ਭਿੱਖੀਵਿੰਡ 'ਚ ਚਿੱਟੇ ਦਿਨ ਵਾਰਦਾਤ, ਗੱਡੀ ਦਾ ਸ਼ੀਸ਼ਾ ਤੋੜ ਕੇ 10 ਲੱਖ ਰੁਪਏ ਲੈ ਕੇ ਫ਼ਰਾਰ ਹੋਏ ਵਿਅਕਤੀ, CCTV 'ਚ ਕੈਦ ਹੋਈ ਘਟਨਾ
Tehsil Complex Bhikhiwind : ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਭਿੱਖੀਵਿੰਡ ਪੁਲਿਸ ਨੂੰ ਲੁੱਟ ਦੀ ਸੀਸੀਟੀਵੀ ਫੁਟੇਜ ਦਿੱਤੀ ਹੈ। ਅਵਤਾਰ ਸਿੰਘ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਉਕਤ ਵਿਅਕਤੀ ਨੂੰ ਉਸ ਦੇ ਸਾਥੀਆਂ ਸਮੇਤ ਗ੍ਰਿਫ਼ਤਾਰ ਕਰਕੇ ਉਸ ਦੇ ਪੈਸੇ ਤੇ ਕਾਗਜ਼ਾਤ ਵਾਪਸ ਕਰਵਾਉਣ ਦੀ ਮੰਗ ਕੀਤੀ ਹੈ।
Bhikhiwind Loot News : ਤਹਿਸੀਲ ਕੰਪਲੈਕਸ ਭਿੱਖੀਵਿੰਡ ਵਿੱਚ ਜ਼ਮੀਨ ਦੀ ਰਜਿਸਟਰੀ ਕਰਵਾਉਣ ਆਏ ਵਿਅਕਤੀ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਇੱਕ ਵਿਅਕਤੀ ਵੱਲੋਂ ਕਥਿਤ ਤੌਰ 'ਤੇ 10 ਲੱਖ ਰੁਪਏ ਤੇ ਜ਼ਮੀਨ ਦੇ ਕਾਗਜ਼ਾਤ ਲੁੱਟ ਕੇ ਫ਼ਰਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਲੁੱਟ ਦੀ ਵਾਰਦਾਤ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।
ਇਸ ਸੰਬੰਧੀ ਥਾਣਾ ਭਿੱਖੀਵਿੰਡ 'ਚ ਦਰਜ ਕਰਵਾਈ ਦਰਖ਼ਾਸਤ ਵਿੱਚ ਅਵਤਾਰ ਸਿੰਘ ਉਰਫ਼ ਭੱਕਾ ਪੁੱਤਰ ਨਛੱਤਰ ਸਿੰਘ ਵਾਸੀ ਭਿੱਖੀਵਿੰਡ ਨੇ ਦੱਸਿਆ ਕਿ ਉਸ ਨੇ ਦਿਲਬਾਗ ਸਿੰਘ ਵਾਸੀ ਮਾੜੀ ਗੌੜ ਸਿੰਘ ਪਾਸੋਂ 56 ਕਨਾਲ ਦਸ ਮਰਲੇ ਜ਼ਮੀਨ ਖਰੀਦਣ ਦਾ ਸੌਦਾ ਕੀਤਾ ਸੀ। ਬੀਤੇ ਕੱਲ੍ਹ ਉਹ ਦਿਲਬਾਗ ਸਿੰਘ ਨਾਲ ਰਜਿਸਟਰੀ ਕਰਵਾਉਣ ਲਈ ਤਹਿਸੀਲ ਕੰਪਲੈਕਸ ਭਿੱਖੀਵਿੰਡ ਵਿੱਚ ਗਿਆ। ਤਹਿਸੀਲ ਕੰਪਲੈਕਸ ਵਿੱਚ ਕਾਰ ਪਾਰਕ ਕਰਕੇ ਜਦੋਂ ਉਹ ਵਸੀਕਾ ਨਵੀਸ ਨਾਲ ਰਜਿਸਟਰੀ ਲਿਖਵਾਉਣ ਸੰਬੰਧੀ ਗੱਲਬਾਤ ਕਰ ਰਿਹਾ ਸੀ ਤਾਂ ਪਿੱਛੋਂ ਦਿਲਬਾਗ ਸਿੰਘ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਉਸ ਦੀ ਬਰੀਜਾ ਗੱਡੀ ਪੀਬੀ02ਐਮ7798 ਦਾ ਡਰਾਈਵਰ ਵਾਲੇ ਪਾਸੇ ਦਾ ਸ਼ੀਸ਼ਾ ਰੋੜੇ ਨਾਲ ਭੰਨ ਕੇ ਵਿੱਚ ਪਏ ਹਰੇ ਰੰਗ ਦਾ ਲਿਫ਼ਾਫ਼ਾ, ਜਿਸ ਵਿੱਚ ਦਸ ਲੱਖ ਰੁਪਏ ਤੇ ਜ਼ਮੀਨ ਦਾ ਬਿਆਨਾ ਸੀ, ਲੈ ਕੇ ਫ਼ਰਾਰ ਹੋ ਗਿਆ।
ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਭਿੱਖੀਵਿੰਡ ਪੁਲਿਸ ਨੂੰ ਲੁੱਟ ਦੀ ਸੀਸੀਟੀਵੀ ਫੁਟੇਜ ਦਿੱਤੀ ਹੈ। ਅਵਤਾਰ ਸਿੰਘ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਉਕਤ ਵਿਅਕਤੀ ਨੂੰ ਉਸ ਦੇ ਸਾਥੀਆਂ ਸਮੇਤ ਗ੍ਰਿਫ਼ਤਾਰ ਕਰਕੇ ਉਸ ਦੇ ਪੈਸੇ ਤੇ ਕਾਗਜ਼ਾਤ ਵਾਪਸ ਕਰਵਾਉਣ ਦੀ ਮੰਗ ਕੀਤੀ ਹੈ।
ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਮੁਖੀ ਭਿੱਖੀਵਿੰਡ ਮਨੋਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਅਵਕਾਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਦਿਲਬਾਗ ਸਿੰਘ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ। ਐੱਸਐੱਚਓ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।