ਬਠਿੰਡਾ 'ਚ ਰੈੱਡ ਕਰਾਸ ਦੀ ਜ਼ਮੀਨ AAP ਆਗੂ ਦੇ ਪੁੱਤਰ ਨੂੰ 'ਮਾਮੂਲੀ ਦਰ' 'ਤੇ ਠੇਕੇ 'ਤੇ ਦੇਣ ਦੇ ਲੱਗੇ ਇਲਜ਼ਾਮ

ਬਠਿੰਡਾ ਵਿੱਚ ਰੈੱਡ ਕਰਾਸ ਦੀ ਜ਼ਮੀਨ ਆਪ ਆਗੂ ਦੇ ਪੁੱਤਰ ਨੂੰ ਬਹੁਤ ਘੱਟ ਦਰਾਂ ਉੱਤੇ ਠੇਕੇ ’ਤੇ ਦੇਣ ਦੇ ਇਲਜ਼ਾਮ ਲੱਗੇ ਹਨ। ਪੜ੍ਹੋ ਪੂਰੀ ਖਬਰ...

By  Dhalwinder Sandhu August 14th 2024 03:36 PM

Red Cross land in Bathinda : ਬਠਿੰਡਾ ਵਿੱਚ ਰੈੱਡ ਕਰਾਸ ਦੀ ਜ਼ਮੀਨ ਆਪ ਆਗੂ ਦੇ ਪੁੱਤਰ ਨੂੰ ਬਹੁਤ ਘੱਟ ਦਰਾਂ ਉੱਤੇ ਠੇਕੇ ’ਤੇ ਦੇਣ ਦੇ ਇਲਜ਼ਾਮ ਲੱਗੇ ਹਨ। ਇਸ ਸਬੰਧੀ RTI ਕਾਰਕੂੰਨ ਮਾਨਿਕ ਗੋਇਲ ਨੇ ਖੁਲਾਸਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਰੈੱਡ ਕਰਾਸ ਦੀ ਬਠਿੰਡਾ ਇਕਾਈ ਨੇ ਕਥਿਤ ਤੌਰ 'ਤੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੇ ਪੁੱਤਰ ਪਦਮਜੀਤ ਸਿੰਘ ਮਹਿਤਾ ਨੂੰ ਸ਼ਹਿਰ ਦੇ ਬਾਹਰਵਾਰ 11 ਏਕੜ ਤੋਂ ਵੱਧ ਪ੍ਰਮੁੱਖ ਜ਼ਮੀਨ ਬਹੁਤ ਘੱਟ ਦਰਾਂ 'ਤੇ ਠੇਕੇ 'ਤੇ ਦਿੱਤੀ ਗਈ ਹੈ। ਰੈੱਡ ਕਰਾਸ ਦੀ ਕਾਰਜਕਾਰੀ ਕਮੇਟੀ ਦੇ ‘ਗੈਰ-ਅਹੁਦੇਦਾਰ ਮੈਂਬਰਾਂ’ ਦੇ ਇਤਰਾਜ਼ਾਂ ਦੇ ਬਾਵਜੂਦ ਇਹ ਜ਼ਮੀਨ ਵਪਾਰਕ ਪ੍ਰਾਜੈਕਟ ਲਈ 30 ਸਾਲਾਂ ਲਈ ਦਿੱਤੀ ਗਈ ਹੈ।

ਰੈੱਡ ਕਰਾਸ ਨੂੰ ਦਾਨ ਕੀਤੀ ਗਈ ਸੀ ਜ਼ਮੀਨ

ਨਰੂਆਣਾ ਪਿੰਡ ਵਿੱਚ ਚਰਚਾ ਵਿੱਚ ਰਹੀ ਜ਼ਮੀਨ ਇੱਕ ਔਰਤ ਵੱਲੋਂ ਲੋਕ ਭਲਾਈ ਲਈ ਰੈੱਡ ਕਰਾਸ ਨੂੰ ਦਾਨ ਕੀਤੀ ਗਈ ਸੀ। ਇਹ ਜ਼ਮੀਨ ਨਾ ਸਿਰਫ਼ ਬਹੁਤ ਮਹਿੰਗੇ ਰੀਅਲ ਅਸਟੇਟ ਪ੍ਰੋਜੈਕਟਾਂ ਦੇ ਨੇੜੇ ਹੈ, ਸਗੋਂ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਅਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵੀ ਨੇੜੇ ਹੈ।

ਪਦਮਜੀਤ ਸਿੰਘ ਹਰ ਤਿੰਨ ਸਾਲਾਂ ਬਾਅਦ 15 ਫੀਸਦੀ ਦੇ ਵਾਧੇ ਨਾਲ ਰੈੱਡ ਕਰਾਸ ਨੂੰ 90,000 ਰੁਪਏ ਪ੍ਰਤੀ ਏਕੜ ਦਾ ਭੁਗਤਾਨ ਕਰਦਾ ਹੈ। ਜ਼ਮੀਨ ਦੇ ਠੇਕੇ 'ਤੇ ਦੇਣ ਸਬੰਧੀ ਫੈਸਲਾ ਲੈਣ ਵਾਲੀ ਕਮੇਟੀ ਦੇ ਚੇਅਰਮੈਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਲਤੀਫ਼ ਅਹਿਮਦ ਨੇ ਕਿਹਾ ਕਿ ਜ਼ਮੀਨ ਦੀ ਵਰਤੋਂ ਖੇਡਾਂ ਅਤੇ ਸਮਾਜਿਕ ਗਤੀਵਿਧੀਆਂ ਲਈ ਕੀਤੀ ਜਾਵੇਗੀ।

ਹਾਲਾਂਕਿ, ਅਮਰਜੀਤ ਮਹਿਤਾ ਨੇ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਸੁਝਾਅ ਦਿੱਤਾ ਕਿ ਇਹ ਪ੍ਰੋਜੈਕਟ ਵਪਾਰਕ ਹੋਵੇਗਾ ਕਿਉਂਕਿ ਉਹ ਇਸਨੂੰ 'ਇਨਵੈਸਟ ਪੰਜਾਬ' ਨੂੰ ਸੌਂਪਣਗੇ, ਜੋ ਕਿ ਸੂਬੇ ਵਿੱਚ ਨਿਵੇਸ਼ ਵਧਾਉਣ ਲਈ ਪੰਜਾਬ ਸਰਕਾਰ ਦੀ ਪਹਿਲਕਦਮੀ ਹੈ। ਅਮਰਜੀਤ ਮਹਿਤਾ ਕੋਲ ਫਿਲਹਾਲ ਪਾਰਟੀ ਵਿੱਚ ਕੋਈ ਅਹੁਦਾ ਨਹੀਂ ਹੈ, ਹਾਲਾਂਕਿ, ਉਹ ਬਠਿੰਡਾ ਦੇ ਸਭ ਤੋਂ ਪ੍ਰਭਾਵਸ਼ਾਲੀ 'ਆਪ' ਨੇਤਾਵਾਂ ਵਿੱਚੋਂ ਇੱਕ ਹਨ।


Related Post