ਤੇਜ਼ੀ ਨਾਲ ਬਦਲ ਰਿਹਾ ਮੌਸਮ; ਜਾਣੋ ਪੰਜਾਬ ਸਮੇਤ ਦਿੱਲੀ 'ਚ ਕਦੋਂ ਵਧੇਗੀ ਠੰਢ

By  Jasmeet Singh November 25th 2023 09:10 AM -- Updated: November 25th 2023 11:17 AM

Punjab Weather Update: ਪੰਜਾਬ ਵਿੱਚ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ। 25 ਨਵੰਬਰ ਦੀ ਰਾਤ ਤੋਂ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਇਸ ਦੇ ਪ੍ਰਭਾਵ ਕਾਰਨ 27 ਨਵੰਬਰ ਨੂੰ ਪੰਜਾਬ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਮੁਤਾਬਕ ਮੀਂਹ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਦੋ ਡਿਗਰੀ ਦੀ ਗਿਰਾਵਟ ਆ ਸਕਦੀ ਹੈ। ਇਸ ਤੋਂ ਇਲਾਵਾ ਧੁੰਦ ਦਾ ਕਹਿਰ ਵੀ ਵਧੇਗਾ। ਫਿਲਹਾਲ ਪੰਜਾਬ 'ਚ ਸਵੇਰ ਦੇ ਸਮੇਂ ਕੁਝ ਥਾਵਾਂ 'ਤੇ ਧੁੰਦ ਪੈ ਰਹੀ ਹੈ ਪਰ ਬਾਰਿਸ਼ ਤੋਂ ਬਾਅਦ ਧੁੰਦ ਦੇ ਸੰਘਣੇ ਹੋਣ ਦੀ ਸੰਭਾਵਨਾ ਹੈ।

ਪੰਜਾਬ ਵਿੱਚ ਸਵੇਰੇ ਅਤੇ ਸ਼ਾਮ ਨੂੰ ਧੁੰਦ ਪੈਣ ਕਾਰਨ ਵਿਜ਼ੀਬਿਲਟੀ ਪ੍ਰਭਾਵਿਤ ਹੋਵੇਗੀ। ਹੁਣ ਦਿਨ ਵੇਲੇ ਵੀ ਠੰਢਕ ਦਾ ਅਹਿਸਾਸ ਹੋਵੇਗਾ। ਲੋਕਾਂ ਨੇ ਗਰਮ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਮੌਸਮ ਵਿਭਾਗ ਮੁਤਾਬਕ ਅੱਜ ਆਸਮਾਨ 'ਚ ਧੁੱਪ ਦੇ ਨਾਲ-ਨਾਲ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਤਾਪਮਾਨ ਦੀ ਗੱਲ ਕਰੀਏ ਤਾਂ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਅਤੇ ਘੱਟ ਤੋਂ ਘੱਟ 13 ਡਿਗਰੀ ਰਹੇਗਾ।


ਸੂਬੇ 'ਚ ਹਵਾ ਦੀ ਗੁਣਵੱਤਾ
ਸੂਬੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਲਗਾਤਾਰ ਕਮੀ ਆ ਰਹੀ ਹੈ ਪਰ ਇਸ ਦੇ ਬਾਵਜੂਦ ਹਵਾ ਪ੍ਰਦੂਸ਼ਿਤ ਹੋ ਰਹੀ ਹੈ। ਜੇਕਰ ਸੂਬੇ ਦੀ ਹਵਾ ਦੀ ਗੁਣਵੱਤਾ ਦੀ ਗੱਲ ਕਰੀਏ ਤਾਂ ਅਜੇ ਤੱਕ ਇਸ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ। ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦਾ AQI (ਏਅਰ ਕੁਆਲਿਟੀ ਇੰਡੈਕਸ) 350, ਜ਼ਿਲ੍ਹਾ ਪਟਿਆਲਾ ਦਾ 254, ਜ਼ਿਲ੍ਹਾ ਲੁਧਿਆਣਾ ਦਾ 287, ਜ਼ਿਲ੍ਹਾ ਖੰਨਾ ਅਤੇ ਜ਼ਿਲ੍ਹਾ ਜਲੰਧਰ ਦਾ 210 ਦਰਜ ਕੀਤਾ ਗਿਆ। ਜਦੋਂ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ 188 ਅਤੇ ਮੰਡੀ ਗੋਬਿੰਦਗੜ੍ਹ ਵਿੱਚ 155 AQI ਦਰਜ ਕੀਤਾ ਗਿਆ ਹੈ।

ਦਿੱਲੀ ਦੇ ਨਾਲ ਲੱਗਦੇ ਪਹਾੜੀ ਇਲਾਕਿਆਂ 'ਚ ਬਰਫਬਾਰੀ
ਦੇਸ਼ ਵਿੱਚ ਮੌਸਮ ਤੇਜ਼ੀ ਨਾਲ ਬਦਲ ਰਹੇ ਮੌਸਮ ਦੇ ਨਾਲ ਰਾਜਧਾਨੀ ਦਿੱਲੀ ਵਿੱਚ ਵੀ ਠੰਢ ਵਧਣ ਲੱਗੀ ਹੈ। ਠੰਡ ਵਧਣ ਦਾ ਕਾਰਨ ਦਿੱਲੀ ਦੇ ਨਾਲ ਲੱਗਦੇ ਪਹਾੜੀ ਇਲਾਕਿਆਂ 'ਚ ਬਰਫਬਾਰੀ ਹੈ। ਦਿੱਲੀ 'ਚ ਦੁਪਹਿਰ ਵੇਲੇ ਹਲਕੀ ਧੁੱਪ ਅਤੇ ਸਵੇਰ-ਸ਼ਾਮ ਠੰਡ ਹੁੰਦੀ ਹੈ। ਜਾਣਕਾਰੀ ਦਿੰਦੇ ਹੋਏ, ਭਾਰਤੀ ਮੌਸਮ ਵਿਭਾਗ (IMD) ਨੇ ਕਿਹਾ ਹੈ ਕਿ ਪੱਛਮੀ ਹਿਮਾਲਿਆ ਖੇਤਰ ਵਿੱਚ ਇੱਕ ਨਵੀਂ ਗੜਬੜੀ ਕਾਰਨ ਉੱਤਰ ਭਾਰਤ ਦੇ ਕਈ ਰਾਜਾਂ ਵਿੱਚ ਮੌਸਮ ਵਿੱਚ ਬਦਲਾਅ ਹੋਣ ਵਾਲਾ ਹੈ।


ਹਾਲਾਂਕਿ ਪਿਛਲੇ ਕਈ ਦਿਨਾਂ ਤੋਂ ਮੀਂਹ ਨਹੀਂ ਪੈ ਰਿਹਾ ਹੈ। ਇਸ ਦੇ ਬਾਵਜੂਦ ਤਿੰਨ ਦਿਨਾਂ 'ਚ ਰਾਤ ਦੇ ਤਾਪਮਾਨ 'ਚ 3.2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜਦੋਂ ਕਿ ਵੱਧ ਤੋਂ ਵੱਧ ਤਾਪਮਾਨ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ 1.4 ਡਿਗਰੀ ਸੈਲਸੀਅਸ ਅਤੇ ਪਿਛਲੇ ਪੰਜ ਦਿਨਾਂ ਵਿੱਚ ਤਿੰਨ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਦੂਜੇ ਪਾਸੇ ਮਾਹਿਰਾਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਏਅਰ ਕੁਆਲਿਟੀ ਇੰਡੈਕਸ ਦੇ ਪੱਧਰ ਵਿੱਚ ਵੀ ਗਿਰਾਵਟ ਆਵੇਗੀ। ਮੀਂਹ ਹਵਾ ਵਿੱਚ ਮੌਜੂਦ ਧੂੜ ਦੇ ਕਣਾਂ ਨੂੰ ਸਾਫ਼ ਕਰ ਦੇਵੇਗਾ।

Related Post