Drug Awareness : ਮਾਨਾਂਵਾਲਾ ਤੇ ਘਸੀਟਪੁਰਾ ਦੀਆਂ ਪੰਚਾਇਤਾਂ ਵੱਲੋਂ ਨਸ਼ੇ ਖਿਲਾਫ਼ ਮਤੇ, IAS, IPS ਦੀ ਪੜ੍ਹਾਈ ਲਈ ਚੁੱਕਣਗੇ ਬੱਚਿਆਂ ਦਾ ਖਰਚਾ!

Campaign against Drug : ਅੰਮ੍ਰਿਤਸਰ ਦੇ ਪਿੰਡ ਮਾਨਾਵਾਲਾ ਕਲਾਂ ਅਤੇ ਬਟਾਲਾ ਦੇ ਪਿੰਡ ਘਸੀਟਪੁਰਾ ਕਲਾਂ ਦੀ ਪੰਚਾਇਤ ਨੇ ਮਤੇ ਪਾ ਕੇ ਨਸ਼ਾ ਕਰਨ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਪਿੰਡ ਵਿੱਚ ਕੋਈ ਹੁੰਗਾਰਾ ਨਾ ਦੇਣ ਲਈ ਕਿਹਾ ਹੈ।

By  KRISHAN KUMAR SHARMA January 3rd 2025 04:43 PM -- Updated: January 3rd 2025 04:45 PM

Campaign against Drug : ਪੰਜਾਬ 'ਚ ਵੱਧ ਰਹੇ ਨਸ਼ਿਆਂ ਖਿਲਾਫ਼ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਮਤੇ ਪਾਏ ਜਾ ਰਹੇ ਹਨ, ਜਿਸ ਨੂੰ ਨਸ਼ੇ ਖਿਲਾਫ਼ ਜੰਗ ਮੰਨਿਆ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਹੁਣ ਅੰਮ੍ਰਿਤਸਰ ਦੇ ਪਿੰਡ ਮਾਨਾਵਾਲਾ ਕਲਾਂ ਅਤੇ ਬਟਾਲਾ ਦੇ ਪਿੰਡ ਘਸੀਟਪੁਰਾ ਕਲਾਂ ਦੀ ਪੰਚਾਇਤ ਨੇ ਮਤੇ ਪਾ ਕੇ ਨਸ਼ਾ ਕਰਨ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਪਿੰਡ ਵਿੱਚ ਕੋਈ ਹੁੰਗਾਰਾ ਨਾ ਦੇਣ ਲਈ ਕਿਹਾ ਹੈ।

ਮਾਨਾਂਵਾਲਾ ਪੰਚਾਇਤ ਨੇ ਪਾਸ ਕੀਤੇ 5 ਮਤੇ

ਪਿੰਡ ਵਿੱਚ ਨਵੀਂ ਬਣੀ ਪੰਚਾਇਤ ਨੇ ਮੀਟਿੰਗ ਕਰਕੇ ਪੰਜ ਅਹਿਮ ਮਤੇ ਪਾਸ ਕੀਤੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਪਿੰਡ ਦੇ ਸਟੇਡੀਅਮ ਦਾ ਨਾਂ ਡਾ. ਮਨਮੋਹਨ ਸਿੰਘ ਦੇ ਨਾਂ ’ਤੇ ਰੱਖਣ ਤੋਂ ਇਲਾਵਾ ਪਿੰਡ ਵਿੱਚ ਨਸ਼ਾ ਵੇਚਣ ਵਾਲੇ ਤੇ ਵੇਚਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਅਤੇ ਦਾ ਸਮਾਜਿਕ ਬਾਈਕਾਟ ਕੀਤਾ ਗਿਆ ਹੈ ਅਤੇ ਉਸ ਦੇ ਘਰ ਦਾ ਨਿਰੀਖਣ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਪਿੰਡ ਦੇ ਹਰ ਘਰ ਵਿੱਚ ਪੈਦਾ ਹੋਣ ਵਾਲੀ ਹਰ ਬੱਚੀ ਲਈ 3100 ਰੁਪਏ ਦੀ ਐਫ.ਡੀ. ਕਰਨ ਦਾ ਵੀ ਫੈਸਲਾ ਕੀਤਾ ਗਿਆ। ਪਿੰਡ ਵਿੱਚ ਪੜ੍ਹਦੇ ਬੱਚਿਆਂ ਦੀ IPS, IAS ਜਾਂ PCS ਦੀ ਪੜ੍ਹਾਈ ਦਾ ਖਰਚਾ ਪਿੰਡ ਦੀ ਪੰਚਾਇਤ ਅਤੇ ਦਾਨੀ ਸੱਜਣ ਸਾਂਝੇ ਤੌਰ 'ਤੇ ਚੁੱਕਣਗੇ। ਇਸ ਦੇ ਨਾਲ ਹੀ ਕਿਸੇ ਵੀ ਸਮਾਗਮ ਲਈ ਡੀਜੇ ਦੀ ਇਜਾਜ਼ਤ ਲੈਣੀ ਪਵੇਗੀ ਅਤੇ ਡੀਜੇ ਰਾਤ 10.30 ਵਜੇ ਤੱਕ ਹੀ ਬਣਾਇਆ ਜਾ ਸਕੇਗਾ।

ਪਿੰਡ ਦੀ ਪੰਚਾਇਤ ਦੇ ਇਸ ਫੈਸਲੇ ਤੋਂ ਪਿੰਡ ਵਾਸੀ ਕਾਫੀ ਖੁਸ਼ ਹਨ। ਪਿੰਡ ਦੀਆਂ ਔਰਤਾਂ ਅਤੇ ਪੰਚਾਇਤ ਮੈਂਬਰਾਂ ਨੇ ਪੰਚਾਇਤ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਪਿੰਡ ਵਿੱਚ ਨਸ਼ਿਆਂ ਦੀ ਸਮੱਸਿਆ ਲਗਾਤਾਰ ਵੱਧਦੀ ਜਾ ਰਹੀ ਹੈ, ਇਸ ਲਈ ਇਸ ਵਿਰੁੱਧ ਠੋਸ ਕਦਮ ਚੁੱਕਣ ਦੀ ਸਖ਼ਤ ਲੋੜ ਹੈ।

'ਨਸ਼ੇ ਕਰਨ ਤੇ ਵੇਚਣ ਵਾਲਿਆਂ ਦੀ ਨਹੀਂ ਕਰੇਗਾ ਕੋਈ ਪੈਰਵਾਈ'

ਉਧਰ, ਬਟਾਲਾ ਦੇ ਨਜ਼ਦੀਕੀ ਪਿੰਡ ਘਸੀਟਪੁਰ ਕਲਾਂ 'ਚ ਵੀ ਪੰਚਾਇਤ ਨੇ ਨਸ਼ਾ ਵੇਚਣ ਤੇ ਕਰਨ ਵਾਲਿਆਂ ਵਿਰੁੱਧ ਸਖਤ ਫੈਸਲਾ ਲਿਆ ਹੈ। ਸਰਪੰਚ ਬੀਬੀ ਲਵਪ੍ਰੀਤ ਕੌਰ ਅਤੇ ਸਮੂਹ ਪੰਚਾਂ ਤੇ ਪਿੰਡ ਵਾਸੀਆਂ ਵੱਲੋਂ ਇੱਕ ਇਕੱਤਰਤਾ ਦੌਰਾਨ ਨਸ਼ਾ ਵੇਚਣ ਵਾਲਿਆਂ ਵਿਰੁੱਧ ਮਤਾ ਪਾਸ ਕੀਤਾ ਗਿਆ ਹੈ। ਸਰਪੰਚ ਲਵਪ੍ਰੀਤ ਕੌਰ ਨੇ ਦੱਸਿਆ ਕਿ ਮਤੇ ਅਨੁਸਾਰ ਪਿੰਡ 'ਚ ਨਸ਼ਾ ਵੇਚਣ ਵਾਲਿਆਂ ਦੀ ਫੜੇ ਜਾਣ 'ਤੇ ਕੋਈ ਵੀ ਪੈਰਵਾਈ ਨਹੀਂ ਕੀਤੀ ਜਾਵੇਗੀ। ਸਭ ਤੋਂ ਪਹਿਲਾਂ ਪਿੰਡ 'ਚ ਨਸ਼ਾ ਵੇਚਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਹੋਵੇਗੀ ਅਤੇ ਜੇਕਰ ਨਸ਼ਾ ਵੇਚਣ ਵਾਲਾ ਜਾਂ ਕਰਨ ਵਾਲਾ ਪੁਲਿਸ ਅੜਿੱਕੇ ਆਉਂਦਾ ਹੈ ਤਾਂ ਪੰਚਾਇਤ ਉਸਦੀ ਕਾਰਵਾਈ ਨਹੀਂ ਕਰੇਗੀ ਅਤੇ ਉਸ ਦੀ ਜ਼ਮਾਨਤ ਵੀ ਪਿੰਡ ਵਾਸੀਆਂ ਵੱਲੋਂ ਨਹੀਂ ਭਰੀ ਜਾਵੇਗੀ।

Related Post