Reasi Terror Attack: ਜੰਮੂ ਪੁਲਿਸ ਨੇ ਜਾਰੀ ਕੀਤਾ ਅੱਤਵਾਦੀ ਦਾ ਸਕੈਚ, ਜਾਣਕਾਰੀ ਦੇਣ ਵਾਲੇ ਨੂੰ 20 ਲੱਖ ਇਨਾਮ ਦਾ ਐਲਾਨਿਆ

ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਰਿਆਸੀ ਪੁਲਿਸ ਨੇ ਪੋਨੀ ਖੇਤਰ ਵਿੱਚ ਇੱਕ ਯਾਤਰੀ ਬੱਸ 'ਤੇ ਹਾਲ ਹੀ ਵਿੱਚ ਹੋਏ ਹਮਲੇ ਵਿੱਚ ਸ਼ਾਮਲ ਅੱਤਵਾਦੀ ਬਾਰੇ ਕਿਸੇ ਵੀ ਮਹੱਤਵਪੂਰਨ ਜਾਣਕਾਰੀ ਲਈ 20 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।

By  Aarti June 12th 2024 09:14 AM

Reasi Attack:  ਜੰਮੂ-ਕਸ਼ਮੀਰ ਪੁਲਿਸ ਨੇ ਮੰਗਲਵਾਰ ਨੂੰ ਰਿਆਸੀ ਜ਼ਿਲੇ 'ਚ ਇਕ ਯਾਤਰੀ ਬੱਸ 'ਤੇ ਹਮਲੇ 'ਚ ਸ਼ਾਮਲ ਅੱਤਵਾਦੀ ਦਾ ਸਕੈਚ ਜਾਰੀ ਕੀਤਾ ਅਤੇ ਉਸ ਬਾਰੇ ਸੂਚਨਾ ਦੇਣ ਵਾਲੇ ਨੂੰ 20 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ। ਹਾਲ ਹੀ 'ਚ ਐਤਵਾਰ ਨੂੰ ਅੱਤਵਾਦੀਆਂ ਨੇ ਪੋਨੀ ਇਲਾਕੇ 'ਚ ਟੇਰਿਆਥ ਪਿੰਡ ਨੇੜੇ ਸ਼ਿਵ ਖੋਰੀ ਮੰਦਰ ਤੋਂ ਕਟੜਾ ਜਾ ਰਹੀ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ 53 ਸੀਟਾਂ ਵਾਲੀ ਬੱਸ 'ਤੇ ਗੋਲੀਬਾਰੀ ਕੀਤੀ ਸੀ। ਹਮਲੇ ਤੋਂ ਬਾਅਦ ਬੱਸ ਖੱਡ ਵਿੱਚ ਡਿੱਗ ਗਈ। ਇਸ ਘਟਨਾ 'ਚ 9 ਲੋਕਾਂ ਦੀ ਮੌਤ ਹੋ ਗਈ ਸੀ ਅਤੇ 41 ਲੋਕ ਜ਼ਖਮੀ ਹੋ ਗਏ ਸੀ।

ਇਸ ਸਬੰਧੀ ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਰਿਆਸੀ ਪੁਲਿਸ ਨੇ ਪੋਨੀ ਖੇਤਰ ਵਿੱਚ ਇੱਕ ਯਾਤਰੀ ਬੱਸ 'ਤੇ ਹਾਲ ਹੀ ਵਿੱਚ ਹੋਏ ਹਮਲੇ ਵਿੱਚ ਸ਼ਾਮਲ ਅੱਤਵਾਦੀ ਬਾਰੇ ਕਿਸੇ ਵੀ ਮਹੱਤਵਪੂਰਨ ਜਾਣਕਾਰੀ ਲਈ 20 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਚਸ਼ਮਦੀਦਾਂ ਵੱਲੋਂ ਦਿੱਤੇ ਬਿਆਨ ਦੇ ਆਧਾਰ 'ਤੇ ਅੱਤਵਾਦੀ ਦਾ ਸਕੈਚ ਤਿਆਰ ਕੀਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਜਾਣਕਾਰੀ ਦੇਣ ਦੀ ਅਪੀਲ ਕੀਤੀ।

ਇਹ ਘਟਨਾ ਐਤਵਾਰ ਨੂੰ ਵਾਪਰੀ ਜਦੋਂ 53 ਸੀਟਾਂ ਵਾਲੀ ਬੱਸ ਸ਼ਿਵਖੋਰੀ ਮੰਦਰ ਤੋਂ ਕਟੜਾ ਦੇ ਵੈਸ਼ਨੋ ਦੇਵੀ ਮੰਦਰ ਜਾ ਰਹੀ ਸੀ। ਬੱਸ 'ਤੇ ਗੋਲੀਬਾਰੀ ਪੋਨੀ ਇਲਾਕੇ 'ਚ ਹੋਈ। ਬੱਸ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਦਿੱਲੀ ਤੋਂ ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ। ਘਟਨਾ ਤੋਂ ਬਾਅਦ ਜਦੋਂ ਡਰਾਈਵਰ ਕੰਟਰੋਲ ਗੁਆ ਬੈਠਾ ਤਾਂ ਬੱਸ ਖੱਡ ਵਿੱਚ ਜਾ ਡਿੱਗੀ। ਮੀਡੀਆ ਰਿਪੋਰਟਾਂ ਮੁਤਾਬਕ ਪੀੜਤਾਂ ਨੇ ਦੱਸਿਆ ਸੀ ਕਿ ਹਮਲਾਵਰਾਂ ਨੇ ਬੱਸ 'ਤੇ ਕਈ ਮਿੰਟ ਤੱਕ ਫਾਇਰਿੰਗ ਕੀਤੀ।

ਕਾਬਿਲੇਗੌਰ ਹੈ ਕਿ ਰਿਆਸੀ ਹਮਲੇ 'ਚ ਸ਼ਾਮਲ ਸਾਰੇ ਅੱਤਵਾਦੀਆਂ ਦੀ ਭਾਲ ਲਈ ਵੱਡੇ ਪੱਧਰ 'ਤੇ ਆਪਰੇਸ਼ਨ ਜਾਰੀ ਹੈ। ਇਸ 'ਚ ਸੁਰੱਖਿਆ ਕਰਮਚਾਰੀਆਂ ਦੀਆਂ 11 ਟੀਮਾਂ ਕੰਮ ਕਰ ਰਹੀਆਂ ਹਨ। ਸੋਮਵਾਰ ਨੂੰ ਵੀ ਰਾਸ਼ਟਰੀ ਜਾਂਚ ਏਜੰਸੀ ਯਾਨੀ NIA ਨੇ ਰਿਆਸੀ ਇਲਾਕੇ ਦਾ ਦੌਰਾ ਕੀਤਾ ਸੀ। ਫਿਲਹਾਲ ਐਨਆਈਏ ਦੀ ਟੀਮ ਸਬੂਤ ਇਕੱਠੇ ਕਰ ਰਹੀ ਹੈ।

ਇਹ ਵੀ ਪੜ੍ਹੋ: ਹੁਣ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਫੌਜ ਦੇ ਅੱਡੇ 'ਤੇ ਕੀਤਾ ਹਮਲਾ, 1 ਅੱਤਵਾਦੀ ਢੇਰ

Related Post