Wrestlers Protest: ਭਲਵਾਨਾਂ ਨੂੰ ਮਿਲਿਆ ਖਾਪ ਤੇ ਸੰਯੁਕਤ ਕਿਸਾਨ ਮੋਰਚੇ ਦਾ ਸਮਰਥਨ, ਦਿੱਤੀ ਸਰਕਾਰ ਨੂੰ ਇਹ ਚਿਤਾਵਨੀ

ਰਾਜਧਾਨੀ ਦਿੱਲੀ ਦੇ ਟਿੱਕਰੀ ਬਾਰਡਰ 'ਤੇ ਇੱਕ ਵਾਰ ਫਿਰ ਕਿਸਾਨ ਅਤੇ ਦਿੱਲੀ ਪੁਲਿਸ ਆਹਮੋ-ਸਾਹਮਣੇ ਆ ਗਏ। ਇਸ ਵਾਰ ਕਿਸਾਨਾਂ ਨੇ ਮਹਿਲਾ ਭਲਵਾਨਾਂ ਦਾ ਸਾਥ ਦੇਣ ਲਈ ਰਾਜਧਾਨੀ ਦਾ ਰੁਖ ਕੀਤਾ ਹੈ।

By  Aarti May 7th 2023 12:12 PM

Wrestlers Protest: ਰਾਜਧਾਨੀ ਦਿੱਲੀ ਦੇ ਟਿੱਕਰੀ ਬਾਰਡਰ 'ਤੇ ਇੱਕ ਵਾਰ ਫਿਰ ਕਿਸਾਨ ਅਤੇ ਦਿੱਲੀ ਪੁਲਿਸ ਆਹਮੋ-ਸਾਹਮਣੇ ਆ ਗਏ। ਇਸ ਵਾਰ ਕਿਸਾਨਾਂ ਨੇ ਮਹਿਲਾ ਭਲਵਾਨਾਂ ਦਾ ਸਾਥ ਦੇਣ ਲਈ ਰਾਜਧਾਨੀ ਦਾ ਰੁਖ ਕੀਤਾ ਹੈ। ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚਾ ਨੇ ਦਿੱਲੀ ਦੇ ਜੰਤਰ-ਮੰਤਰ 'ਤੇ ਧਰਨੇ 'ਤੇ ਬੈਠੇ ਭਲਵਾਨਾਂ ਦੇ ਸਮਰਥਨ 'ਚ ਐਤਵਾਰ ਨੂੰ ਦੇਸ਼ ਵਿਆਪੀ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ।

ਮਹਿਲਾ ਕਿਸਾਨਾਂ ਨੇ ਦਿੱਲੀ ਪੁਲਿਸ ਦੇ ਬੈਰੀਅਰ ਤੋੜ ਦਿੱਤੇ

ਭਾਰਤੀ ਕੁਸ਼ਤੀ ਮਹਾਸੰਘ ਦੇ ਰਾਸ਼ਟਰੀ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਦੇ ਵਿਰੋਧ 'ਚ 15 ਦਿਨਾਂ ਤੋਂ ਹੜਤਾਲ 'ਤੇ ਬੈਠੇ ਭਲਵਾਨਾਂ ਦੇ ਸਮਰਥਨ 'ਚ ਕਿਸਾਨਾਂ ਨੇ ਜੰਤਰ-ਮੰਤਰ ਤੱਕ ਮਾਰਚ ਕੀਤਾ ਪਰ ਦਿੱਲੀ ਪੁਲਿਸ ਨੇ ਕਿਸਾਨਾਂ ਦੇ ਸਮੂਹ ਨੂੰ ਟਿੱਕਰੀ ਬਾਰਡਰ 'ਤੇ ਰੋਕ ਲਿਆ। ਹਾਲਾਂਕਿ, ਇਸ ਨਾਲ ਵੀ ਮਹਿਲਾ ਕਿਸਾਨਾਂ ਦੇ ਹੌਸਲੇ ਨਹੀਂ ਹਟੇ ਅਤੇ ਉਹ ਦਿੱਲੀ ਪੁਲਿਸ ਦੇ ਬੈਰੀਅਰਾਂ ਨੂੰ ਤੋੜ ਕੇ ਪੈਦਲ ਹੀ ਧਰਨੇ ਵਾਲੀ ਥਾਂ ਵੱਲ ਵਧਦੀਆਂ ਰਹੀਆਂ। 

ਮਿਲੀ ਜਾਣਕਾਰੀ ਮੁਤਾਬਿਕ ਮਹਿਲਾ ਕਿਸਾਨਾਂ ਨੇ ਐਮਸੀਡੀ ਦੇ ਕਮਰਸ਼ੀਅਲ ਟੋਲ ਪਲਾਜ਼ਾ ’ਤੇ ਜਾ ਕੇ ਧਰਨਾ ਸ਼ੁਰੂ ਕਰ ਦਿੱਤਾ ਅਤੇ ਕਿਸਾਨਾਂ ਦੇ ਰੋਸ ਕਾਰਨ ਸੜਕ ’ਤੇ ਲੰਮਾ ਜਾਮ ਲੱਗ ਗਿਆ। ਜਿਸ ਤੋਂ ਬਾਅਦ ਦਿੱਲੀ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਮਹਿਲਾ ਕਿਸਾਨਾਂ ਨੂੰ ਅੱਗੇ ਜਾਣ ਦਿੱਤਾ ਗਿਆ।

ਮਹਿਲਾ ਕਿਸਾਨਾਂ ਦੀ ਪੂਰੀ ਤਿਆਰੀ 

ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਸੈਂਕੜੇ ਮਹਿਲਾ ਕਿਸਾਨ ਪਹਿਲਵਾਨਾਂ ਦੀ ਹੜਤਾਲ ਦਾ ਸਮਰਥਨ ਕਰਨ ਲਈ ਦਰਜਨ ਦੇ ਕਰੀਬ ਬੱਸਾਂ ਵਿੱਚ ਦਿੱਲੀ ਦੇ ਜੰਤਰ-ਮੰਤਰ ਪਹੁੰਚੀਆਂ। ਕਿਸਾਨ ਆਪਣੇ ਰਸੋਈ ਦੇ ਭਾਂਡੇ ਲੈ ਕੇ ਆਏ ਹਨ।

ਬ੍ਰਿਜ ਭੂਸ਼ਣ ਸ਼ਰਨ ਦੀ ਗ੍ਰਿਫਤਾਰੀ ਦੀ ਮੰਗ

ਮਹਿਲਾ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਨੂੰ ਤੁਰੰਤ ਗ੍ਰਿਫਤਾਰ ਕਰਨਾ ਹੋਵੇਗਾ। ਮਹਿਲਾ ਭਲਵਾਨ ਲਗਾਤਾਰ ਵਿਰੋਧ ਕਰ ਰਹੀਆਂ ਹਨ ਅਤੇ ਸਟੇਜ ਤੋਂ ਦੱਸ ਰਹੀਆਂ ਹਨ ਕਿ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਹੋਇਆ ਹੈ। ਅਜਿਹੇ 'ਚ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਔਰਤਾਂ ਨੇ ਦੱਸਿਆ ਕਿ ਫਿਲਹਾਲ ਉਹ ਇੱਕ ਦਿਨ ਦੇ ਧਰਨੇ ਲਈ ਦਿੱਲੀ ਆਈਆਂ ਹਨ।

ਅੱਜ ਹੋਵੇਗੀ ਮਹਾਪੰਚਾਇਤ

ਉੱਥੇ ਹੀ ਦੂਜੇ ਪਾਸੇ ਅੱਜ ਦਿੱਲੀ ਵਿੱਚ ਹਰਿਆਣਾ ਦੀਆਂ ਖਾਪ ਪੰਚਾਇਤਾਂ ਦੀ ਮਹਾਂ ਪੰਚਾਇਤ ਹੋਣ ਜਾ ਰਹੀ ਹੈ। ਇਸ ਕਾਰਨ ਦਿੱਲੀ ਦੇ ਟਿੱਕਰੀ ਬਾਰਡਰ 'ਤੇ ਵੱਡੀ ਗਿਣਤੀ 'ਚ ਪੁਲਿਸ ਅਤੇ ਸੀਆਰਪੀਐਫ ਦੇ ਜਵਾਨ ਤੈਨਾਤ ਕੀਤੇ ਗਏ ਹਨ। ਇਸ ਮਹਾਪੰਚਾਇਤ 'ਚ ਦੇਸ਼ ਭਰ ਤੋਂ ਵੱਖ-ਵੱਖ ਖਾਪ ਪਹੁੰਚਣਗੇ। ਇਸ ਦੇ ਨਾਲ ਹੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਅਸੀਂ ਸ਼ਾਂਤੀਪੂਰਵਕ ਮਹਾਂਪੰਚਾਇਤ ਕਰਾਂਗੇ। ਇਸ ਦੇ ਨਾਲ ਹੀ ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਦਿੱਲੀ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਪੁਲਿਸ ਟੀਮ ਨੇ ਬੈਚ ਦੇ ਵਾਹਨਾਂ ਦੇ ਨੰਬਰ ਨੋਟ ਕਰਕੇ ਉਨ੍ਹਾਂ ਨੂੰ ਇਜਾਜ਼ਤ ਦਿੱਤੀ। 

ਤੁਹਾਨੂੰ ਦੱਸ ਦਈਏ ਕਿ ਸ਼ਨੀਵਾਰ ਨੂੰ ਮਹਿਮ 'ਚ ਹਰਿਆਣਾ ਦੀਆਂ ਵੱਖ-ਵੱਖ ਖਾਪ ਪੰਚਾਇਤਾਂ ਦੀ ਬੈਠਕ ਹੋਈ। ਮੀਟਿੰਗ ਵਿੱਚ ਖਿਡਾਰੀਆਂ ਦੇ ਸਮਰਥਨ ਵਿੱਚ ਜੰਤਰ-ਮੰਤਰ ਪਹੁੰਚਣ ਦਾ ਫੈਸਲਾ ਕੀਤਾ ਗਿਆ ਅਤੇ ਅੰਦੋਲਨ ਲਈ ਰਣਨੀਤੀ ਵੀ ਉਲੀਕੀ ਗਈ। ਇਸ ਲਈ 31 ਮੈਂਬਰੀ ਕਮੇਟੀ ਬਣਾਈ ਗਈ ਹੈ।

ਸਰਕਾਰ ਨੂੰ ਚਿਤਾਵਨੀ

ਦੂਜੇ ਪਾਸੇ ਕਿਸਾਨਾਂ ਵੱਲੋਂ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਬ੍ਰਿਜ ਭੂਸ਼ਣ ਸ਼ਰਨ ਨੂੰ ਜਲਦੀ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਵੱਡਾ ਅੰਦੋਲਨ ਵਿੱਢਿਆ ਜਾਵੇਗਾ। ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚਾ ਨੇ ਵੀ 11 ਮਈ ਤੋਂ 18 ਮਈ ਤੱਕ ਦੇਸ਼ ਭਰ ਵਿੱਚ ਮਹਿਲਾ ਭਲਵਾਨਾਂ ਦੇ ਸਮਰਥਨ ਵਿੱਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ: Amritsar Blast Update: ਸ੍ਰੀ ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟਰੀਟ 'ਚ ਹੋਏ ਧਮਾਕੇ ਨੂੰ ਲੈ ਕੇ ਪੁਲਿਸ ਦਾ ਵੱਡਾ ਦਾਅਵਾ, ਕਿਹਾ...

Related Post