Punjab Weather: ਪੰਜਾਬ ਦੇ ਕਈ ਸ਼ਹਿਰਾਂ ’ਚ ਮੀਂਹ, ਮੌਨਸੂਨ ਦੀ ਰਫ਼ਤਾਰ ਮੱਠੀ, ਅਲਰਟ ਜਾਰੀ

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਮਾਨਸੂਨ ਦੀ ਰਫ਼ਤਾਰ ਮੱਠੀ ਹੋ ਗਈ ਹੈ। ਅੱਜ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਮੀਂਹ ਪੈ ਰਿਹਾ ਹੈ, ਜਾਣੋ ਆਪਣੇ ਸ਼ਹਿਰ ਦਾ ਮੌਸਮ...

By  Dhalwinder Sandhu July 10th 2024 09:40 AM

Punjab Monsoon Update: ਪੰਜਾਬ ਦੇ ਕਈ ਸ਼ਹਿਰਾਂ ਵਿੱਚ ਮੀਂਹ ਪੈ ਰਿਹਾ ਹੈ, ਪਰ ਇਸ ਵਾਰ ਸੂਬੇ ਵਿੱਚ ਮਾਨਸੂਨ ਦੀ ਰਫ਼ਤਾਰ ਮੱਠੀ ਹੋਣ ਕਾਰਨ ਗਰਮੀ ਅਤੇ ਹੁੰਮਸ ਵੀ ਇੱਕ ਵਾਰ ਫਿਰ ਵਧ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਮੌਸਮ ਵਿਭਾਗ ਨੇ ਬਠਿੰਡਾ ਨੂੰ ਛੱਡ ਕੇ ਕਿਸੇ ਵੀ ਖੇਤਰ ਵਿੱਚ ਮੀਂਹ ਦਰਜ ਨਹੀਂ ਕੀਤਾ ਹੈ। ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ 35 ਡਿਗਰੀ ਨੂੰ ਪਾਰ ਕਰ ਗਿਆ ਹੈ। ਇਸ ਵਿੱਚ ਹੋਰ ਵਾਧਾ ਹੋਣ ਦੀ ਉਮੀਦ ਹੈ। ਛੇਤੀ ਹੀ ਇਹ ਚਾਲੀ ਨੂੰ ਵੀ ਪਾਰ ਕਰ ਸਕਦਾ ਹੈ। 

ਮੀਂਹ ਦਾ ਅਲਰਟ

ਮੌਸਮ ਵਿਭਾਗ ਨੇ ਹੁਣ 12 ਜੁਲਾਈ ਨੂੰ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਤਿੰਨ ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਅੱਜ ਕਈ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਰਹਿਣਗੇ।

ਨਮੀ 85 ਤੋਂ 100 ਦੇ ਵਿਚਕਾਰ ਪਹੁੰਚ ਗਈ

ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਨਮੀ ਦਾ ਪੱਧਰ ਵਧ ਗਿਆ ਹੈ। ਇਹ 85 ਤੋਂ 100 ਦੇ ਵਿਚਕਾਰ ਪਹੁੰਚ ਗਿਆ ਹੈ। ਮੰਗਲਵਾਰ ਨੂੰ ਮੀਂਹ ਨਾ ਪੈਣ ਕਾਰਨ ਨਮੀ ਹੋਰ ਵਧ ਗਈ। ਅੰਮ੍ਰਿਤਸਰ ਵਿੱਚ ਨਮੀ ਦਾ ਪੱਧਰ 66 ਤੋਂ 89 ਦੇ ਵਿਚਕਾਰ ਦਰਜ ਕੀਤਾ ਗਿਆ ਹੈ। ਜਲੰਧਰ ਵਿੱਚ ਇਹ 59 ਤੋਂ 100 ਅਤੇ ਲੁਧਿਆਣਾ ਵਿੱਚ 70 ਤੋਂ 77 ਦੇ ਵਿਚਕਾਰ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਮੌਸਮ 'ਚ ਚਮੜੀ ਨਾਲ ਸਬੰਧਤ ਬੀਮਾਰੀਆਂ ਜ਼ਿਆਦਾ ਹੁੰਦੀਆਂ ਹਨ।

ਚੰਡੀਗੜ੍ਹ ਦਾ ਮੌਸਮ

ਚੰਡੀਗੜ੍ਹ ਵਿੱਚ ਮਾਨਸੂਨ ਦੀ ਰਫ਼ਤਾਰ ਮੱਠੀ ਪੈ ਗਈ ਹੈ। ਪਿਛਲੇ ਕਈ ਦਿਨਾਂ ਤੋਂ ਮੀਂਹ ਨਾ ਪੈਣ ਕਾਰਨ ਤਾਪਮਾਨ ਵੀ ਵੱਧ ਰਿਹਾ ਹੈ। ਪਿਛਲੇ 24 ਘੰਟਿਆਂ 'ਚ ਤਾਪਮਾਨ 3.8 ਡਿਗਰੀ ਸੈਲਸੀਅਸ ਵਧਿਆ ਹੈ। ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 37.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਤਾਪਮਾਨ ਨਾਲੋਂ 2.7 ਡਿਗਰੀ ਵੱਧ ਹੈ। ਸ਼ਹਿਰ ਵਿੱਚ ਅੱਜ ਦਿਨ ਭਰ ਬੱਦਲ ਛਾਏ ਰਹਿਣਗੇ। ਪਰ ਮੀਂਹ ਦੀ ਸੰਭਾਵਨਾ ਘੱਟ ਹੈ।

ਮੌਸਮ ਵਿਭਾਗ ਮੁਤਾਬਕ ਮਾਨਸੂਨ ਸੀਜ਼ਨ ਦੌਰਾਨ ਬਾਰਿਸ਼ 'ਚ ਦੋ-ਤਿੰਨ ਦਿਨਾਂ ਦਾ ਫਰਕ ਪੈ ਸਕਦਾ ਹੈ। ਅਜਿਹਾ ਨਹੀਂ ਹੁੰਦਾ ਕਿ ਸਾਰੇ ਖੇਤਰਾਂ ਵਿੱਚ ਇੱਕੋ ਸਮੇਂ ਮੀਂਹ ਪੈਂਦਾ ਹੈ। 12 ਜੁਲਾਈ ਨੂੰ ਚੰਡੀਗੜ੍ਹ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਤਾਪਮਾਨ ਥੋੜ੍ਹਾ ਘੱਟ ਜਾਵੇਗਾ। ਕੱਲ੍ਹ ਯਾਨੀ 11 ਜੁਲਾਈ ਨੂੰ ਚੰਡੀਗੜ੍ਹ ਵਿੱਚ ਬੱਦਲ ਛਾਏ ਰਹਿਣਗੇ ਅਤੇ ਕੁਝ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 12 ਤਰੀਕ ਨੂੰ ਮੀਂਹ ਦੇ ਨਾਲ-ਨਾਲ ਹਵਾ ਚੱਲਣ ਦੀ ਸੰਭਾਵਨਾ ਹੈ।

ਹਰਿਆਣਾ ਦਾ ਮੌਸਮ

ਹਰਿਆਣਾ ਵਿੱਚ ਹਵਾ ਦਾ ਰੁਖ ਬਦਲਦੇ ਹੀ ਮਾਨਸੂਨ ਰੁਕ ਗਿਆ ਹੈ। ਹਰਿਆਣਾ ਵਿੱਚ ਇੱਕ-ਦੋ ਥਾਵਾਂ 'ਤੇ ਹਲਕੀ ਬਾਰਿਸ਼ ਹੋਈ ਤੇ ਤਾਪਮਾਨ ਵਿੱਚ ਵੀ ਵਾਧਾ ਹੋਇਆ ਹੈ। ਦਿਨ ਦਾ ਤਾਪਮਾਨ ਵਧੇਗਾ ਜਦਕਿ ਰਾਤ ਦਾ ਤਾਪਮਾਨ ਆਮ ਵਾਂਗ ਰਹੇਗਾ। ਮਾਨਸੂਨ ਦੀਆਂ ਗਤੀਵਿਧੀਆਂ 12 ਜੁਲਾਈ ਤੱਕ ਘੱਟ ਹੋਣ ਦੀ ਸੰਭਾਵਨਾ ਹੈ। ਇਸ ਦਾ ਕਾਰਨ ਬਦਲਦੀਆਂ ਹਵਾਵਾਂ ਹਨ।

ਇਹ ਵੀ ਪੜ੍ਹੋ: Agra Accident: ਐਕਸਪ੍ਰੈਸ ਵੇਅ 'ਤੇ ਭਿਆਨਕ ਸੜਕ ਹਾਦਸਾ, ਡਬਲ ਡੇਕਰ ਬੱਸ ਦੀ ਕੰਟੇਨਰ ਨਾਲ ਟੱਕਰ, 18 ਦੀ ਮੌਤ

Related Post