ਦਰਮਿਆਨੀ ਬਾਰਿਸ਼ ਨਾਲ ਧੁੰਦ ਤੋਂ ਮਿਲੀ ਰਾਹਤ, ਠੰਢ ਨੇ ਫੜਿਆ ਹੋਰ ਜ਼ੋਰ
ਨਵੀਂ ਦਿੱਲੀ : ਦਿੱਲੀ-ਐਨਸੀਆਰ ਵਿੱਚ ਪਿਛਲੇ ਇਕ ਹਫ਼ਤੇ ਤੋਂ ਪੈ ਰਹੀ ਕੜਾਕੇ ਦੀ ਠੰਢ ਤੇ ਸੀਤ ਲਹਿਰ ਤੋਂ ਬਾਅਦ ਹਲਕੇ ਜਿਹੇ ਪਏ ਮੀਂਹ ਨਾਲ ਸਰਦੀ ਨੇ ਹੋਰ ਜ਼ੋਰ ਫੜ੍ਹ ਲਿਆ। ਮੀਂਹ ਕਾਰਨ ਲੋਕਾਂ ਨੂੰ ਸੰਘਣੀ ਧੁੰਦ ਤੋਂ ਭਾਰੀ ਰਾਹਤ ਮਿਲੀ ਪਰ 15 ਜਨਵਰੀ ਤੋਂ ਇਕ ਵਾਰ ਫਿਰ ਠੰਢ ਦਾ ਮੌਸਮ ਪਰਤਣ ਵਾਲਾ ਹੈ ਅਤੇ ਅਸਮਾਨ ਵਿੱਚ ਧੁੰਦ ਵੀ ਦੇਖਣ ਨੂੰ ਮਿਲ ਸਕਦੀ ਹੈ। ਦਿੱਲੀ 'ਚ ਵੀਰਵਾਰ ਨਿਕਲੀ ਤਿੱਖੀ ਧੁੱਪ ਕਾਰਨ ਠੰਢ ਤੋਂ ਰਾਹਤ ਮਿਲੀ ਪਰ ਸ਼ਾਮ ਨੂੰ ਪਏ ਹਲਕੇ ਜਿਹੇ ਮੀਂਹ ਨੇ ਠੰਢ ਵਧਾ ਦਿੱਤੀ।
ਮੌਸਮ ਵਿਭਾਗ ਨੇ 12 ਜਨਵਰੀ ਨੂੰ ਦਿੱਲੀ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਹਲਕੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਸੀ। ਵਿਭਾਗ ਦੀ ਪੇਸ਼ੀਨਗੋਈ ਮੁਤਾਬਕ ਵੀਰਵਾਰ ਸ਼ਾਮ ਨੂੰ ਦਿੱਲੀ ਦੇ ਕਈ ਇਲਾਕਿਆਂ 'ਚ ਬਾਰਿਸ਼ ਹੋਈ, ਜਿਸ ਕਾਰਨ ਰਾਤ ਨੂੰ ਠੰਢ ਵਧ ਗਈ। ਦਿਨ ਭਰ ਧੁੱਪ ਰਹਿਣ ਕਾਰਨ ਵੱਧ ਤੋਂ ਵੱਧ ਤਾਪਮਾਨ 21.6 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 9.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਬੁੱਧਵਾਰ ਦੇ ਮੁਕਾਬਲੇ 4 ਡਿਗਰੀ ਜ਼ਿਆਦਾ ਸੀ। ਇਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਵੀਰਵਾਰ ਰਾਤ ਪਏ ਹਲਕੇ ਮੀਂਹ ਕਾਰਨ ਤਾਪਮਾਨ ਵਿਚ ਗਿਰਾਵਟ ਆਈ, ਜਿਸ ਕਾਰਨ ਸਰਦੀ ਨੇ ਹੋਰ ਜ਼ੋਰ ਫੜ ਲਿਆ। ਹਲਕੇ ਜਿਹੇ ਮੀਂਹ ਪੈਣ ਨਾਲ ਲੋਕਾਂ ਨੂੰ ਸੰਘਣੀ ਧੁੰਦ ਤੋਂ ਰਾਹਤ ਮਿਲੀ। ਇਸ ਕਾਰਨ ਹਾਈਵੇ ਉਤੇ ਆਵਾਜਾਈ ਆਮ ਵਾਂਗ ਨਜ਼ਰ ਆਈ। ਚੰਡੀਗੜ੍ਹ, ਮੋਹਾਲੀ ਤੇ ਆਸਪਾਸ ਦੇ ਇਲਾਕਿਆਂ ਵਿਚ ਦੇਰ ਰਾਤ ਤੇਜ਼ ਬਾਰਿਸ਼ ਕਾਰਨ ਠੰਢ ਹੋਰ ਵਧ ਗਈ।
ਇਹ ਵੀ ਪੜ੍ਹੋ : ਸਾਬਕਾ ਕੇਂਦਰੀ ਮੰਤਰੀ ਸ਼ਰਦ ਯਾਦਵ ਦਾ ਦੇਹਾਂਤ, 75 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਰਿਹਾ। ਅਗਲੇ 48 ਘੰਟਿਆਂ ਦੌਰਾਨ ਘੱਟੋ-ਘੱਟ ਤਾਪਮਾਨ 'ਚ ਕੋਈ ਖਾਸ ਬਦਲਾਅ ਹੋਣ ਦੀ ਸੰਭਾਵਨਾ ਨਹੀਂ ਹੈ। ਇਸ ਤੋਂ ਬਾਅਦ ਉੱਤਰ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਤਿੰਨ ਤੋਂ ਪੰਜ ਡਿਗਰੀ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ।