ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੇ ਭਤੀਜੇ ਦਾ ਕਾਤਲ ਗ੍ਰਿਫ਼ਤਾਰ, ਪੁੱਛਗਿੱਛ ਹੈਰਾਨੀਜਨਕ ਖੁਲਾਸੇ

ਪੁਲਿਸ ਨੇ ਬਾਬਾ ਬਲਵਿੰਦਰ ਸਿੰਘ ਨੂੰ ਕਤਲ ਕਰਨ ਵਾਲੇ ਨੌਜਵਾਨ ਨੂੰ ਆਖਿਰ 12 ਦਿਨਾਂ ਬਾਅਦ ਕਾਬੂ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਤਲ ਉਨ੍ਹਾਂ ਦੇ ਇੱਕ ਚੇਲੇ ਵੱਲੋਂ ਹੀ ਕੀਤਾ ਗਿਆ ਸੀ, ਜੋ ਕਿ ਵਾਰਦਾਤ ਤੋਂ ਬਾਅਦ ਲਗਾਤਾਰ ਲੁਕਦਾ ਆ ਰਿਹਾ ਸੀ।

By  KRISHAN KUMAR SHARMA May 14th 2024 04:34 PM -- Updated: May 14th 2024 04:41 PM

ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਭਿੰਡਰਾਂਵਾਲਾ ਦੇ ਭਤੀਜੇ ਬਾਬਾ ਬਲਵਿੰਦਰ ਸਿੰਘ ਦੇ ਕਤਲ ਮਾਮਲੇ 'ਚ ਬਟਾਲਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪੁਲਿਸ ਨੇ ਬਾਬਾ ਬਲਵਿੰਦਰ ਸਿੰਘ ਨੂੰ ਕਤਲ ਕਰਨ ਵਾਲੇ ਨੌਜਵਾਨ ਨੂੰ ਆਖਿਰ 12 ਦਿਨਾਂ ਬਾਅਦ ਕਾਬੂ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਤਲ ਉਨ੍ਹਾਂ ਦੇ ਇੱਕ ਚੇਲੇ ਵੱਲੋਂ ਹੀ ਕੀਤਾ ਗਿਆ ਸੀ, ਜੋ ਕਿ ਵਾਰਦਾਤ ਤੋਂ ਬਾਅਦ ਲਗਾਤਾਰ ਲੁਕਦਾ ਆ ਰਿਹਾ ਸੀ।

ਦੱਸ ਦਈਏ ਕਿ ਘਟਨਾ ਬੀਤੀ 1 ਮਈ ਦੀ ਹੈ, ਜਦੋਂ ਬਾਬਾ ਬਲਵਿੰਦਰ ਸਿੰਘ ਦਾ ਕਤਲ ਉਨ੍ਹਾਂ ਦੇ ਨੌਜਵਾਨ ਚੇਲੇ ਵਲੋਂ ਹੀ ਕਤਲ ਕਰ ਦਿੱਤਾ ਗਿਆ ਸੀ। ਬਾਬਾ ਬਲਵਿੰਦਰ ਸਿੰਘ ਬਟਾਲਾ ਨਜਦੀਕੀ ਕਸਬਾ ਘੁਮਾਣ ਦੇ ਪਿੰਡ ਅਠਵਾਲ ਵਿਖੇ ਗੁਰਦਵਾਰਾ ਅਮਰਦਾਸ ਜੀ ਦੀ ਸੇਵਾ ਸੰਭਾਲ ਵੀ ਕਰਦੇ ਸਨ।

ਐਸਐਸਪੀ ਬਟਾਲਾ ਅਸ਼ਵਨੀ ਗੋਟਿਆਲ ਨੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਮੁਲਜ਼ਮ ਨੌਜਵਾਨ ਰਮਨਦੀਪ ਸਿੰਘ ਗੁਰਦੁਆਰਾ ਸਾਹਿਬ ਵਿੱਚ ਬਾਬਾ ਬਲਵਿੰਦਰ ਸਿੰਘ ਨਾਲ ਰਹਿੰਦਾ ਸੀ ਅਤੇ ਉਨ੍ਹਾਂ ਦੀ ਸੇਵਾ-ਸੰਭਾਲ ਦਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਰਾਤ ਰਮਨਦੀਪ ਸਿੰਘ, ਬਾਬਾ ਬਲਵਿੰਦਰ ਸਿੰਘ ਦੀ ਮਾਲਿਸ਼ ਕਰ ਰਿਹਾ ਸੀ, ਜਿਸ ਦੌਰਾਨ ਹੀ ਦੋਵਾਂ ਦਾ ਕਿਸੇ ਗੱਲ 'ਤੇ ਝਗੜਾ ਹੋ ਗਿਆ। ਬਾਬਾ ਬਲਵਿੰਦਰ ਸਿੰਘ ਨੇ ਮੌਕੇ 'ਤੇ ਰਮਨਦੀਪ ਸਿੰਘ ਨੂੰ ਲੱਤ ਮਾਰ ਦਿੱਤੀ ਤਾਂ ਜਿਸ ਤੋਂ ਗੁੱਸਾ ਹੋ ਕੇ ਰਮਨਦੀਪ ਸਿੰਘ ਨੇ ਆਪਣੀ ਕਿਰਚ ਨਾਲ ਵਾਰ ਕਰਦੇ ਹੋਏ ਬਾਬਾ ਬਲਵਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਉਨ੍ਹਾਂ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਰਮਨਦੀਪ ਸਿੰਘ ਫਰਾਰ ਹੋ ਗਿਆ ਸੀ, ਜਿਸਨੂੰ ਬਟਾਲਾ ਪੁਲਿਸ ਵਲੋਂ ਕਰੀਬ 12 ਦਿਨ ਬਾਅਦ ਬਟਾਲਾ ਦੀ ਚਿੱਟੀ ਗਰਾਉਂਡ ਦੇ ਨਜ਼ਦੀਕ ਤੋਂ ਫੜਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ ਰਮਨਦੀਪ ਵੱਖ-ਵੱਖ ਥਾਂਵਾਂ 'ਤੇ ਜਾ ਕੇ ਆਪਣੇ-ਆਪ ਨੂੰ ਛੁਪਾਉਂਦਾ ਰਿਹਾ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਵੱਲੋਂ ਕਤਲ ਕਰਨ ਲਈ ਵਰਤੀ ਗਈ ਕਿਰਚ ਵੀ ਬਰਾਮਦ ਕਰ ਲਈ ਗਈ ਹੈ ਅਤੇ ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।

Related Post