ਰਿਤੂਰਾਜ ਗਾਇਕਵਾੜ ਨੇ ਇੱਕ ਓਵਰ 'ਚ ਜੜੇ 7 ਛੱਕੇ, ਵੀਡੀਓ ਵਾਇਰਲ

By  Jasmeet Singh November 28th 2022 02:14 PM -- Updated: November 28th 2022 02:20 PM

Seven Sixes In An Over: ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਿਚਾਲੇ ਵਿਜੇ ਹਜ਼ਾਰੇ ਟਰਾਫੀ 2022 ਦੇ ਕੁਆਰਟਰ ਫਾਈਨਲ ਮੈਚ ਵਿੱਚ ਰਿਤੂਰਾਜ ਗਾਇਕਵਾੜ ਨੇ ਨਵਾਂ ਇਤਿਹਾਸ ਰਚ ਦਿੱਤਾ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇ ਜਾ ਰਹੇ ਮੈਚ 'ਚ ਗਾਇਕਵਾੜ ਨੇ ਉੱਤਰ ਪ੍ਰਦੇਸ਼ ਖਿਲਾਫ ਇਕ ਓਵਰ 'ਚ ਲਗਾਤਾਰ 7 ਛੱਕੇ ਲਗਾ ਕੇ ਵਿਸ਼ਵ ਰਿਕਾਰਡ ਬਣਾਇਆ ਹੈ। 

ਇਸ ਦੇ ਨਾਲ ਹੀ ਗਾਇਕਵਾੜ ਨੇ ਦੋਹਰਾ ਸੈਂਕੜਾ ਵੀ ਜੜਿਆ। ਉਸ ਨੇ ਛੱਕਿਆਂ ਅਤੇ ਚੌਕਿਆਂ ਦੀ ਵਰਖਾ ਕਰਦੇ ਹੋਏ ਟੀਮ ਲਈ 200 ਤੋਂ ਵੱਧ ਦੌੜਾਂ ਬਣਾਈਆਂ ਹਨ। ਗਾਇਕਵਾੜ ਨੇ 49ਵੇਂ ਓਵਰ ਵਿੱਚ ਸ਼ਿਵਾ ਸਿੰਘ ਨੂੰ ਇੱਕ ਓਵਰ ਵਿੱਚ ਲਗਾਤਾਰ 7 ਛੱਕੇ ਜੜੇ। ਉਸ ਨੇ 108 ਗੇਂਦਾਂ ਵਿੱਚ ਸੈਂਕੜਾ ਜੜਿਆ ਅਤੇ ਫਿਰ 138 ਗੇਂਦਾਂ ਵਿੱਚ 150 ਦੌੜਾਂ ਪੂਰੀਆਂ ਕੀਤੀਆਂ।

ਇਹ ਵੀ ਪੜ੍ਹੋ: ਭਾਰਤ ਬਨਾਮ ਨਿਊਜ਼ੀਲੈਂਡ ਦਾ ਤੀਜਾ ਟਵੰਟੀ-20 ਮੈਚ ਮੀਂਹ ਕਾਰਨ ਰੱਦ, ਭਾਰਤ ਦਾ ਲੜੀ 'ਤੇ ਕਬਜ਼ਾ

ਮਹਾਰਾਸ਼ਟਰ ਦੇ ਕਪਤਾਨ ਰਿਤੂਰਾਜ ਗਾਇਕਵਾੜ ਨੇ ਆਪਣੀ ਪਾਰੀ 'ਚ 159 ਗੇਂਦਾਂ ਦਾ ਸਾਹਮਣਾ ਕੀਤਾ, ਜਿਸ 'ਚ ਉਸ ਨੇ 10 ਚੌਕੇ ਅਤੇ 16 ਛੱਕੇ ਲਗਾਏ। ਗਾਇਕਵਾੜ ਨੇ ਅਜੇਤੂ 220 ਦੌੜਾਂ ਬਣਾਈਆਂ। ਸ਼ਿਵਾ ਸਿੰਘ ਦੇ ਓਵਰ ਵਿੱਚ ਕੁੱਲ 43 ਦੌੜਾਂ ਬਣੀਆਂ। ਪਹਿਲੀਆਂ ਤਿੰਨ ਗੇਂਦਾਂ 'ਤੇ ਲਗਾਤਾਰ ਛੇ ਛੱਕੇ ਲਗਾਉਣ ਤੋਂ ਬਾਅਦ ਗੇਂਦਬਾਜ਼ ਨੇ ਅਗਲੀ ਗੇਂਦ 'ਤੇ ਨੋ-ਬਾਲ ਸੁੱਟ ਦਿੱਤੀ, ਜਿਸ 'ਤੇ ਗਾਇਕਵਾੜ ਨੇ ਫਿਰ ਛੱਕਾ ਲਗਾ ਦਿੱਤਾ। ਇਸ ਤੋਂ ਬਾਅਦ ਉਸ ਨੇ ਫ੍ਰੀ ਹਿੱਟ 'ਤੇ ਛੱਕਾ ਵੀ ਲਗਾਇਆ ਅਤੇ ਓਵਰ ਦੀ ਬਾਕੀ ਗੇਂਦ 'ਤੇ ਵੀ ਛੱਕਾ ਲਗਾਇਆ।