ਰਾਮਦੇਵ ਨੇ ਸੁਪਰੀਮ ਕੋਰਟ 'ਚ ਹੱਥ ਜੋੜ ਕੇ ਮੰਗੀ ਮਾਫੀ, ਅਦਾਲਤ ਨੇ ਪਾਈ ਸਖਤ ਝਾੜ, ਜਾਣੋ ਕਿਉਂ

By  KRISHAN KUMAR SHARMA April 2nd 2024 03:21 PM -- Updated: April 2nd 2024 03:30 PM

Ramdev Patanjali misleading advertisements case: ਗੁੰਮਰਾਹਕੁੰਨ ਇਸ਼ਤਿਹਾਰਾਂ ਦੇ ਮਾਮਲੇ 'ਚ ਅੱਜ ਯੋਗ ਗੁਰੂ ਰਾਮਦੇਵ ਨੇ ਸੁਪਰੀਮ ਕੋਰਟ 'ਚ ਹੱਥ ਜੋੜ ਕੇ ਮਾਫੀ ਮੰਗੀ। ਹਾਲਾਂਕਿ ਅਦਾਲਤ ਨੇ ਰਾਮਦੇਵ ਨੂੰ ਸਖਤ ਝਾੜ ਪਾਉਂਦਿਆਂ ਦੇਸ਼ ਸੇਵਾ ਦਾ ਬਹਾਨਾ ਨਾ ਬਣਾਉਣ ਲਈ ਕਿਹਾ। ਮੰਗਲਵਾਰ ਮਾਮਲੇ ਦੀ ਸੁਣਵਾਈ ਦੌਰਾਨ ਰਾਮਦੇਵ ਤੇ ਪਤੰਜਲੀ ਆਯੁਰਵੇਦ ਦੇ ਮੈਨੇਜਿੰਗ ਡਾਇਰੈਕਟਰ (ਐਮਡੀ) ਆਚਾਰੀਆ ਬਾਲਕ੍ਰਿਸ਼ਨ ਅਦਾਲਤ 'ਚ ਪੇਸ਼ ਹੋਏ ਸਨ ਅਤੇ ਇਸ ਲਈ ਮੁਆਫ਼ੀ ਮੰਗੀ ਸੀ।

ਮੰਗਲਵਾਰ ਅਦਾਲਤ ਦੇ ਦੋ ਮੈਂਬਰੀ ਬੈਂਚ ਨੇ ਸੁਪਰੀਮ ਕੋਰਟ 'ਚ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਦੇ ਖਿਲਾਫ ਅਦਾਲਤੀ ਮਾਣਹਾਨੀ ਦੇ ਮਾਮਲੇ 'ਤੇ ਸੁਣਵਾਈ ਕੀਤੀ। ਸੁਪਰੀਮ ਕੋਰਟ ਨੇ ਫਿਰ ਪੁੱਛਿਆ ਕਿ ਕੀ ਦੋਵੇਂ ਲੋਕ ਪੇਸ਼ ਹੋਏ ਸਨ। ਇਸ 'ਤੇ ਉਨ੍ਹਾਂ ਦੇ ਵਕੀਲ ਨੇ ਦੱਸਿਆ ਕਿ ਦੋਵੇਂ ਵਿਅਕਤੀ ਅਦਾਲਤ 'ਚ ਮੌਜੂਦ ਹਨ। ਰਾਮਦੇਵ ਤੇ ਬਾਲਕ੍ਰਿਸ਼ਨ ਦੇ ਵਕੀਲ ਬਲਬੀਰ ਸਿੰਘ ਨੇ ਕੋਰਟ ਨੂੰ ਦੱਸਿਆ ਕਿ ਹਲਫਨਾਮਾ ਦਾਇਰ ਕੀਤਾ ਗਿਆ ਹੈ। ਇਸ 'ਤੇ ਬੈਂਚ ਨੇ ਪੁੱਛਿਆ ਕਿ ਰਾਮਦੇਵ ਦਾ ਹਲਫਨਾਮਾ ਕਿੱਥੇ ਹੈ?

ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਕਿਹਾ ਕਿ ਉਨ੍ਹਾਂ ਨੂੰ ਦੋ ਹਲਫ਼ਨਾਮੇ ਦਾਖ਼ਲ ਕਰਨੇ ਚਾਹੀਦੇ ਸਨ, ਪਰ ਸਿਰਫ਼ ਇੱਕ ਹੀ ਕੀਤਾ ਗਿਆ ਅਤੇ ਦੂਜਾ ਦਾਇਰ ਨਹੀਂ ਕੀਤਾ ਗਿਆ। ਅਦਾਲਤ ਨੇ ਕਿਹਾ, 'ਅਸੀਂ ਪਹਿਲਾਂ ਕੰਪਨੀ ਤੇ ਐਮਡੀ ਨੂੰ ਜਵਾਬ ਦਾਖ਼ਲ ਕਰਨ ਲਈ ਕਿਹਾ ਸੀ, ਜਦੋਂ ਜਵਾਬ ਦਾਖ਼ਲ ਨਹੀਂ ਕੀਤਾ ਗਿਆ ਤਾਂ ਮਾਣਹਾਨੀ ਨੋਟਿਸ ਜਾਰੀ ਕੀਤਾ ਗਿਆ।'

ਸੁਪਰੀਮ ਕੋਰਟ ਨੇ ਪਾਈ ਸਖਤ ਝਾੜ

ਅਦਾਲਤ ਨੇ ਕਿਹਾ, ''ਤੁਹਾਡੀ ਮੁਆਫ਼ੀ ਕਾਫ਼ੀ ਨਹੀਂ ਹੈ। ਸੁਪਰੀਮ ਕੋਰਟ ਵਿੱਚ ਸੁਣਵਾਈ ਚੱਲ ਰਹੀ ਸੀ ਅਤੇ ਉੱਥੇ ਪਤੰਜਲੀ ਦੇ ਇਸ਼ਤਿਹਾਰ ਛਪ ਰਹੇ ਸਨ। ਤੁਹਾਡਾ ਮੀਡੀਆ ਵਿਭਾਗ ਤੁਹਾਡੇ ਤੋਂ ਵੱਖਰਾ ਨਹੀਂ ਹੈ, ਤੁਸੀਂ ਅਜਿਹਾ ਕਿਉਂ ਕੀਤਾ? ਤੁਹਾਨੂੰ ਨਵੰਬਰ ਵਿੱਚ ਚੇਤਾਵਨੀ ਦਿੱਤੀ ਗਈ ਸੀ, ਫਿਰ ਵੀ ਤੁਸੀਂ ਪ੍ਰੈਸ ਕਾਨਫਰੰਸ ਕੀਤੀ।''

ਸੁਪਰੀਮ ਕੋਰਟ ਨੇ ਕਿਹਾ, 'ਰਾਮਦੇਵ ਨੇ ਅਦਾਲਤ ਦੇ ਹੁਕਮ ਦੇ 24 ਘੰਟਿਆਂ ਦੇ ਅੰਦਰ ਪ੍ਰੈਸ ਕਾਨਫਰੰਸ ਕੀਤੀ। ਇਸ਼ਤਿਹਾਰ ਵਿੱਚ ਤੁਸੀਂ ਇੱਕ ਪ੍ਰਮੋਟਰ ਦੇ ਰੂਪ ਵਿੱਚ ਦਿਖਾਈ ਦਿੰਦੇ ਹੋ। ਹੁਣ ਉਹ 2 ਮਹੀਨੇ ਬਾਅਦ ਅਦਾਲਤ 'ਚ ਪੇਸ਼ ਹੋਏ ਹਨ।'' ਇਸ 'ਤੇ ਰਾਮਦੇਵ ਦੇ ਵਕੀਲ ਨੇ ਕਿਹਾ, 'ਭਵਿੱਖ 'ਚ ਅਜਿਹਾ ਨਹੀਂ ਹੋਵੇਗਾ। ਪਹਿਲਾਂ ਹੋਈ ਗਲਤੀ ਲਈ ਮੁਆਫੀ ਮੰਗੀਏ।'' ਇਸ ਤੋਂ ਬਾਅਦ ਰਾਮਦੇਵ ਨੇ ਅਦਾਲਤ ਤੋਂ ਮੁਆਫੀ ਵੀ ਮੰਗੀ।

ਹਾਲਾਂਕਿ ਸੁਪਰੀਮ ਕੋਰਟ ਇਸ ਤੋਂ ਸੰਤੁਸ਼ਟ ਨਹੀਂ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਮਾਣਹਾਨੀ ਦੀ ਕਾਰਵਾਈ ਕਰਾਂਗੇ। ਮੁਆਫ਼ੀ ਸਵੀਕਾਰ ਨਹੀਂ, ਤੁਸੀਂ ਕੀ ਕੀਤਾ ਹੈ, ਤੁਹਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ 'ਤੇ ਰਾਮਦੇਵ ਦੇ ਵਕੀਲ ਨੇ ਹੱਥ ਜੋੜ ਕੇ ਸੁਪਰੀਮ ਕੋਰਟ ਤੋਂ ਮੁਆਫੀ ਮੰਗੀ।

Related Post