੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ 10 ਹਜ਼ਾਰ ਦੇ ਲਗਭਗ ਸਿੰਘ ਮੁਲਤਾਨ ਦੀ ਲੜਾਈ ਵਿੱਚ ਸ਼ਾਮਿਲ ਹੋਏ, ਸਿੰਘਾਂ ਦੀ ਬਹਾਦਰੀ ਸਦਕਾ ਦੀਵਾਨ ਕੌੜਾ ਮੱਲ ਦੀ ਜਿੱਤ ਹੋਈ ਅਤੇ ਮੁਲਤਾਨ ਦਾ ਹਾਕਮ ਸ਼ਾਹ ਨਵਾਜ਼ ਖਾਨ, ਸਰਦਾਰ ਦੀਪ ਸਿੰਘ ਦੇ ਹੱਥੋਂ ਮਾਰਿਆ ਗਿਆ। ਮੀਰ ਮੰਨੂ ਨੇ ਦੀਵਾਨ ਕੌੜਾ ਮੱਲ ਨੂੰ ਮਹਾਰਾਜ ਬਹਾਦਰ ਦਾ ਖਿਤਾਬ ਦਿੱਤਾ ਅਤੇ ਮੁਲਤਾਨ ਠੱਟਾ ਦਾ ਸੂਬੇਦਾਰ ਮੁਕੱਰਰ ਕਰ ਦਿੱਤਾ। ਇਸ ਜਿੱਤ ਦੀ ਖੁਸ਼ੀ ਵਿੱਚ ਦੀਵਾਨ ਕੌੜਾ ਮਲ ਨੇ 11000 ਰੁਪਏ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਲਈ ਭੇਟ ਕੀਤੇ। ਇਸ ਧੰਨ ਦੇ ਨਾਲ ਸਰੋਵਰ ਦੀ ਕਾਰ ਸੇਵਾ ਕਰਵਾਈ ਗਈ ਅਤੇ ਕਈ ਸਾਲਾਂ ਬਾਅਦ ਸਿੰਘਾਂ ਨੇ ਦੀਵਾਲੀ ਦਾ ਤਿਉਹਾਰ ਇੱਥੇ ਮਨਾਇਆ।
ਨਵਾਬ ਸਾਹਿਬ ਵਾਂਗ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਵੀ ਧਰਮ ਅਤੇ ਦ੍ਰਿੜਤਾ ਦੀ ਮੂਰਤ ਸਨ। ਇਨ੍ਹਾਂ ਨੂੰ ਫਾਰਸੀ ਦੀ ਵਿੱਦਿਆ ਪ੍ਰਾਪਤ ਕਰਨ ਦਾ ਮੌਕਾ ਵੀ ਮਿਲਿਆ ਸੀ। ਇਸ ਲਈ ਇਹ ਮਹਾਨ ਵਿਦਵਾਨ ਵੀ ਸਨ ਅਤੇ ਬਲਵਾਨ ਵੀ ਸਨ। ਨਵਾਬ ਕਪੂਰ ਸਿੰਘ ਬੰਦੂਕ ਦੇ ਇੱਕ ਜਖਮ ਦੇ ਵਿਗੜ ਜਾਣ ਕਰਕੇ ਅਕਾਲ ਚਲਾਣਾ ਕਰ ਗਏ। ਉਨ੍ਹਾਂ ਨੇ ਇੱਕ ਦਿਨ ਪਹਿਲਾਂ ਛੇ ਅਕਤੂਬਰ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੁਆਰਾ ਬਖਸ਼ੀ ਫੌਲਾਦੀ ਚੋਬ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਸੌਂਪ ਦਿੱਤੀ ਅਤੇ ਖ਼ਾਲਸੇ ਦੀ ਸੇਵਾ ਕਰਨ ਲਈ ਬਚਨ ਕੀਤਾ।
ਆਉਣ ਵਾਲੇ ਅਗਲੇ ਸਾਲ ਵਿਸਾਖੀ ਦੇ ਮੌਕੇ 10 ਅਪ੍ਰੈਲ ਸੰਨ 1754 ਈਸਵੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਸਰਬੱਤ ਖ਼ਾਲਸਾ ਦਾ ਦੀਵਾਨ ਸਜਾਇਆ ਗਿਆ, ਇਸ ਵਿੱਚ ਸਰਬੱਤ ਸੰਗਤ ਨੇ ਨਵਾਬ ਕਪੂਰ ਸਿੰਘ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਇਸੇ ਸਮੇਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਹਰ ਪੱਖੋਂ ਯੋਗ ਸਮਝ ਕੇ ਖ਼ਾਲਸੇ ਦਾ ਜਥੇਦਾਰ ਥਾਪਿਆ ਗਿਆ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਹਸਤੀ ਪੰਥ ਵਿੱਚ ਇੱਕ ਮੁਖੀ ਦੀ ਸੀ। ਸਰਦਾਰ ਕਪੂਰ ਸਿੰਘ ਦੇ ਸੰਨ 1760 ਈਸਵੀ ਵਿੱਚ ਅਕਾਲ ਚਲਾਣੇ ਤੋਂ ਪਿੱਛੋਂ ਖ਼ਾਲਸਾ ਪੰਥ ਦੀ ਜਥੇਦਾਰੀ ਦੀ ਪੱਗ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਬੰਨ੍ਹਾਈ ਗਈ, ਇਸ ਨਾਲ ਉਨ੍ਹਾਂ 'ਤੇ ਸਾਰੇ ਪੰਥ ਦੀ ਜ਼ਿੰਮੇਵਾਰੀ ਆ ਪਈ ਸੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਇੱਕ ਥਾਂ ਬੈਠ ਕੇ ਨਿਜੀ ਪੱਧਰ ਉੱਤੇ ਰਾਜਭਾਗ ਹੰਢਾਉਣ ਅਤੇ ਐਸ਼ ਕਰਨ ਨਾਲੋਂ ਪੰਥਕ ਹਿੱਤਾਂ ਵੱਲ ਆਪਣਾ ਧਿਆਨ ਵਧੇਰੇ ਦਿੱਤਾ। ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡਾ ਨਿਸ਼ਾਨਾ ਪੰਥ ਨੂੰ ਇੱਕਜੁਟ ਰੱਖਣਾ ਸੀ, ਇਸ ਲਈ ਆਪ ਖਾਲਸਾ ਜਥਿਆਂ ਨੂੰ ਨਾਲ ਲੈ ਕੇ ਜ਼ਾਲਮਾਂ ਦਾ ਟਾਕਰਾ ਤੇ ਵਿਰੋਧੀਆਂ ਦੀ ਸੋਧ ਕਰਦੇ ਸਨ। ਸਰਦਾਰ ਜੱਸਾ ਸਿੰਘ ਆਲੂਵਾਲੀਆ ਸਿੱਖੀ ਸਿਧਾਂਤਾਂ ਦੀ ਪਾਲਣਾ ਕਰਨ ਵਾਲਾ ਸਹੀ ਰੂਪ ਦੇ ਵਿੱਚ ਖ਼ਾਲਸਾ ਸੀ। ਉਹ ਆਪ ਅੰਮ੍ਰਿਤ ਪ੍ਰਚਾਰ ਕਰਕੇ ਸਿੱਖ ਧਰਮ ਦੇ ਵਿਕਾਸ ਵਿੱਚ ਹਮੇਸ਼ਾ ਯਤਨਸ਼ੀਲ ਰਹਿੰਦੇ ਸਨ।
ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸਿੱਖ ਕੌਮ ਦੇ ਮਹਾਨ ਵਿਰਸੇ ਦਾ ਮਹੱਤਵਪੂਰਨ ਅੰਗ ਅਤੇ ਸਿੱਖ ਇਤਿਹਾਸ ਦਾ ਇੱਕ ਉਹ ਚਮਕਦਾ ਸਿਤਾਰਾ ਹਨ, ਜਿਸ ਦੀ ਰੋਸ਼ਨੀ ਹਮੇਸ਼ਾ-ਹਮੇਸ਼ਾ ਹੀ ਸਾਡੀ ਜਵਾਨੀ ਨੂੰ ਉਤਸ਼ਾਹਿਤ ਅਤੇ ਅਗਵਾਈ ਕਰਦੀ ਰਹੇਗੀ। ਖ਼ਾਲਸਾ ਪੰਥ ਨੂੰ ਹਮੇਸ਼ਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਉੱਤੇ ਗੌਰਵ ਤੇ ਮਾਣ ਮਹਿਸੂਸ ਹੁੰਦਾ ਰਹੇਗਾ।
ਲਗਭਗ 60 ਸਾਲ ਪੰਥ ਦੀ ਅਣਥੱਕ ਸੇਵਾ ਕਰਨ ਉਪਰੰਤ ਇਹ ਮਹਾਨ ਜਰਨੈਲ 22 ਅਕਤੂਬਰ ਸਾਨੂੰ 1783 ਈਸਵੀ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਅਕਾਲ ਚਲਾਣਾ ਕਰ ਗਏ। ਸਿੱਖ ਕੌਮ ਉਸਨੂੰ ਆਪਣਾ ਬੇਤਾਜ ਬਾਦਸ਼ਾਹ ਮੰਨਦੀ ਹੈ। ਉਨ੍ਹਾਂ ਨੇ ਅਖੀਰ ਸਮੇਂ ਤੱਕ ਆਪਣੇ ਆਪ ਨੂੰ ਪੰਥ ਦਾ ਸੇਵਕ ਬਣਿਆ ਰਹਿਣ ਵਿੱਚ ਹੀ ਮਾਣ ਮਹਿਸੂਸ ਕੀਤਾ। ਪੰਜਾਬ ਦੀ ਧਰਤੀ ਤੇ ਅੱਧੀ ਸਦੀ ਤੋਂ ਵੱਧ ਉਨ੍ਹਾਂ ਨੇ ਜੰਗਾਂ-ਯੁੱਧਾਂ ਦੇ ਵਿੱਚ ਆਪਣਾ ਜੀਵਨ ਗੁਜ਼ਾਰਿਆ। ਆਪਣੀ ਬਹਾਦਰੀ, ਤਾਕਤ, ਅਕਲਮੰਦੀ ਤੇ ਗੁਰਸਿੱਖੀ ਜੀਵਨ ਨਾਲ ਉਸਨੇ ਮੁਲਤਾਨ ਤੋਂ ਯਮੁਨਾ ਤੱਕ ਸਿੱਖ ਪੰਥ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਨੇ ਭਾਵੇਂ ਬਕਾਇਦਾ ਤੌਰ 'ਤੇ ਆਪਣਾ ਰਾਜ ਕਾਇਮ ਨਹੀਂ ਕੀਤਾ, ਪਰ ਆਪਣੇ ਜੰਗਾਂ-ਯੁੱਧ ਦਾ ਤੇ ਜਿੱਤਾਂ ਨਾਲ ਉਨ੍ਹਾਂ ਨੇ ਸਿੱਖ ਰਾਜ ਦੀਆਂ ਹੱਦਾਂ ਕਾਇਮ ਕਰ ਦਿੱਤੀਆਂ। ਇਸ ਤਰ੍ਹਾਂ ਸਰਦਾਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਲ ਖ਼ਾਲਸਾ ਦਾ ਜਥੇਦਾਰ, ਪੂਰਨ ਗੁਰਸਿੱਖ, ਚੋਟੀ ਦਾ ਰਾਜਨੀਤੀਵਾਨ, ਸ਼ਕਤੀਸ਼ਾਲੀ ਯੋਧਾ, ਬੇਤਾਜ ਬਾਦਸ਼ਾਹ, ਸੁਲਤਾਨ- ਉਲ-ਕੌਮ ਅਤੇ ਸਿੱਖ ਰਾਜ ਦਾ ਉਸਰੀਆ ਅਤੇ ਪੰਥਕ ਪ੍ਰਚਾਰਕ ਹੋ ਨਿਬੜੇ।