ਰੋਜ਼ਾਨਾ ਸਪੋਕਸਮੈਨ ਨੇ ਬਾਬਾ ਨਾਨਕ ਦੇ ਨਾਂਅ 'ਤੇ ਲੋਕਾਂ ਨਾਲ ਕੀਤੀ ਕਰੋੜਾਂ ਦੀ ਠੱਗੀ: ਪੀੜਤ

By  Jasmeet Singh June 26th 2023 10:14 AM -- Updated: June 26th 2023 10:30 AM

ਪੀ.ਟੀ.ਸੀ ਨਿਊਜ਼ ਡੈਸਕ: ਫਿਲੌਰ ਨਿਵਾਸੀ ਕਿਸਾਨ ਸਤਨਾਮ ਸਿੰਘ ਸੰਧੂ ਜਿਨ੍ਹਾਂ ਹੱਥੀਂ ਕਿਰਤ ਕਰਕੇ ਪਾਈ-ਪਾਈ ਜੋੜੀ ਸੀ, ਉਨ੍ਹਾਂ ਇਸ ਉਦੇਸ਼ ਦੇ ਨਾਲ ਰੋਜ਼ਾਨਾ ਸਪੋਕਸਮੈਨ ਟ੍ਰਸਟ ਦੇ ਮੁਖੀ ਜੋਗਿੰਦਰ ਸਿੰਘ ਨੂੰ 'ਉੱਚਾ ਦਰ ਬਾਬੇ ਨਾਨਕ ਦਾ' ਪ੍ਰੋਜੈਕਟ ਲਈ ਆਪਣੀ ਕਮਾਈ ਸੌਂਪੀ ਸੀ, ਕਿ ਇੱਕ ਪਾਸੇ ਤਾਂ ਪੰਥ ਦੀ ਸੇਵਾ ਹੋ ਜਾਵੇਗੀ ਅਤੇ ਦੂੱਜੇ ਪਾਸੇ ਉਸਦੀ ਕਮਾਈ 'ਚ ਕੁਝ ਇਜ਼ਾਫਾ ਵੀ ਹੋ ਜਾਵੇਗਾ। ਪਰ ਹੁਣ ਇਸ ਕਿਸਾਨ ਨੇ ਇਲਜ਼ਾਮ ਲਾਇਆ ਕਿ ਉਸਨੂੰ 14 ਸਾਲਾਂ 'ਚ ਸਿਰਫ਼ ਧੋਖਾ ਹੀ ਮਿਲਿਆ ਹੈ। 

ਪੀੜਤ ਕਿਸਾਨ ਸਤਨਾਮ ਸਿੰਘ ਸੰਧੂ

ਕਿਸਾਨ ਸਤਨਾਮ ਸਿੰਘ ਸੰਧੂ ਮੁਤਾਬਕ ਉਨ੍ਹਾਂ ਆਪਣੇ ਘਰੇ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਲਗਵਾਈ ਸੀ। ਜਿਸ ਵਿੱਚ ਇਹ ਇਸ਼ਤਿਹਾਰ ਆਉਂਦਾ ਸੀ ਵੀ ਜੇਕਰ ਤੁਸੀਂ ਸਿੱਖੀ ਨੂੰ ਬਚਾਉਣਾ ਤਾਂ ਰੋਜ਼ਾਨਾ ਸਪੋਕਸਮੈਨ ਦੀ ਮਾਲੀ ਸਹਾਇਤਾ ਕੀਤੀ ਜਾਵੇ। ਇਸ਼ਤਿਹਾਰ 'ਚ ਇਹ ਕਿਹਾ ਗਿਆ ਕਿ ਅਸੀਂ ਉਹ ਪੈਸੇ ਚਾਰ ਸਾਲਾਂ 'ਚ ਦੁਗਣੇ ਕਰ ਦਵਾਂਗੇ। ਸਤਨਾਮ ਸਿੰਘ ਮੁਤਾਬਕ ਇਹ ਪੈਸੇ ਰਾਜਪੁਰਾ ਨੇੜੇ 'ਉੱਚਾ ਦਰ ਬਾਬੇ ਨਾਨਕ ਦਾ' ਲਈ ਮੰਗੇ ਗਏ ਸਨ ਤਾਂ ਜੋ ਵਿਸ਼ਵ ਨੂੰ ਇਹ ਵਿਖਾਇਆ ਜਾ ਸਕੇ ਕਿ ਸਿੱਖੀ ਹੈ ਕੀ ਹੈ। 

ਪੀੜਤ ਕਿਸਾਨ ਸਤਨਾਮ ਸਿੰਘ ਸੰਧੂ ਦੇ ਨਾਂਅ ਰੋਜ਼ਾਨਾ ਅਦਾਰੇ ਵੱਲੋਂ ਜਾਰੀ ਡਰਾਫਟ 

ਸਿੰਘ ਦਾ ਕਹਿਣਾ ਕਿ ਇਸ ਪ੍ਰੋਜੈਕਟ ਲਈ ਉਨ੍ਹਾਂ 10,000 ਰੁਪਏ ਟ੍ਰਸਟੀ ਬਣਨ ਲਈ ਫੀਸ ਦਾ ਭੁਗਤਾਨ ਕੀਤਾ ਅਤੇ ਇਸ ਤੋਂ ਇਲਾਵਾ ਉਨ੍ਹਾਂ ਇੱਕ ਲੱਖ ਰੁਪਏ ਵੱਖਰੇ ਤੌਰ 'ਤੇ ਜਮ੍ਹਾ ਕਰਵਾਏ। ਉਨ੍ਹਾਂ ਕਿਹਾ ਕਿ ਇਹ ਪੈਸਾ ਸਾਲ 2009 'ਚ ਉਨ੍ਹਾਂ ਵਲੋਂ ਰੋਜ਼ਾਨਾ ਸਪੋਕਸਮੈਨ ਟ੍ਰਸਟ ਦੇ ਨਾਂਅ ਜਮ੍ਹਾ ਕਰਵਾਇਆ ਗਿਆ। ਸਤਨਾਮ ਸਿੰਘ ਦਾ ਕਹਿਣਾ ਕਿ ਉਨ੍ਹਾਂ ਦਾ ਇਹ ਨਿਵੇਸ਼ 2013 'ਚ ਪੂਰਾ ਹੋ, ਇਸਦਾ ਮੁਨਾਫ਼ਾ ਵਾਪਸ ਵੰਡਿਆ ਜਾਣਾ ਸੀ, ਪਰ ਉਦੋਂ ਫੇਰ ਚਿੱਠੀਆਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਅਦਾਰਾ ਸਪੋਕਸਮੈਨ ਸੰਕਟ 'ਚ ਹੈ ਤੇ ਤੁਸੀਂ ਮੁੜ੍ਹ ਤੋਂ ਦੋ ਸਾਲ ਲਈ ਪੈਸੇ ਅਦਾਰੇ ਨੂੰ ਦੇ ਦਿਓ ਤੇ ਤੁਹਾਨੂੰ 15% ਦਰ ਨਾਲ ਇਸਦਾ ਮੁਨਾਫ਼ਾ ਸੌਂਪਿਆ ਜਾਵੇਗਾ। 


ਪੀੜਤ ਕਿਸਾਨ ਸਤਨਾਮ ਸਿੰਘ ਸੰਧੂ ਦੇ ਨਾਂਅ ਰੋਜ਼ਾਨਾ ਅਦਾਰੇ ਵੱਲੋਂ ਜਾਰੀ ਰਸੀਦ ਦੀ ਕਾਪੀ 

ਕਿਸਾਨ ਸਤਨਾਮ ਸਿੰਘ ਦਾ ਇਲਜ਼ਾਮ ਹੈ ਕਿ ਉਨ੍ਹਾਂ ਅਦਾਰੇ ਦੀ ਗੱਲ ਫੇਰ ਮੰਨ ਲਈ, ਪਰ ਅਜੇ ਤਾਈਂ ਉਨ੍ਹਾਂ ਨੂੰ ਮੁਨਾਫ਼ੇ ਦਾ ਇੱਕ ਪੈਸਾ ਵੀ ਨਹੀਂ ਅਦਾ ਕੀਤਾ ਗਿਆ ਹੈ। ਇਸ ਬਾਬਤ ਉਨ੍ਹਾਂ ਪੀ.ਟੀ.ਸੀ ਪੱਤਰਕਾਰ ਨੂੰ ਰੋਜ਼ਾਨਾ ਟ੍ਰਸਟ ਵੱਲੋਂ ਦਿੱਤੇ ਗਏ ਦਸਤਾਵੇਜ਼ ਵੀ ਸਬੂਤ ਵਜੋਂ ਪੇਸ਼ ਕੀਤੇ। ਸਤਨਾਮ ਸਿੰਘ ਨੇ ਉਹ ਬਾਂਡ ਵੀ ਕੈਮਰੇ ਅੱਗੇ ਪੇਸ਼ ਕੀਤਾ ਜਿਸ 'ਚ ਸਾਲ 2009 'ਚ ਉਨ੍ਹਾਂ ਟ੍ਰਸਟ ਦੇ ਖਾਤੇ 'ਚ ਇੱਕ ਲੱਖ ਰੁਪਿਆ ਪਾਇਆ ਸੀ ਅਤੇ ਟ੍ਰਸਟ ਦੇ ਡਰਾਫਟ ਮੁਤਾਬਕ 2014 'ਚ ਉਨ੍ਹਾਂ ਨੂੰ 2 ਲੱਖ ਰੁਪਏ ਦੀ ਅਦਾਇਗੀ ਕੀਤੀ ਜਾਣੀ ਸੀ। ਸਤਨਾਮ ਸਿੰਘ ਕੋਲ ਇਸ ਬਾਬਤ ਇੱਕ ਚਿੱਠੀ ਵੀ ਪਈ ਹੈ, ਪਰ ਟ੍ਰਸਟ ਵੱਲੋਂ ਨਿਵੇਸ਼ ਦੇ ਨਾਮ 'ਤੇ ਮੁੜ੍ਹ ਤੋਂ ਰੱਖਿਆ ਗਿਆ ਇਹ ਪੈਸਾ ਅਜੇ ਤਾਈਂ ਵਾਪਿਸ ਨਹੀਂ ਮੋੜਿਆ ਗਿਆ ਹੈ।     

ਪੀੜਤ ਕਿਸਾਨ ਦਾ ਕਹਿਣਾ ਕਿ ਇਸ ਸਬੰਧੀ ਉਨ੍ਹਾਂ ਚੰਡੀਗੜ੍ਹ ਪੁਲਿਸ 'ਚ ਰਿਪੋਰਟ ਵੀ ਦਰਜ ਕਰਵਾਈ ਹੈ। ਉਨ੍ਹਾਂ ਸੈਕਟਰ - 21 ਦੇ ਸਪੋਕਸਮੈਨ ਦਫ਼ਤਰ 'ਚ ਰਾਬਤਾ ਵੀ ਕਾਇਮ ਕਰਨੀ ਚਾਹੀ ਪਰ ਉਥੇ ਉਨ੍ਹਾਂ ਨੂੰ ਕੋਈ ਹੋਰ ਹੀ ਕਿਰਾਏਦਾਰ ਮਿਲਿਆ। ਜਿਨ੍ਹਾਂ ਕਿਹਾ ਕਿ ਸਪੋਕਸਮੈਨ ਦਫ਼ਤਰ ਹੁਣ ਇਥੇ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਬਾਅਦ ਵਿੱਚ ਦਫ਼ਤਰ ਵਾਲਿਆਂ ਨਾਲ ਫੋਨ ਰਾਹੀਂ ਰਾਬਤਾ ਕਾਇਮ ਕੀਤੀ ਪਰ ਅਜੇ ਤੱਕ ਉਨ੍ਹਾਂ ਦੇ ਹੱਥ ਸੋਨੇ ਦੇ ਗੁੱਡੇ ਹੀ ਲੱਗੇ ਹਨ, ਜੋ ਹਰ ਵਾਰੀ ਗੱਲਾਂ ਗੱਲਾਂ 'ਚ ਰੋਜ਼ਾਨਾ ਟ੍ਰਸਟ ਵੱਲੋਂ ਉਨ੍ਹਾਂ ਨੂੰ ਫੜਾ ਦਿੱਤੇ ਜਾਂਦੇ ਹਨ। 

ਕਿਸਾਨ ਸਤਨਾਮ ਸਿੰਘ ਦੀ ਜ਼ੁਬਾਨੀ ਸੁਣੋ ਧੋਖੇ ਦੀ ਦਾਸਤਾਨ 


ਸਤਨਾਮ ਸਿੰਘ ਦਾ ਕਹਿਣਾ ਕਿ ਚੰਡੀਗੜ੍ਹ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਨੂੰ ਸ਼ਿਕਾਇਤਕਰਤਾ ਵੱਲੋਂ ਜਿਹੜੇ ਲੋਕਾਂ ਦਾ ਜ਼ਿਕਰ ਕੀਤਾ ਗਿਆ, ਉਹ ਨਹੀਂ ਲੱਭ ਰਹੇ ਹਨ। ਇਸਦੇ ਨਾਲ ਹੀ ਸਤਨਾਮ ਸਿੰਘ ਮੁਤਾਬਕ ਉਨ੍ਹਾਂ ਨੂੰ ਹੋਰਾਂ ਤੋਂ ਵੀ ਇਹ ਜਾਣਕਾਰੀ ਹਾਸਿਲ ਹੋਈ ਹੈ ਕਿ ਰੋਜ਼ਾਨਾ ਟ੍ਰਸਟ ਮਹਿਜ਼ ਧੋਖੇਬਾਜ਼ੀ ਹੈ ਅਤੇ ਹੋਰ ਕੁਝ ਵੀ ਨਹੀਂ। ਉਨ੍ਹਾਂ ਦਾ ਇਲਜ਼ਾਮ ਹੈ ਕਿ ਬਾਬੇ ਨਾਨਕ ਦਾ ਨਾਮ ਵਰਤ ਕੇ ਮਾਲਕ ਜੋਗਿੰਦਰ ਸਿੰਘ ਵੱਲੋਂ ਸਿੱਖ ਸ਼ਰਧਾਲੂਆਂ ਨੂੰ ਮੂਰਖ ਬਣਾਇਆ ਗਿਆ ਹੈ। 

ਇਹ ਵੀ ਪੜ੍ਹੋ: 
ਅਕਾਲੀ ਦਲ ਨੇ ਕੇਂਦਰ ਸਰਕਾਰ ਨੂੰ ਚੀਨ ਵੱਲੋਂ ਪੂਰਬੀ ਭਾਰਤ ਵਿਚੋਂ ਸਿੱਖ ਇਤਿਹਾਸ ਖ਼ਤਮ ਕਰਨ ਦੇ ਯਤਨਾਂ ਪ੍ਰਤੀ ਕੀਤਾ ਚੌਕਸ
ਸਸਤੀ ਸ਼ਰਾਬ ਦਾ ਲਾਲਚ ਪਿਆ ਮਹਿੰਗਾ; ਨਾਲ ਦੀ ਮਹਿਲਾ ਨੇ ਅਸ਼ਲੀਲ ਵੀਡੀਓ ਬਣਾ ਕੀਤਾ ਬਲੈਕਮੇਲ
ਹਿਮਾਚਲ: ਸ਼ਿਮਲਾ 'ਚ 15 ਸਾਲ ਬਾਅਦ ਕਾਂਗੜਾ 'ਚ ਪਹਿਲੀ ਵਾਰ 12 ਘੰਟਿਆਂ 'ਚ ਰਿਕਾਰਡ ਬਾਰਿਸ਼

Related Post