ਕਿਵੇਂ ਚੁਣਿਆ ਜਾਂਦਾ ਹੈ ਰਾਜ ਸਭਾ ਦਾ ਸਾਂਸਦ, ਜਾਣੋ ਪੂਰੀ ਪ੍ਰਕਿਰਿਆ ਦੀ ABCD
Rajya Sabha Member Parliament complete process: ਦੇਸ਼ 'ਚ 15 ਰਾਜਾਂ ਦੀਆਂ 56 ਰਾਜ ਸਭਾ ਚੋਣਾਂ ਲਈ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਹਾਲਾਂਕਿ ਇਨ੍ਹਾਂ ਵਿਚੋਂ 12 ਰਾਜਾਂ ਦੇ 41 ਉਮੀਦਵਾਰ ਬਿਨਾਂ ਕਿਸੇ ਮੁਕਾਬਲੇ ਦੇ ਸੰਸਦ ਮੈਂਬਰ ਚੁਣੇ ਗਏ, ਜਦਕਿ 3 ਰਾਜਾਂ ਦੇ 15 ਸੰਸਦ ਮੈਂਬਰਾਂ ਦੀ ਚੋਣ ਵੋਟਿੰਗ ਰਾਹੀਂ ਹੋਈ। ਇਨ੍ਹਾਂ ਵਿੱਚ ਉਤਰ ਪ੍ਰਦੇਸ਼ ਦੀਆਂ 10, ਕਰਨਾਟਕਾ ਦੀਆਂ 4 ਅਤੇ ਹਿਮਾਚਲ ਪ੍ਰਦੇਸ਼ ਦੀ 1 ਸੀਟ ਲਈ ਵੋਟਿੰਗ ਹੋਈ। ਪਰ ਕੀ ਤੁਸੀ ਜਾਣਦੇ ਹੋ ਕਿ ਰਾਜ ਸਭਾ ਦੇ ਸੰਸਦ ਮੈਂਬਰ ਕਿਵੇਂ ਚੁਣੇ ਜਾਂਦੇ ਹਨ ਅਤੇ ਇਸ ਦੀ ਪੂਰੀ ਪ੍ਰਕਿਰਿਆ ਕੀ ਹੁੰਦੀ ਹੈ। ਜੇਕਰ ਨਹੀਂ ਤਾਂ ਆਓ ਜਾਣਦੇ ਹਾਂ ਕਿ ਇਸ ਪ੍ਰਕਿਰਿਆ ਦੀ ਪੂਰੀ ਜਾਣਕਾਰੀ...
ਰਾਜ ਸਭਾ ਦਾ ਇਤਿਹਾਸ 1919 ਤੋਂ ਮਿਲਦਾ ਹੈ, ਜਦੋਂ ਬ੍ਰਿਟਿਸ਼ ਕਾਲ ਵਿੱਚ ਇਸ ਨੂੰ ਸਟੇਟ ਆਫ਼ ਕੌਂਸਲ ਕਿਹਾ ਜਾਂਦਾ ਸੀ। ਆਜ਼ਾਦੀ ਤੋਂ ਬਾਅਦ 3 ਅਪ੍ਰੈਲ 1952 ਨੂੰ ਇਸ ਦਾ ਗਠਨ ਕੀਤਾ ਗਿਆ, ਜਿਸ ਤੋਂ ਬਾਅਦ 24 ਅਗਸਤ 1953 ਨੂੰ ਨਾਂ ਬਦਲ ਕੇ ਰਾਜ ਸਭਾ ਕੀਤਾ ਗਿਆ। ਰਾਜ ਸਭਾ ਦੇ ਕੁੱਲ 250 ਮੈਂਬਰ ਹੁੰਦੇ ਹਨ, ਜਿਨ੍ਹਾਂ ਵਿਚੋਂ 238 ਸੰਸਦ ਮੈਂਬਰਾਂ ਲਈ ਚੋਣ ਹੁੰਦੀ ਹੈ, ਜਦਕਿ 12 ਮੈਂਬਰਾਂ ਨੂੰ ਰਾਸ਼ਟਰਪਤੀ ਨਾਮਜ਼ਦ ਕਰਦਾ ਹੈ।
ਇੱਕ ਰਾਜ ਸਭਾ ਮੈਂਬਰ ਦੀ ਚੋਣ 'ਚ ਹਰ ਵਿਧਾਨ ਸਭਾ ਦੇ ਵਿਧਾਇਕ ਹਿੱਸਾ ਲੈਂਦੇ ਹਨ। ਪਰ ਇਸ ਵਿੱਚ ਵਿਧਾਨ ਪ੍ਰੀਸ਼ਦ ਦੇ ਮੈਂਬਰ ਵੋਟਿੰਗ ਨਹੀਂ ਕਰ ਸਕਦੇ। ਰਾਜ ਸਭਾ ਮੈਂਬਰਾਂ ਦੀ ਚੋਣ ਲਈ ਇੱਕ ਫਾਰਮੂਲਾ ਹੁੰਦਾ ਹੈ, ਜਿਸ ਤਹਿਤ ਉਮੀਦਵਾਰਾਂ ਦੀ ਚੋਣ ਹੁੰਦੀ ਹੈ।
ਇਹ ਹੁੰਦਾ ਹੈ ਫਾਰਮੂਲਾ
ਫਾਰਮੂਲੇ ਤਹਿਤ ਇੱਕ ਸੂਬੇ ਵਿੱਚ ਜਿੰਨੀਆਂ ਰਾਜ ਸਭਾ ਸੀਟਾਂ ਖਾਲੀ ਹੁੰਦੀਆਂ ਹਨ, ਉਸ ਵਿੱਚ ਪਹਿਲਾਂ ਇੱਕ ਜੋੜ ਲਿਆ ਜਾਂਦਾ ਹੈ ਅਤੇ ਫਿਰ ਇਸ ਨੂੰ ਕੁੱਲ ਵਿਧਾਨ ਸਭਾ ਸੀਟਾਂ ਨਾਲ ਭਾਗ ਕਰ ਲਿਆ ਜਾਂਦਾ ਹੈ। ਉਪਰੰਤ ਜੋ ਨਤੀਜਾ ਆਉਂਦਾ ਹੈ, ਉਸ ਵਿੱਚ ਫਿਰ 1 ਜੋੜ ਲਿਆ ਜਾਂਦਾ ਹੈ।
ਉਦਾਹਰਨ ਵੱਜੋਂ ਯੂਪੀ ਦੀਆਂ 10 ਰਾਜ ਸਭਾ ਸੀਟਾਂ ਲਈ ਵੋਟਿੰਗ ਹੋਵੇਗੀ ਤਾਂ ਇਸ ਵਿੱਚ ਇੱਕ ਜੋੜ ਕੇ 11 ਹੋ ਜਾਵੇਗਾ। ਹਾਲਾਂਕਿ ਯੂਪੀ ਦੀਆਂ 403 ਵਿਧਾਨ ਸਭਾ ਸੀਟਾਂ ਵਿਚੋਂ 4 ਖਾਲੀ ਹਨ। ਇਸ ਲਈ 399 ਨਾਲ 11 ਨੂੰ ਭਾਗ ਕੀਤਾ ਜਾਵੇਗਾ, ਜਿਸ ਦਾ ਕੁੱਲ ਜੋੜ 36.272 ਹੋਵੇਗਾ। ਪਰ ਇਸ ਨੂੰ 36 ਗਿਣਿਆ ਜਾਵੇਗਾ ਅਤੇ ਹੁਣ ਅਖੀਰ ਇਸ ਵਿੱਚ 1 ਹੋਰ ਜੋੜ ਲਿਆ ਜਾਵੇਗਾ। ਇਸ ਤਰ੍ਹਾਂ ਇੱਕ ਰਾਜ ਸਭਾ ਦੀ ਸੀਟ ਜਿੱਤਣ ਲਈ 37 ਵਿਧਾਇਕਾਂ ਦੀ ਲੋੜ ਹੋਵੇਗੀ।
ਇਸ ਦੇ ਨਾਲ ਹੀ ਰਾਜ ਸਭਾ ਚੋਣਾਂ ਲਈ ਸਾਰੇ ਵਿਧਾਇਕ, ਸਾਰੇ ਉਮੀਦਵਾਰਾਂ ਲਈ ਵੋਟ ਨਹੀਂ ਪਾ ਸਕਦੇ। ਉਨ੍ਹਾਂ ਨੂੰ ਪਹਿਲਾਂ ਆਪਣੀ ਪਹਿਲੀ ਅਤੇ ਦੂਜੀ ਪਸੰਦ ਦੱਸਣੀ ਪੈਂਦੀ ਹੈ।
ਇੱਕ ਸੰਸਦ ਮੈਂਬਰ ਨੂੰ ਮਿਲਦੀਆਂ ਹਨ ਇਹ ਸਹੂਲਤਾਂ
ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਨੂੰ ਚੁਣੇ ਜਾਣ ਤੋਂ ਬਾਅਦ ਇੱਕ ਲੱਖ ਰੁਪਏ ਮਹੀਨਾ ਤਨਖਾਹ ਮਿਲਦੀ ਹੈ। ਨਾਲ ਹੀ ਜੇਕਰ ਉਹ ਆਪਣੀ ਰਿਹਾਇਸ਼ ਤੋਂ ਕੰਮ ਕਰ ਰਹੇ ਹਨ ਤਾਂ 2 ਹਜ਼ਾਰ ਰੁਪਏ ਭੱਤਾ ਵੀ ਮਿਲਦਾ ਹੈ।
ਰਾਜ ਸਭਾ ਨਾਲ ਜੁੜੇ ਹਰ ਕੰਮ ਲਈ ਵੀ ਮੈਂਬਰ ਨੂੰ ਖਰਚਾ ਮਿਲਦਾ ਹੈ।
ਮੈਂਬਰ ਨੂੰ ਮੁਫਤ ਰੇਲ ਯਾਤਰਾ ਲਈ ਵਿਸ਼ੇਸ਼ ਤੌਰ 'ਤੇ ਆਪਣੇ ਅਤੇ ਪਰਿਵਾਰ ਲਈ ਪਾਸ ਵੀ ਮਿਲਦਾ ਹੈ।
ਰਾਜ ਸਭਾ ਮੈਂਬਰਾਂ ਨੂੰ ਚੋਣ ਹਲਕੇ ਦਾ ਭੱਤਾ ਵੀ ਮਿਲਦਾ ਹੈ। ਨਾਲ ਹੀ ਰਿਹਾਇਸ਼, ਬਿਜਲੀ, ਪਾਣੀ, ਟੈਲੀਫੋਨ ਅਤੇ ਮੈਡੀਕਲ ਸਹੂਲਤਾਂ ਵੀ ਮਿਲਦੀਆਂ ਹਨ।
ਰਿਟਾਇਰ ਹੋਣ ਤੋਂ ਬਾਅਦ ਰਾਜ ਸਭਾ ਸੰਸਦ ਮੈਂਬਰ ਨੂੰ 25 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਵੀ ਮਿਲਦੀ ਹੈ। ਜੇਕਰ 5 ਸਾਲ ਹੋ ਪੂਰੇ ਹੋ ਗਏ ਹੋਣ ਤਾਂ ਸਾਲਾਨਾ 2 ਹਜ਼ਾਰ ਰੁਪਏ ਪੈਨਸ਼ਨ ਵਿੱਚ ਵਾਧਾ ਵੀ ਹੁੰਦਾ ਹੈ। 10 ਪੂਰੇ ਕਰਨ ਵਾਲੇ ਮੈਂਬਰ ਨੂੰ ਪੈਨਸ਼ਨ ਰਾਸ਼ੀ 35 ਹਜ਼ਾਰ ਪ੍ਰਤੀ ਮਹੀਨਾ ਮਿਲਦੇ ਹਨ।
ਰਾਜ ਸਭਾ ਮੈਂਬਰ ਬਣਨ ਲਈ ਯੋਗਤਾ
ਰਾਜ ਸਭਾ ਦਾ ਮੈਂਬਰ ਬਣਨ ਲਈ ਭਾਰਤ ਦਾ ਨਾਗਰਿਕ ਹੋਣਾ ਜ਼ਰੂਰੀ ਹੈ। ਉਸਦੀ ਉਮਰ 30 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਇਹ ਜ਼ਰੂਰੀ ਨਹੀਂ ਹੁੰਦਾ ਕਿ ਉਹ ਉਸ ਰਾਜ ਦਾ ਵਸਨੀਕ ਹੋਵੇ, ਜਿਥੋਂ ਰਾਜ ਸਭਾ ਮੈਂਬਰ ਚੁਣਿਆ ਜਾਣਾ ਹੋਵੇ।
ਕਦੇ ਭੰਗ ਨਹੀਂ ਹੁੰਦੀ ਰਾਜ ਸਭਾ
ਰਾਜ ਸਭਾ ਦਾ ਚੇਅਰਮੈਨ ਭਾਰਤ ਦਾ ਉਪ ਰਾਸ਼ਟਰਪਤੀ ਹੁੰਦਾ ਹੈ। ਇਸ ਦੇ ਮੈਂਬਰ 6 ਸਾਲਾਂ ਲਈ ਚੁਣੇ ਜਾਂਦੇ ਹਨ। ਇਨ੍ਹਾਂ ਵਿੱਚੋਂ ਇੱਕ ਤਿਹਾਈ ਮੈਂਬਰਾਂ ਦਾ ਕਾਰਜਕਾਲ ਹਰ 2 ਸਾਲ ਬਾਅਦ ਪੂਰਾ ਹੁੰਦਾ ਹੈ। ਭਾਵ ਹਰ 2 ਸਾਲ ਬਾਅਦ ਰਾਜ ਸਭਾ ਦੇ ਇੱਕ ਤਿਹਾਈ ਮੈਂਬਰ ਬਦਲਦੇ ਹਨ ਨਾ ਕਿ ਇਹ ਸਦਨ ਭੰਗ ਹੁੰਦਾ ਹੈ।