United Kingdom ’ਚ ਕਿਰਾਏ ’ਤੇ ਸਕੂਲ ਲੈ ਕੇ ਇਹ ਸਿੰਘ ਬੱਚਿਆਂ ਨੂੰ ਜੋੜ ਰਿਹਾ ਸਿੱਖੀ ਨਾਲ, ਜਾਣੋ ਇਸ ਸਕੂਲ ਦੀ ਹੋਰ ਕੀ ਹੈ ਖਾਸੀਅਤ ?
ਮਿਲੀ ਜਾਣਕਾਰੀ ਮੁਤਾਬਿਕ ਇੰਗਲੈਂਡ ਦੇ ਬ੍ਰਿਸਟਲ ਵਿੱਚ ਰਹਿਣ ਵਾਲੇ ਭਾਈ ਸੁਖਜੀਵਨ ਸਿੰਘ,ਆਸ਼ੀਸ਼ ਕੁਮਾਰ,ਕਰਮਜੀਤ ਸਿੰਘ, ਸੁਖਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਸਾਲ 2018 ’ਚ ਮਿਲਕੇ ਸ੍ਰੀ ਗੁਰੂ ਹਰਗੋਵਿੰਦ ਸਾਹਿਬ ਗੁਰਮਤਿ ਵਿਦਿਆਲਾ, ਬ੍ਰਿਸਟਲ ਦੀ ਸ਼ੁਰੂਆਤ ਕੀਤੀ।
United Kingdom School : ਇੰਗਲੈਂਡ ਦੇ ਬ੍ਰਿਸਟਲ ਵਿੱਚ ਪੰਜਾਬ ਦੀ ਇੱਕ ਝਲਕ ਵੇਖਣ ਨੂੰ ਮਿਲੀ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਤਸਵੀਰ ਪੰਜਾਬ ਦੇ ਨਹੀਂ, ਸਗੋਂ ਵਿਦੇਸ਼ ’ਚ ਰਹਿੰਦੇ ਪੰਜਾਬੀ ਮਾਪਿਆਂ ਦੇ ਬੱਚਿਆਂ ਦੀ ਹੈ, ਜੋ ਕਿ ਇਥੇ ਹੀ ਜੰਮੇ ਹਨ। ਇਸ ਸੋਚ ਦੇ ਪਿੱਛੇ ਭਾਈ ਸੁਖਜੀਵਨ ਸਿੰਘ, ਆਸ਼ੀਸ਼ ਕੁਮਾਰ, ਕਰਮਜੀਤ ਸਿੰਘ, ਸੁਖਜੀਤ ਸਿੰਘਅਤੇ ਗੁਰਵਿੰਦਰ ਸਿੰਘ ਦਾ ਹੱਥ ਹੈ ਜਿਨ੍ਹਾਂ ਦਾ ਉਦੇਸ਼ ਸੀ ਪੰਜਾਬ ਅਤੇ ਪੰਜਾਬੀਅਤ ਨੂੰ ਜਿਉਂਦਾ ਰੱਖਣਾ।
ਜਾਣਕਾਰੀ ਮੁਤਾਬਿਕ ਇੰਗਲੈਂਡ ਦੇ ਬ੍ਰਿਸਟਲ ਵਿੱਚ ਰਹਿਣ ਵਾਲੇ ਭਾਈ ਸੁਖਜੀਵਨ ਸਿੰਘ, ਆਸ਼ੀਸ਼ ਕੁਮਾਰ, ਕਰਮਜੀਤ ਸਿੰਘ, ਸੁਖਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਸਾਲ 2018 ’ਚ ਰਲ ਕੇ ਸ੍ਰੀ ਗੁਰੂ ਹਰਗੋਵਿੰਦ ਸਾਹਿਬ ਗੁਰਮਤਿ ਵਿਦਿਆਲਾ, ਬ੍ਰਿਸਟਲ ਦੀ ਸ਼ੁਰੂਆਤ ਕੀਤੀ। ਇਸ ਲਈ ਉਨ੍ਹਾਂ ਨੇ ਬ੍ਰਿਸਟਲ ਦੇ ਇਕ ਸਰਕਾਰੀ ਸਕੂਲ "ਮੇ ਪਾਰਕ ਪ੍ਰਾਇਮਰੀ ਸਕੂਲ" ਦੀ ਇਮਾਰਤ ਨੂੰ ਸੋਮਵਾਰ ਅਤੇ ਐਤਵਾਰ ਨੂੰ ਕਿਰਾਏ ’ਤੇ ਲੈ ਲਿਆ।
ਇਸ ਤੋਂ ਬਾਅਦ ਇਸ ਇਮਾਰਤ ’ਚ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ, ਪੰਜਾਬ ਦੇ ਵਿਰਸੇ ਅਤੇ ਗੁਰਮਤਿ ਨਾਲ ਜੋੜਣ ਦੀ ਪਹਿਲ ਕੀਤੀ। ਇਸ ਪਹਿਲ ਸਦਕਾ ਉਨ੍ਹਾਂ ਨੇ ਇਹ ਸੋਚਿਆ ਕਿ ਉਹ ਉਨ੍ਹਾਂ ਬੱਚਿਆਂ ਨੂੰ ਪੰਜਾਬ ਅਤੇ ਪੰਜਾਬ ਦੇ ਵਿਰਸੇ ਤੇ ਗੁਰਮਤਿ ਨਾਲ ਜੋੜਨਗੇ, ਜਿਨ੍ਹਾਂ ਦੇ ਮਾਂ-ਪਿਓ ਬੇਸ਼ੱਕ ਪੰਜਾਬ ਤੋਂ ਹਨ ਪਰ ਇੱਥੇ ਪੱਕੇ ਹੋ ਗਏ ਹਨ ਪਰ ਉਨ੍ਹਾਂ ਦੇ ਬੱਚੇ ਪੰਜਾਬੀ ਵਿਰਸੇ ਬਾਰੇ ਕੁਝ ਨਹੀਂ ਜਾਣਦੇ।
ਸਕੂਲ ਚਲਾ ਰਹੇ ਭਾਈ ਸੁਖਜੀਵਨ ਸਿੰਘ, ਆਸ਼ੀਸ਼ ਕੁਮਾਰ, ਕਰਮਜੀਤ ਸਿੰਘ, ਸੁਖਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸ਼ੁਰੂਆਤ ’ਚ ਉਨ੍ਹਾਂ ਨੂੰ ਕੋਈ ਖਾਸਾ ਹੁੰਗਾਰਾ ਨਹੀਂ ਮਿਲਿਆ ਪਰ ਜਿਵੇਂ-ਜਿਵੇਂ ਇਸ ਸਕੂਲ ਬਾਰੇ ਪੰਜਾਬੀ ਵੀਰਾਂ ਅਤੇ ਭੈਣਾਂ ਨੂੰ ਪਤਾ ਲੱਗਿਆ ਤਾਂ ਫਿਰ ਇਸ ਸਕੂਲ ਲਈ ਲੋਕਾਂ ’ਚ ਰੁਝਾਣ ਵੱਧਣ ਲੱਗਾ।
ਫਿਲਹਾਲ ਇਸ ਸਕੂਲ ’ਚ 120 ਬੱਚੇ ਪੰਜਾਬੀ ਅਤੇ ਗੁਰਮਤਿ ਦੀ ਸਿੱਖਿਆ ਲੈ ਰਹੇ ਹਨ, ਜੋ ਕਿ ਮੁਫਤ ਹੈ। ਸ਼ਨੀਵਾਰ ਨੂੰ ਬੱਚਿਆਂ ਦੀ ਪੰਜਾਬੀ ਦੀ ਕਲਾਸ ਲੱਗਦੀ ਹੈ ਜਿਸ ’ਚ ਗੁਰਮਤਿ ਦੀ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਗੱਤਕਾ ਵੀ ਸਿਖਾਇਆ ਜਾਂਦਾ ਹੈ, ਜਦਕਿ ਐਤਵਾਰ ਨੂੰ ਸੰਖਿਆ ਦੀ ਸਿੱਖਿਆ ਦਿੱਤੀ ਜਾਂਦੀ ਹੈ।
ਇਸੇ ਤਰ੍ਹਾਂ ਹੀ ਸੋਮਵਾਰ ਨੂੰ ਤਬਲਾ ਅਤੇ ਵੀਰਵਾਰ ਨੂੰ ਹਰਮੋਨੀਅਮ ਵੀ ਸਿਖਾਇਆ ਜਾਂਦਾ ਹੈ। ਇਸ ਨੇਕ ਕੰਮ ਨੂੰ ਵੇਖ ਕੇ ਕਈ ਸੇਵਾਦਾਰ ਜੁੜਨੇ ਸ਼ੁਰੂ ਹੋ ਗਏ ਅਤੇ ਅੱਜ ਬ੍ਰਿਸਟਲ ’ਚ ਪੰਜਾਬ ਦੀ ਤਸਵੀਰ ਦੇਖ ਕੇ ਅਜਿਹੀ ਸੋਚ ਵੇਖ ਕੇ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ।