ਮੁੜ ਉੱਠੀ ਪੰਜਾਬ ਤੋਂ ਸ੍ਰੀ ਹਜ਼ੂਰ ਸਾਹਿਬ ਲਈ ਸਿੱਧੀਆਂ ਉਡਾਣਾਂ ਦੀ ਮੰਗ; ਇਨ੍ਹਾਂ ਕਾਰਨਾਂ ਕਰ ਕੇ ਹੋਈ ਜਾਰੀ ਹਵਾਈ ਸੇਵਾ ਠੱਪ

By  Jasmeet Singh August 4th 2023 01:03 PM -- Updated: August 4th 2023 01:15 PM

ਚੰਡੀਗੜ੍ਹ: ਸ੍ਰੀ ਫਤਹਿਗੜ੍ਹ ਸਾਹਿਬ ਦੇ ਸੰਸਦ ਮੈਂਬਰ ਡਾ: ਅਮਰ ਸਿੰਘ ਨੇ ਅੱਜ ਦਿੱਲੀ ਵਿਖੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨਾਲ ਮੁਲਾਕਾਤ ਕੀਤੀ। ਡਾ: ਸਿੰਘ ਨੇ ਮੰਤਰੀ ਨੂੰ ਦੱਸਿਆ ਕਿ ਪੰਜਾਬ ਤੋਂ ਹਰ ਸਾਲ ਲੱਖਾਂ ਸ਼ਰਧਾਲੂ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਕਰਦੇ ਹਨ। ਇਸ ਦੇ ਬਾਵਜੂਦ ਨਾਂਦੇੜ ਹਵਾਈ ਅੱਡੇ ਲਈ ਕੋਈ ਉਡਾਣਾਂ ਨਹੀਂ ਹਨ।ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਜਦੋਂ ਦੇਸ਼ ਭਰ ਵਿੱਚ ਨਵੇਂ ਹਵਾਈ ਅੱਡੇ ਬਣਾਏ ਜਾ ਰਹੇ ਹਨ ਅਤੇ ਛੋਟੇ ਸ਼ਹਿਰਾਂ ਲਈ ਵੀ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਇਹ ਮੰਦਭਾਗਾ ਹੈ ਕਿ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਅਸਥਾਨਾਂ ਵਿੱਚੋਂ ਇੱਕ ਲਈ ਕੋਈ ਫਲਾਈਟ ਕਨੈਕਟੀਵਿਟੀ ਨਹੀਂ ਹੈ। 

Dr amar singh
ਸੰਸਦ ਮੈਂਬਰ ਡਾ: ਅਮਰ ਸਿੰਘ ਦਿੱਲੀ ਵਿਖੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੂੰ ਮੰਗ ਪੱਤਰ ਸੌਂਪਦੇ ਹੋਏ

ਸਿੰਘ ਨੇ ਮੰਤਰੀ ਨੂੰ ਪੰਜਾਬ ਤੋਂ ਨਾਂਦੇੜ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਬੇਨਤੀ ਕਰਦਿਆਂ ਕਿਹਾ ਕਿ ਇਸ ਨਾਲ ਬਹੁਤ ਸਾਰੇ ਸ਼ਰਧਾਲੂਆਂ ਨੂੰ ਪੰਜਾਬ ਤੋਂ ਵਧੇਰੇ ਆਰਾਮ ਅਤੇ ਸਹੂਲਤ ਨਾਲ ਯਾਤਰਾ ਕਰਨ ਵਿੱਚ ਮਦਦ ਮਿਲੇਗੀ। 

ਕਦੋਂ ਅਤੇ ਕਿਉਂ ਬੰਦ ਹੋਈਆਂ ਪਹਿਲਾਂ ਤੋਂ ਜਾਰੀ ਹਵਾਈ ਸੇਵਾਵਾਂ ?

ਨਾਂਦੇੜ ਸਿੱਖ ਭਾਈਚਾਰੇ ਲਈ ਇੱਕ ਮਹੱਤਵਪੂਰਨ ਤੀਰਥ ਸਥਾਨ ਹੈ। ਜਿੱਥੇ ਲਈ ਸਿੱਧੀ ਉਡਾਣ ਨਾਲ ਸਫ਼ਰ ਸਿਰਫ਼ ਢਾਈ ਘੰਟੇ ਵਿੱਚ ਹੀ ਪੂਰਾ ਕੀਤਾ ਜਾ ਸਕਦਾ ਹੈ ਪਰ ਨਾਂਦੇੜ ਲਈ ਫਲਾਈਟ ਮੁਅੱਤਲ ਹੋਣ ਕਾਰਨ ਸ਼ਰਧਾਲੂਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਫਲਾਈਟ ਸੇਵਾ ਸਾਲ 2019 ਤੋਂ 2021 ਤੱਕ ਤਿੰਨ ਸਾਲਾਂ ਲਈ ਚਾਲੂ ਰਹੀ ਅਤੇ ਇਸਨੇ ਸ਼ਰਧਾਲੂਆਂ, ਗੈਰ-ਨਿਵਾਸੀ ਭਾਰਤੀਆਂ ਅਤੇ ਸੈਲਾਨੀਆਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਪੂਰਾ ਵੀ ਕੀਤਾ। ਪਰ ਪਿਛਲੇ ਦੋ ਸਾਲਾਂ ਤੋਂ ਇਹ ਫਲਾਈਟ ਸੇਵਾ ਠੱਪ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਨਾਂਦੇੜ ਸਾਹਿਬ ਦੇ ਉਸ ਪ੍ਰਸ਼ਾਸਕ ਬਾਰੇ ਜਾਣੋ ਜਿਸਨੇ ਗੁਰਦੁਆਰੇ ਦੀ ਸਾਲਾਨਾ ਆਮਦਨ 'ਚ ਕੀਤਾ 27 ਕਰੋੜ ਦਾ ਵਾਧਾ

ਭਾਰਤ ਦੀ ਜਨਤਕ ਖੇਤਰ ਦੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੇ 8 ਜਨਵਰੀ 2019 ਤੋਂ ਚੰਡੀਗੜ੍ਹ ਤੋਂ ਨਾਂਦੇੜ ਲਈ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਸਨ। ਏਅਰ ਇੰਡੀਆ ਵੱਲੋਂ ਇਸ ਉਡਾਣ ਨੂੰ ਸਿੱਖ ਭਾਈਚਾਰੇ ਲਈ ਨਵੇਂ ਸਾਲ ਦੇ ਤੋਹਫੇ ਵਜੋਂ ਪੇਸ਼ ਕੀਤਾ ਗਿਆ ਸੀ। ਅੰਮ੍ਰਿਤਸਰ ਤੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਪਹਿਲਾਂ ਵੀ ਕਈ ਸਿੱਧੀਆਂ ਉਡਾਣਾਂ ਚੱਲ ਰਹੀਆਂ ਸਨ, ਪਰ ਜਦੋਂ ਸਾਲ 2021 'ਚ ਟਾਟਾ ਨੇ ਏਅਰ ਇੰਡੀਆ ਨੂੰ ਖਰੀਦਿਆ ਤਾਂ ਇਨ੍ਹਾਂ ਉਡਾਣਾਂ ਨੂੰ ਬੰਦ ਕਰ ਦਿੱਤਾ ਗਿਆ। ਵਿਸ਼ੇਸ਼ ਤੌਰ 'ਤੇ ਅੰਮ੍ਰਤਿਸਰ ਤੋਂ ਨਾਂਦੇੜ ਅਤੇ ਚੰਡੀਗੜ੍ਹ ਤੋਂ ਨਾਂਦੇੜ ਸਾਹਿਬ ਲਈ ਹਵਾਈ ਉਡਾਣਾਂ ਬੰਦ ਹੋਣ ਕਾਰਨ ਸ਼ਰਧਾਲੂਆਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਚੰਡੀਗੜ੍ਹ ਨਿਵਾਸੀ ਨਰਿੰਦਰ ਸਿੰਘ ਦੱਸਦੇ ਨੇ, "ਅਸੀਂ ਸਾਲ 2019 'ਚ ਇੱਕ ਵਾਰਾਂ ਚੰਡੀਗੜ੍ਹ ਤੋਂ ਨਾਂਦੇੜ ਸਾਹਿਬ ਲਈ ਏਅਰ ਇੰਡੀਆ ਦੀ ਫਲਾਈਟ ਬੁੱਕ ਕਾਰਵਾਈ ਸੀ, ਜੋ ਸਵੇਰੇ 9 ਵਜੇ ਦੇ ਨੇੜੇ ਉੱਡਣੀ ਸੀ ਪਰ ਫਲਾਈਟ ਉੱਡਣ ਤੋਂ 3 ਘੰਟੇ ਪਹਿਲਾਂ ਸਾਨੂੰ ਮੈਸਜ ਆਇਆ ਜਿਸ ਵਿੱਚ ਲਿਖਿਆ ਸੀ ਕਿ ਕਿਸੇ ਕਾਰਨ ਕਰਕੇ ਇਹ ਉਡਾਣ ਹੁਣ ਨਹੀਂ ਜਾ ਪਵੇਗੀ ਅਤੇ ਤੁਹਾਡੇ ਸਾਰੇ ਪੈਸੇ ਮੋੜ ਦਿੱਤੇ ਜਾਣਗੇ, ਉਸ ਵੇਲੇ ਤੱਕ ਅਸੀਂ ਮੁਹਾਲੀ-ਚੰਡੀਗੜ੍ਹ ਏਅਰਪੋਰਟ ਪਹੁੰਚ ਚੁਕੇ ਸਨ। ਜਿਥੋਂ ਸਾਨੂੰ ਨਾਮੋਸ਼ੀ 'ਚ ਵਾਪਸ ਮੁੜਨਾ ਪਿਆ।"

ਫਲਾਈਟ ਸੇਵਾ ਠੱਪ ਹੋਣ ਦਾ ਕਾਰਨ ਕੋਰੋਨਾਂ ਮਹਾਂਮਾਰੀ ਤੋਂ ਬਾਅਦ ਅੰਮ੍ਰਿਤਸਰ ਅਤੇ ਚੰਡੀਗੜ੍ਹ ਤੋਂ ਸ੍ਰੀ ਨਾਂਦੇੜ ਸਾਹਿਬ ਲਈ ਯਾਤਰੂਆਂ ਦੀ ਘੱਟ ਦਿਲਚਸਪੀ ਦੱਸੀ ਗਈ। ਨਰਿੰਦਰ ਸਿੰਘ ਵੀ ਦੱਸਿਆ ਕਿ ਘੱਟ ਯਾਤਰੀ ਹੋਣ ਕਰਕੇ ਸਾਡੀ ਫਲਾਈਟ ਰੱਦ ਕੀਤੀ ਗਈ ਸੀ। 

ਜਦੋਂ ਏਅਰ ਇੰਡੀਆ ਨੇ ਦੋ ਪ੍ਰਮੁੱਖ ਉਡਾਣਾਂ ਕੀਤੀਆਂ ਮੁਅੱਤਲ

ਮੀਡੀਆ ਰਿਪੋਰਟਾਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਏਅਰ ਇੰਡੀਆ ਨੇ ਅਕਤੂਬਰ 2021 'ਚ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਆਪਣੇ ਦੋ ਪ੍ਰਮੁੱਖ ਰੂਟਾਂ, ਨਾਂਦੇੜ ਲਈ ਹਫ਼ਤੇ ਵਿੱਚ ਤਿੰਨ ਵਾਰ ਸਿੱਧੀ ਉਡਾਣ ਅਤੇ ਹਫ਼ਤੇ ਵਿੱਚ ਇੱਕ ਵਾਰ ਦਿੱਲੀ-ਅੰਮ੍ਰਿਤਸਰ-ਰੋਮ ਰੂਟ ਦਾ ਸੰਚਾਲਨ ਮੁਅੱਤਲ ਕਰ ਦਿੱਤਾ ਸੀ। ਉਸ ਵੇਲੇ ਕੰਪਨੀ ਨੇ ਕਿਹਾ ਕਿ 29 ਅਕਤੂਬਰ 2021 ਤੋਂ 26 ਮਾਰਚ 2022 ਤੱਕ ਲਾਗੂ ਰਹਿਣ ਵਾਲੇ ਇਸ ਦੇ ਸਰਦੀਆਂ ਦੀ ਸਮਾਂ-ਸਾਰਣੀ ਵਿੱਚ ਇਨ੍ਹਾਂ ਦੋਵਾਂ ਉਡਾਣਾਂ ਦੀ ਬੁਕਿੰਗ ਏਅਰਲਾਈਨ ਦੀ ਵੈੱਬਸਾਈਟ 'ਤੇ ਉਪਲਬਧ ਨਹੀਂ ਰਹੇਗੀ।

ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਤੋਂ ਲੈਕੇ ਸੀਨੀਅਰ ਅਕਾਲੀ ਆਗੂ ਵੀ ਕਰ ਚੁਕੇ ਅਪੀਲ

ਹਾਲਾਂਕਿ ਏਅਰਲਾਈਨ ਦੇ ਇਸ ਫੈਸਲੇ ਤੋਂ ਯਾਤਰੀਆਂ ਅਤੇ ਸ਼ਰਧਾਲੂਆਂ ਨੂੰ ਕਾਫ਼ੀ ਪ੍ਰੇਸ਼ਾਨੀ ਵੀ ਹੋਈ। ਉਸ ਦਰਮਿਆਨ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਤਤਕਾਲੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਧਿਆਨ ਇਸ ਮੁੱਦੇ ਵੱਲ ਖਿੱਚਿਆ ਸੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨਾਲ ਸੰਪਰਕ ਕਰਨ ਦੀ ਵੀ ਬੇਨਤੀ ਕੀਤੀ ਸੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਰੂਟ ਚਾਲੂ ਰਹਿਣ।

harsimrat badal
ਸੀਨੀਅਰ ਅਕਾਲੀ ਦਲ ਆਗੂ ਹਰਸਿਮਰਤ ਕੌਰ ਬਾਦਲ

ਦਸੰਬਰ 2022 'ਚ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਵੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੰਤਿਮ ਵਿਸ਼ਰਾਮ ਅਸਥਾਨ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਲਈ ਪੰਜਾਬ ਤੋਂ ਉਡਾਣਾਂ ਬਹਾਲ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਤੋਂ ਬਾਅਦ ਅੰਮ੍ਰਿਤਸਰ-ਨਾਂਦੇੜ ਸਾਹਿਬ ਉਡਾਣ ਮੁੜ ਸ਼ੁਰੂ ਨਹੀਂ ਕੀਤੀ ਗਈ। ਇੱਕ ਪੱਤਰ ਵਿੱਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਸੀ ਕਿ ਅੰਮ੍ਰਿਤਸਰ-ਨਾਂਦੇੜ ਸਾਹਿਬ ਉਡਾਣ ਨੂੰ ਮੁੜ ਸ਼ੁਰੂ ਕਰਨ ਨਾਲ ਉਨ੍ਹਾਂ ਸ਼ਰਧਾਲੂਆਂ ਨੂੰ ਸਹੂਲਤ ਮਿਲੇਗੀ ਜੋ ਪਵਿੱਤਰ ਤਖ਼ਤ ਦੇ ਦਰਸ਼ਨ ਕਰਨ ਲਈ ਆਵਾਜਾਈ ਦੇ ਹੋਰ ਰੂਪਾਂ ਵਿੱਚ ਅਸਮਰੱਥ ਸਨ। ਬਠਿੰਡਾ ਦੇ ਸੰਸਦ ਮੈਂਬਰ ਨੇ ਕਿਹਾ ਸੀ ਕਿ ਸ਼ਰਧਾਲੂ ਮਹਾਨ ਗੁਰੂ ਦੇ ਪ੍ਰਕਾਸ਼ ਪੁਰਬ 'ਤੇ 29 ਦਸੰਬਰ ਨੂੰ ਨਾਂਦੇੜ ਸਾਹਿਬ ਜਾਣ ਲਈ ਵਿਸ਼ੇਸ਼ ਤੌਰ 'ਤੇ ਉਤਸੁਕ ਸਨ।

ਇਹ ਵੀ ਪੜ੍ਹੋ: ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਲੋਂ ਸੰਗਤਾਂ ਲਈ ਜਾਰੀ ਕੀਤੀ ਗਈ 24X7 ਵਿਸ਼ੇਸ਼ ਹੈਲਪ ਲਾਈਨ

sri hazoor sahib
ਤਖ਼ਤ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ, ਨਾਂਦੇੜ

ਤਖ਼ਤ ਸ੍ਰੀ ਹਜ਼ੂਰ ਸਾਹਿਬ ਬਾਰੇ ਸੰਖੇਪ ਜਾਣਕਾਰੀ 

ਨਾਂਦੇੜ ਵਿੱਚ ਗੋਦਾਵਰੀ ਨਦੀ ਦੇ ਕੰਢੇ ਸਥਿਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਸਿੱਖ ਕੌਮ ਦਾ ਪੰਜਵਾਂ ਤਖ਼ਤ ਹੈ। ਦਸਵੇਂ ਗੁਰੂ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੇ ਅਖੀਰਲਾ ਸਮਾਂ ਇਸ ਅਸਥਾਨ 'ਤੇ ਬਿਤਾਇਆ ਸੀ। ਤਖ਼ਤ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਦੀ ਉਸਾਰੀ ਸਿੱਖ ਬਾਦਸ਼ਾਹ, ਮਹਾਰਾਜਾ ਰਣਜੀਤ ਸਿੰਘ ਨੇ 1832 ਤੋਂ 1837 ਦਰਮਿਆਨ ਕਰਵਾਈ ਸੀ।

Related Post