ਰੇਲ ਯਾਤਰੀ ਸਾਵਧਾਨ! ਕਿਸਾਨ ਅੱਜ ਕਰਨਗੇ ਦੇਸ਼ ਭਰ ਚ ਰੇਲਾਂ ਦਾ ਚੱਕਾ ਜਾਮ
Rail Roko Kisan Andolan 2.0: ਜੇਕਰ ਤੁਸੀ ਰੇਲ 'ਤੇ ਸਫਰ ਕਰਨ ਜਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ, ਕਿਉਂਕਿ ਸੰਯੁਕਤ ਕਿਸਾਨ (ਗ਼ੈਰ-ਰਾਜਨੀਤਕ) ਮੋਰਚੇ ਵੱਲੋਂ ਅੱਜ ਦੇਸ਼ ਭਰ 'ਚ ਰੇਲਾਂ ਰੋਕਣ ਦਾ ਸੱਦਾ ਦਿੱਤਾ ਹੋਇਆ ਹੈ। ਕਿਸਾਨ ਅੰਦੋਲਨ ਦੇ ਮੱਦੇਨਜ਼ਰ ਕਿਸਾਨਾਂ ਵੱਲੋਂ ਅੱਜ ਦੇਸ਼ ਭਰ ਵਿੱਚ ਧਰਨਾ ਲਾ ਕੇ ਰੇਲਾਂ ਰੋਕੀਆਂ ਜਾਣਗੀਆਂ।
ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਸ਼ਨੀਵਾਰ ਨੂੰ ਦੱਸਿਆ ਕਿ 'ਰੇਲ ਰੋਕੋ' ਧਰਨੇ ਦੌਰਾਨ ਪੰਜਾਬ ਦੇ ਫਿਰੋਜ਼ਪੁਰ, ਅੰਮ੍ਰਿਤਸਰ, ਰੂਪਨਗਰ, ਗੁਰਦਾਸਪੁਰ ਜ਼ਿਲਿਆਂ ਸਮੇਤ ਕਈ ਥਾਵਾਂ 'ਤੇ ਸੈਂਕੜੇ ਕਿਸਾਨ ਰੇਲ ਪਟੜੀਆਂ 'ਤੇ ਬੈਠਣਗੇ। ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਪੱਧਰੀ ਸੱਦੇ ਤਹਿਤ ਕਿਸਾਨਾਂ ਨੂੰ 6 ਮਾਰਚ ਨੂੰ ਦਿੱਲੀ ਪਹੁੰਚਣ ਅਤੇ 10 ਮਾਰਚ ਨੂੰ ਰੇਲਾਂ ਦਾ ਚੱਕਾ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਹੈ। 'ਰੇਲ ਰੋਕੋ' ਧਰਨੇ ਦਾ ਸੱਦਾ ਦੇਣ ਵਾਲੇ ਕਿਸਾਨ ਆਗੂਆਂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦਾ, ਉਦੋਂ ਤੱਕ ਕਿਸਾਨ ਮੌਜੂਦਾ ਧਰਨੇ ਵਾਲੇ ਸਥਾਨਾਂ 'ਤੇ ਆਪਣਾ ਅੰਦੋਲਨ ਹੋਰ ਤੇਜ਼ ਕਰਨਗੇ।
ਰੇਲ ਰੋਕੋ 'ਚ ਔਰਤਾਂ ਵੀ ਲੈਣਗੀਆਂ ਹਿੱਸਾ
ਇਸ ਕਿਸਾਨ ਮੋਰਚੇ ਵਿੱਚ ਵੱਡੀ ਗਿਣਤੀ ਔਰਤਾਂ ਵੀ ਹਿੱਸਾ ਲੈਣਗੀਆਂ। ਬੀਤੇ ਦਿਨ ਕਿਸਾਨ ਔਰਤਾਂ ਨੇ ਕਿਹਾ ਸੀ ਕਿ ਹਾਈਕੋਰਟ ਦੀਆਂ ਕਿਸਾਨ ਅੰਦੋਲਨ 'ਤੇ ਟਿੱਪਣੀਆਂ ਲਈ ਸਰਕਾਰਾਂ ਜ਼ਿੰਮੇਵਾਰ ਹਨ। ਹਰਿਆਣਾ ਸਰਕਾਰ ਜਾਣਬੁੱਝ ਕੇ ਅਦਾਲਤ 'ਚ ਗਲਤ ਤੱਥ ਪੇਸ਼ ਕਰ ਰਹੀ ਹੈ। ਕਿਸਾਨ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਹਰਿਆਣਾ ਪੁਲਿਸ ਨੇ ਨੀਮ ਫੌਜੀ ਬਲਾਂ ਨਾਲ ਮਿਲ ਕੇ ਕਿਸਾਨਾਂ 'ਤੇ ਜ਼ੁਲਮ ਕੀਤਾ ਹੈ, ਜਿਸ ਨੂੰ ਛੁਪਾਉਣ ਲਈ ਹਰਿਆਣਾ ਪੁਲਿਸ ਗਲਤ ਤੱਥ ਪੇਸ਼ ਕਰ ਰਹੀ ਹੈ।
ਕਿਸਾਨਾਂ ਦੇ ਇਸ ਰੇਲ ਰੋਕੋ ਅੰਦੋਲਨ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ (ਡਕੌਂਦਾ-ਧਨੇਰ) ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੀ ਹਿੱਸਾ ਲੈਣਗੀਆਂ। 'ਰੇਲ ਰੋਕੋ' ਪ੍ਰਦਰਸ਼ਨ ਤੋਂ ਪਹਿਲਾਂ ਸਾਰੀਆਂ ਸਰਹੱਦਾਂ 'ਤੇ ਸੁਰੱਖਿਆ ਵੀ ਸਖ਼ਤ ਕਰ ਦਿੱਤੀ ਗਈ ਹੈ।
ਹਰਿਆਣਾ 'ਚ ਧਾਰਾ 144 ਲਾਗੂ
ਕਿਸਾਨਾਂ ਨੂੰ ਰੋਕਣ ਲਈ ਸ਼ੁਰੂ ਤੋਂ ਹੀ ਸਖਤ ਕਾਰਵਾਈ ਕਰ ਰਹੀ ਹਰਿਆਣਾ ਪੁਲਿਸ ਨੇ ਹੁਣ ਰੇਲ ਰੋਲੋ ਅੰਦੋਲਨ ਦੇ ਮੱਦੇਨਜ਼ਰ ਅੰਬਾਲਾ ਜ਼ਿਲ੍ਹੇ ਵਿੱਚ ਧਾਰਾ 144 ਲਗਾ ਦਿੱਤੀ ਹੈ।