ਸਫ਼ਰ-ਏ-ਸ਼ਹਾਦਤ ਭਾਗ ਪਹਿਲਾ: ਸ੍ਰੀ ਅਨੰਦਪੁਰ ਸਾਹਿਬ ਵਸਣ ਤੋਂ ਲੈ ਕੇ ਕਿਲ੍ਹਾ ਅਨੰਦਗੜ੍ਹ ਛੱਡਣ ਤੱਕ

By  Jasmeet Singh December 20th 2024 11:00 AM -- Updated: December 20th 2024 11:15 AM

PTC News Desk: ਗੁਰੂ ਕੀ ਨਗਰੀ, ਸ੍ਰੀ ਅਨੰਦਪੁਰ ਸਾਹਿਬ ਦਾ ਨੀਂਹ ਪੱਥਰ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਵੱਲੋਂ ਸੰਨ 1665 ਨੂੰ ਇਕ ਪੁਰਾਣੇ ਪਿੰਡ ਮਾਖੋਵਾਲ ਦੇ ਇਕ ਥੇਹ ਉੱਤੇ ਰੱਖ ਵਾਇਆ ਗਿਆ ਸੀ, ਜਿਹੜਾ ਗੁਰੂ ਸਾਹਿਬ ਨੇ ਬਿਲਾਸਪੁਰ ਦੇ ਪਹਾੜੀ ਰਾਜਪੂਤ ਰਿਆਸਤ (ਪਹਿਲਾਂ ਕਹਲੂਰ) ਤੋਂ ਖਰੀਦਿਆ ਸੀ। 



ਚੱਕ ਨਾਨਕੀ ਦਾ ਵਿਕਾਸ
ਨੌਵੇਂ ਪਾਤਸ਼ਾਹ ਨੇ ਆਪਣੇ ਪੂਜਨੀਕ ਮਾਤਾ ਜੀ ਦੇ ਨਾਂ ਤੇ ਇਸ ਨਵੀਂ ਆਬਾਦੀ ਦਾ ਨਾਂ ਚੱਕ ਨਾਨਕੀ ਰੱਖਿਆ। ਪਰ ਛੇਤੀ ਹੀ ਆਪ ਜੀ ਨੇ ਦੇਸ ਦੇ ਪੂਰਬੀ ਹਿੱਸਿਆਂ ਵੱਲ ਯਾਤਰਾਵਾਂ ਲਈ ਚੱਲੇ ਪਾ ਦਿੱਤੇ। ਜਦੋਂ ਪੰਜਾਬ ਅਤੇ ਦੂਰ ਦੁਰੇਡੇ ਦੀਆਂ ਥਾਵਾਂ ਤੋਂ ਸ਼ਰਧਾਲੂ ਇਥੇ ਆਉਣ ਲੱਗੇ ਤਾਂ ਉਦੋਂ ਤੱਕ ਗੁਰੂ ਸਾਹਿਬ ਵੀ ਆਪਣੀ ਯਾਤਰਾ ਪੂਰੀ ਕਰ ਅਨੰਦਪੁਰੀ ਆ ਪਹੁੰਚੇ ਅਤੇ ਇਹ ਛੋਟੀ ਜਿਹੀ ਆਬਾਦੀ ਇਕ ਵਧਦੇ ਫੁਲਦੇ ਸ਼ਹਿਰ ਵਿਚ ਬਦਲਣ ਲੱਗੀ। ਸੰਨ 1675 ਵਿੱਚ ਜਦੋਂ ਕਸ਼ਮੀਰ ਤੋਂ ਪੰਡਤਾਂ ਦਾ ਇੱਕ ਜਥਾ ਆਪਣੀਆਂ ਤਕਲੀਫਾਂ ਦੱਸਣ ਲਈ ਗੁਰੂ ਜੀ ਕੋਲ ਆਇਆ। ਉਹਨਾਂ ਨੇ ਬੇਨਤੀ ਕੀਤੀ ਕਿ ਉਹਨਾਂ ਉੱਤੇ ਧਾਰਮਿਕ ਅਤਿਆਚਾਰ ਹੋ ਰਹੇ ਹਨ ਅਤੇ ਕਸ਼ਮੀਰ ਦੇ ਮੁਗਲ ਗਵਰਨਰ ਦੇ ਹੁਕਮ ਨਾਲ ਉਹਨਾਂ ਨੂੰ ਜਬਰੀ ਧਰਮ ਬਦਲੀ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।

ਕਸ਼ਮੀਰ ਤੋਂ ਪੰਡਤਾਂ ਦਾ ਜਥਾ ਗੁਰੂ ਜੀ ਕੋਲ ਆਇਆ
ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ
ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਨੇ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਹੱਕਾਂ ਦੀ ਰਖਵਾਲੀ ਲਈ ਅਤੇ ਉਹਨਾਂ ਦੇ ਦੁਖੜੇ ਦੂਰ ਕਰਨ ਲਈ ਅਤੇ ਉਸ ਵੇਲੇ 9 ਵਰ੍ਹਿਆਂ ਦੇ ਗਬਿੰਦ ਰਾਏ (ਗੁਰੂ ਗੋਬਿੰਦ ਸਿੰਘ ਜੀ) ਸਮਰਥਨ ਤੋਂ ਬਾਅਦ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਆਪਣਾ ਜੀਵਨ ਨਿਛਾਵਰ ਕਰਨ ਲਈ ਦਿੱਲੀ ਜਾਣ ਦਾ ਫੈਸਲਾ ਕੀਤਾ। ਉਸ ਸਮੇਂ ਉਨ੍ਹਾਂ ਨੌਂ ਸਾਲ ਦੇ ਆਪਣੇ ਛੋਟੇ ਜਿਹੇ ਸੁਪੁੱਤਰ ਗੋਬਿੰਦ ਰਾਏ ਨੂੰ ਆਪਣਾ ਉੱਤਰਾਧਿਕਾਰੀ ਥਾਪ ਕੇ ਯਾਤਰਾ ‘ਤੇ ਤੁਰ ਪਏ। ਦਿੱਲੀ ਵਿੱਚ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਕੈਦ ਕਰ ਲਿਆ ਗਿਆ। ਪਹਿਲਾਂ ਤਾਂ ਉਥੇ ਗੁਰ ਸਿੱਖ ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਯਾਲਾ ਜੀ ਨੂੰ ਤਸੀਹੇ ਦੇ ਸ਼ਹੀਦ ਕਰ ਦਿੱਤਾ ਗਿਆ ਅਤੇ ਬਾਅਦ 'ਚ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਨਾਲ ਨਵੰਬਰ 1675 ਨੂੰ ਚਾਂਦਨੀ ਚੌਂਕ ਵਿੱਚ ਗੁਰੂ ਸਾਹਿਬ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ।

ਜਦੋਂ ਭਾਈ ਜੈਤਾ ਗੁਰੂ ਤੇਗ਼ ਬਹਾਦਰ ਸਾਹਿਬ ਦਾ ਪਾਵਨ ਸੀਸ ਲੈ ਗੋਬਿੰਦ ਰਾਏ ਜੀ ਕੋਲ ਪਹੁੰਚੇ

ਗੋਬਿੰਦ ਰਾਏ ਜੀ ਵੱਲੋਂ ਸ਼ਸਤਰਧਾਰੀ ਜੀਵਨ ਦੀ ਚੋਣ 
ਚੱਕ ਨਾਨਕੀ ਵਿੱਚ ਬਾਲਕ ਉੱਤਰਾਧਿਕਾਰੀ ਗੋਬਿੰਦ ਰਾਏ ਨੇ ਇਕ ਦਲੇਰ ਸਿੱਖ ਭਾਈ ਜੈਤਾ ਦੁਆਰਾ ਲਿਆਂਦਾ ਹੋਇਆ ਆਪਣੇ ਪਿਤਾ ਦਾ ਕੱਟਿਆ ਹੋਇਆ ਸੀਸ ਪ੍ਰਾਪਤ ਕਰ ਸ਼ਾਂਤ ਰਹਿ ਕੇ ਸਸਕਾਰ ਕੀਤਾ। ਜਦੋਂ ਆਪ ਜੀ ਵੱਡੇ ਹੋਏ ਤਾਂ ਆਪ ਜੀ ਨੇ ਸ਼ਸਤਰਧਾਰੀ ਅਤੇ ਰਾਜਸ਼ਾਹੀ ਜੀਵਨ ਧਾਰਨ ਕੀਤਾ, ਜਿਸ ਨਾਲ ਕਹਲੂਰ ਦੇ ਸਥਾਨਿਕ ਸ਼ਾਸਕ ਰਾਜਾ ਭੀਮ ਚੰਦ ਨੂੰ ਈਰਖਾ ਹੋਣ ਲੱਗੀ। ਇਕ ਹੋਰ ਪਹਾੜੀ ਰਿਆਸਤ ਸਿਰਮੌਰ ਦੇ ਰਾਜੇ ਵੱਲੋਂ ਮਦਦ ਲਈ ਸੱਦਾ ਸਵੀਕਾਰ ਕਰਕੇ ਆਪ ਜੀ ਸੰਨ 1685 ਵਿੱਚ ਚੱਕ ਨਾਨਕੀ ਛੱਡ ਕੇ ਜਮਨਾ ਦੇ ਕੰਢੇ ਪਾਉਂਟਾ ਵਿਖੇ ਚਲੇ ਗਏ। ਰਾਜਪੂਤ ਪਹਾੜੀ ਰਾਜਿਆਂ ਦੀਆਂ ਸਮੂਹਿਕ ਫ਼ੌਜਾਂ ਨਾਲ ਭੰਗਾਣੀ (ਸਤੰਬਰ 1688 ) ਦੀ ਜੰਗ ਪਿੱਛੋਂ ਆਪ ਚੱਕ ਨਾਨਕੀ ਵਾਪਸ ਪਰਤੇ, ਜਿਸਦਾ ਨਾਂ ਬਦਲਕੇ ਕਿਲਿਆਂ ਦੀ ਲੜੀ (ਅਨੰਦਗੜ੍ਹ) ਦੇ ਨਾਂ ‘ਤੇ ਅਨੰਦਪੁਰ ਰੱਖ ਦਿੱਤਾ ਅਤੇ ਪਹਾੜੀ ਰਾਜਿਆਂ ਵੱਲੋਂ ਹਮਲੇ ਨੂੰ ਧਿਆਨ ਵਿਚ ਰਖਦੇ ਹੋਏ ਕਿਲੇ ਬਣਾਉਣੇ ਸ਼ੁਰੂ ਕਰ ਦਿੱਤੇ।

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਦਰਬਾਰ

ਪਹਾੜੀ ਰਾਜਿਆਂ ਨਾਲ ਅਨੰਦਪੁਰ ਦੀਆਂ ਜੰਗਾਂ
ਇਹ ਕਿਲੇ ਸਨ ਕੇਂਦਰ ਵਿੱਚ ਕੇਸਗੜ੍ਹ ਅਤੇ ਅਨੰਦਗੜ੍ਹ ਜਦਕਿ ਲੋਹਗੜ੍ਹ, ਹੋਲਗੜ੍ਹ, ਫਤਿਹਗੜ੍ਹ ਅਤੇ ਤਾਰਾਗੜ੍ਹ ਇਸ ਦੇ ਦੁਆਲੇ ਬਣਾਏ ਗਏ ਸਨ। ਕਹਲੂਰ ਦਾ ਭੀਮ ਚੰਦ ਅਤੇ ਉਸਦਾ ਪੁੱਤਰ ਅਜਮੇਰ ਚੰਦ ਗੁਰੂ ਜੀ ਤੋਂ ਭੰਗਾਣੀ ਦੇ ਜੰਗ ਵਿਚ ਹਾਰ ਖਾ ਕੇ ਵੀ ਆਪਣਾ ਗੁੱਸਾ ਨਹੀਂ ਭੁੱਲੇ ਸਨ। ਭਾਵੇਂ ਕਿ ਗੁਰੂ ਜੀ ਨੇ ਜੰਮੂ ਦੇ ਗਵਰਨਰ ਵੱਲੋਂ ਭੇਜੀ 1691 ਦੀ ਲੜਾਈ 'ਚ ਉਹਨਾਂ ਦੀ ਮਦਦ ਕੀਤੀ ਸੀ। ਉਹਨਾਂ ਨੇ ਕਾਂਗੜਾ ਦੇ ਰਾਜਾ ਕਟੋਚ ਅਤੇ ਹੋਰ ਕਈ ਰਾਜਿਆਂ ਨਾਲ ਸੰਧੀ ਕਰਕੇ ਅਨੰਦਪੁਰ ਉੱਤੇ ਕਈ ਹਮਲੇ ਕੀਤੇ ਪਰੰਤੂ ਹਰ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੇ ਹਮਲੇ ਦਾ ਮੂੰਹ ਤੋੜਵਾਂ ਜਵਾਬ ਦਿੱਤਾ।

ਸੰਨ 1699 ਦੀ ਵਿਸਾਖੀ ਖਾਲਸੇ ਦੀ ਸਾਜਣਾ
ਖ਼ਾਲਸੇ ਦਾ ਜਨਮ
ਸੰਨ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਨੇ ਆਪਣੇ ਜੀਵਨ ਦਾ ਮੰਤਵ ਪੂਰਾ ਕਰਦਿਆਂ ਸੰਗਤ ਨੂੰ ਖ਼ਾਲਸੇ ਬਣਾਉਣਾ ਕੀਤਾ। ਕਈ ਹਜ਼ਾਰਾਂ ਨੇ ਅਗਲਿਆਂ ਦਿਨਾਂ 'ਚ ਖੰਡੇ-ਬਾਟੇ ਦਾ ਅੰਮ੍ਰਿਤ ਛੱਕਣਾ ਸ਼ੁਰੂ ਕੀਤਾ ਅਤੇ ਇਸ ਤਰ੍ਹਾਂ ਅਨੰਦਪੁਰ ਖ਼ਾਲਸੇ ਦਾ ਜਨਮ ਅਸਥਾਨ ਬਣ ਗਿਆ। ਖ਼ਾਲਸੇ ਦੇ ਜਨਮ ਨਾਲ ਲਾਗੇ ਦੀਆਂ ਰਿਆਸਤਾਂ ਦੇ ਰਾਜੇ ਡਰ ਗਏ ਅਤੇ ਉਹਨਾਂ ਨੇ ਇਕੱਠੇ ਹੋ ਕੇ ਗੁਰੂ ਜੀ ਨੂੰ ਅਨੰਦਪੁਰ ਤੋਂ ਕੱਢਣ ਦੀ ਵਿਉਂਤਬੰਦੀ ਕੀਤੀ। ਉਹਨਾਂ ਨੇ ਗੁਰੂ ਜੀ ਕੋਲ ਏਲਚੀ ਭੇਜੇ ਜਿਨ੍ਹਾਂ ਨੇ ਸੌਹਾਂ ਖਾ ਕੇ ਗੁਰੂ ਜੀ ਨੂੰ ਕਿਹਾ ਕਿ ਉਹ ਉਹਨਾਂ ਅਤੇ ਉਹਨਾਂ ਦੇ ਸਿੱਖਾਂ ਨੂੰ ਕਦੇ ਵੀ ਤੰਗ ਨਹੀਂ ਕਰਨਗੇ ਜੇਕਰ ਉਹ ਥੋੜ੍ਹੇ ਸਮੇਂ ਲਈ ਕਿਲ੍ਹਾ ਛੱਡ ਦੇਣ ਅਤੇ ਸ਼ਹਿਰ ਤੋਂ ਬਾਹਰ ਚਲੇ ਜਾਣ। ਨਾਲੋ ਨਾਲ ਪਹਾੜੀ ਰਾਜਿਆਂ ਨੇ ਅੰਦਰਖਾਤੇ ਅਨੰਦਪੁਰ ਨੂੰ ਘੇਰਾ ਪਾਉਣ ਲਈ ਸਰਹਿੰਦ ਦੇ ਮੁਗਲ ਫ਼ੌਜਦਾਰ ਤੋਂ ਫ਼ੌਜੀ ਮਦਦ ਮੰਗੀ ਅਤੇ ਕਿਲ੍ਹੇ ਨੂੰ 6 ਮਹੀਨਿਆਂ ਤੋਂ ਵੱਧ ਸਮੇਂ ਤੱਕ ਘੇਰਾ ਪਾਈ ਰੱਖਿਆ।

ਗੁਰੂ ਸਾਹਿਬ ਦੇ ਪਰਿਵਾਰ ਦਾ ਤਿੰਨ ਭਾਗਾਂ 'ਚ ਵਿਛੋੜਾ

ਧਾਰਮਿਕ ਗ੍ਰੰਥਾਂ ਦੀਆਂ ਕਸਮਾਂ ਖਾਦੀਆਂ 
ਪਹਾੜੀ ਰਾਜਿਆਂ ਅਤੇ ਮੁਗ਼ਲਾਂ ਵੱਲੋਂ ਗੀਤਾ ਅਤੇ ਕੁਰਆਨ ਦੀਆਂ ਕਸਮਾਂ ਖਾਣ ਮਗਰੋਂ ਗੁਰੂ ਗੋਬਿੰਦ ਸਿੰਘ ਨੇ ਸੰਗਤਾਂ ਦੀ ਬੇਨਤੀ ਕਰਨ 'ਤੇ ਅਨੰਦਗੜ੍ਹ ਦਾ ਕਿਲ੍ਹਾ ਛੱਡ ਦਿੱਤਾ ਪਰੰਤੂ ਰਾਜਿਆਂ ਅਤੇ ਮੁਗ਼ਲਾਂ ਨੇ ਕਸਮਾਂ ਤੋੜ ਦਿੱਤੀਆਂ ਅਤੇ ਪਿੱਛੋਂ ਹਮਲਾ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਅਤੇ ਸਿੱਖਾਂ ਨਾਲ 6 ਪੋਹ ਦੀ ਰਾਤ ਨੂੰ ਅਨੰਦਪੁਰ ਸ਼ਹਿਰ ਛੱਡ ਦਿੱਤਾ ਤੇ ਸਰਸਾ ਨਦੀ ਵੱਲ ਚਾਲੇ ਪਾ ਦਿੱਤੇ। ਮਗਰੋਂ ਸੌਂਹਾਂ ਤੋਂ ਮੁੱਕਰ ਕੇ ਹਿੰਦੂ ਰਾਜਿਆਂ ਦੀ ਫੌਜ ਅਤੇ ਮੁਗਲ ਫੌਜ ਨੇ ਹਮਲਾ ਕਰ ਦਿੱਤਾ। ਕਈ ਸਿੰਘ ਸ਼ਹੀਦ ਹੋ ਗਏ। ਕਈ ਸਰਸਾ ਨਦੀ ਪਾਰ ਕਰਦੇ ਰੁੜ੍ਹ ਗਏ। ਗੁਰੂ ਸਾਹਿਬ ਦੇ ਪਰਿਵਾਰ ਦਾ ਤਿੰਨ ਭਾਗਾਂ 'ਚ ਵਿਛੋੜਾ ਪੈ ਗਿਆ।

ਇਹ ਵੀ ਪੜ੍ਹੋ: ਅੱਠ ਸਾਲਾਂ ਦੀ ਖੋਜ ਮਗਰੋਂ ਉਜਾਗਰ ਹੋਇਆ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਨਾਲ ਸਬੰਧਿਤ ਇਤਿਹਾਸਿਕ ਸਥਾਨ


ਇਸ ਤੋਂ ਅੱਗੇ ਕੀ ਹੋਇਆ ਉਸ ਬਾਬਤ 6 ਪੋਹ ਜਾਨੀ ਕੱਲ੍ਹ ਨੂੰ ਇੱਥੇ ਲਿੰਕ ਐਡ ਕੀਤਾ ਜਾਵੇਗਾ ਅਤੇ ਤੁਸੀਂ ਗੁਰ ਇਤਿਹਾਸ ਦਾ ਆਨੰਦ ਮਾਣ ਸਕੋਗੇ।

Related Post