Rail Roko: ਪੰਜਾਬ ਚ 52 ਥਾਵਾਂ ਤੇ ਕੀਤਾ ਜਾਵੇਗਾ ਰੇਲਾਂ ਦਾ ਚੱਕਾ ਜਾਮ

ਪੀਟੀਸੀ ਡੈਸਕ ਨਿਊਜ਼: ਐਮਐਸਪੀ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਕਿਸਾਨਾਂ ਵੱਲੋਂ ਅੱਜ ਦੇਸ਼ ਪੱਧਰੀ ਰੇਲ ਰੋਕੋ ਅੰਦੋਲਨ ਦੇ ਮੱਦੇਨਜ਼ਰ ਪੰਜਾਬ ਭਰ ਵਿੱਚ 52 ਥਾਵਾਂ 'ਤੇ ਰੇਲਾਂ ਰੋਕੀਆਂ ਜਾਣਗੀਆਂ। ਸੰਯੁਕਤ ਕਿਸਾਨ ਮੋਰਚੇ (ਗ਼ੈਰ-ਰਾਜਨੀਤਕ) ਨਾਲ ਜੁੜੀਆਂ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਇਨ੍ਹਾਂ ਥਾਵਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਵਿੱਚ 22 ਜ਼ਿਲ੍ਹਿਆਂ ਦੀਆਂ 52 ਥਾਵਾਂ ਦੱਸੀਆਂ ਗਈਆਂ ਹਨ।
ਕਿਸਾਨ ਜਥੇਬੰਦੀਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪੰਜਾਬ 'ਚ ਇਸ ਪ੍ਰੋਗਰਾਮ ਤਹਿਤ ਅਮਿ੍ੰਤਸਰ ਦੇ ਦੇਵੀਦਾਸਪੁਰਾ, ਰਈਆ, ਕੱਥੂਨੰਗਲ, ਜੈਂਤੀਪੁਰ, ਕੋਟਲਾ ਗੁਜਰਾ, ਜਹਾਂਗੀਰ, ਪੰਧੇਰ ਫਾਟਕ, ਰਾਮਦਾਸ ਅਤੇ ਵੇਰਕਾ, ਗੁਰਦਾਸਪੁਰ 'ਚ ਬਟਾਲਾ, ਗੁਰਦਾਸਪੁਰ ਅਤੇ ਫਤਿਹਗੜ੍ਹ ਚੂੜੀਆ, ਤਰਨਤਾਰਨ ਦੇ ਖਡੂਰ ਸਾਹਿਬ, ਤਰਨਤਾਰਨ ਅਤੇ ਪੱਟੀ, ਹੁਸ਼ਿਆਰਪੁਰ ਦੇ ਟਾਂਡਾ, ਦਸੂਹਾ ਤੇ ਹੁਸ਼ਿਆਰਪੁਰ, ਜਲੰਧਰ 'ਚ ਫਿਲੌਰ, ਫਗਵਾੜਾ ਤੇ ਜਲੰਧਰ ਕੈਂਟ, ਕਪੂਰਥਲਾ ਦੇ ਲੋਹੀਆ ਤੇ ਸੁਲਤਾਨਪੁਰ ਲੋਧੀ, ਫਿਰੋਜ਼ਪੁਰ ਦੇ ਬਸਤੀ ਟੈਂਕਾਂ ਵਾਲ਼ੀ, ਗੁਰੂ ਹਰਸਹਾਏ, ਮੱਖੂ ਤੇ ਮੱਲਾਂਵਾਲਾ, ਫਰੀਦਕੋਟ 'ਚ ਜੈਤੋ ਤੇ ਫਰੀਦਕੋਟ ਸਟੇਸ਼ਨ, ਮੋਗਾ 'ਚ ਬਾਘਾ ਪੁਰਾਣਾ ਤੇ ਮੋਗਾ ਸਟੇਸ਼ਨ, ਮੁਕਤਸਰ 'ਚ ਮਲੋਟ ਤੇ ਗਿਦੜਬਾਹਾ, ਫਾਜ਼ਿਲਕਾ 'ਚ ਅਬੋਹਰ ਤੇ ਫਾਜ਼ਿਲਕਾ ਸਟੇਸ਼ਨਾਂ 'ਤੇ ਰੇਲਾਂ ਰੋਕੀਆਂ ਜਾਣਗੀਆਂ।
ਇਸਤੋਂ ਇਲਾਵਾ ਬਠਿੰਡਾ ਦੇ ਰਾਮਪੁਰਾ ਫੂਲ, ਮਲੇਰਕੋਟਲਾ ਦੇ ਅਹਿਮਦਗੜ੍ਹ, ਮਾਨਸਾ ਦੇ ਬੁਢਲਾਡਾ ਤੇ ਮਾਨਸਾ ਸਟੇਸ਼ਨ, ਪਟਿਆਲਾ ਦੇ ਪਟਿਆਲਾ ਸਟੇਸ਼ਨ, ਸੁਨਾਮ ਤੇ ਸ਼ੰਭੂ, ਮੋਹਾਲੀ ਦੇ ਕੁਰਾਲੀ, ਖਰੜ ਤੇ ਲਾਲੜੂ, ਪਠਾਨਕੋਟ 'ਚ ਦੀਨਾਨਗਰ, ਲੁਧਿਆਣਾ 'ਚ ਸਮਰਾਲਾ, ਮੁਲਾਂਪੁਰ ਤੇ ਜਗਰਾਓਂ, ਫਤਿਹਗੜ ਸਾਹਿਬ ਦੇ ਸਰਹਿੰਦ, ਰੋਪੜ 'ਚ ਮੋਰਿੰਡਾ, ਸੰਗਰੂਰ 'ਚ ਸੰਗਰੂਰ ਸਟੇਸ਼ਨ ਤੇ ਬਰਨਾਲਾ 'ਚ ਬਰਨਾਲਾ ਸਟੇਸ਼ਨ ਥਾਵਾਂ 'ਤੇ ਰੇਲਾਂ ਰੋਕਣ ਦਾ ਫੈਸਲਾ ਕੀਤਾ ਗਿਆ ਹੈ।
ਦੱਸ ਦਈਏ ਕਿ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਸ਼ਨੀਵਾਰ ਨੂੰ ਦੱਸਿਆ ਕਿ 'ਰੇਲ ਰੋਕੋ' ਧਰਨੇ ਦੌਰਾਨ ਪੰਜਾਬ ਦੇ ਫਿਰੋਜ਼ਪੁਰ, ਅੰਮ੍ਰਿਤਸਰ, ਰੂਪਨਗਰ, ਗੁਰਦਾਸਪੁਰ ਜ਼ਿਲਿਆਂ ਸਮੇਤ ਕਈ ਥਾਵਾਂ 'ਤੇ ਸੈਂਕੜੇ ਕਿਸਾਨ ਰੇਲ ਪਟੜੀਆਂ 'ਤੇ ਬੈਠਣਗੇ। ਇਸ ਵਿੱਚ ਕਿਸਾਨ ਅੰਦੋਲਨ 'ਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ (ਡਕੌਂਦਾ-ਧਨੇਰ) ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੀ ਸ਼ਾਮਲ ਹਨ।