ਸੁਨੀਲ ਜਾਖੜ ਨੇ CM ਮਾਨ ਤੋਂ ਮੰਗਿਆ ਜਵਾਬ, ਪੁੱਛਿਆ- ਰਾਘਵ ਚੱਢਾ, ਪੰਜਾਬ ਦੇ ਸਿਆਸੀ ਦ੍ਰਿਸ਼ ਤੋਂ ਗੈਰਹਾਜ਼ਰ ਕਿਉਂ?

By  KRISHAN KUMAR SHARMA March 18th 2024 07:54 PM
ਸੁਨੀਲ ਜਾਖੜ ਨੇ CM ਮਾਨ ਤੋਂ ਮੰਗਿਆ ਜਵਾਬ, ਪੁੱਛਿਆ- ਰਾਘਵ ਚੱਢਾ, ਪੰਜਾਬ ਦੇ ਸਿਆਸੀ ਦ੍ਰਿਸ਼ ਤੋਂ ਗੈਰਹਾਜ਼ਰ ਕਿਉਂ?

ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਇਸ ਨਾਜ਼ੁਕ ਸਮੇਂ 'ਤੇ ਰਾਘਵ ਚੱਢਾ ਦੀ ਗੈਰ-ਹਾਜ਼ਰੀ 'ਤੇ ਚੁਟਕੀ ਲੈਂਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੰਦਰੂਨੀ ਫੁੱਟ ਅਤੇ ਬਗਾਵਤ ਦੇ ਕਾਰਨਾਂ ਬਾਰੇ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। ਸੋਮਵਾਰ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਨੂੰ ਉਦੋਂ ਵੱਡਾ ਹੁੰਗਾਰਾ ਮਿਲਿਆ ਹੈ, ਜਦੋਂ ਸੁਨੀਲ ਜਾਖੜ (Sunil Jakhar) ਦੀ ਹਾਜ਼ਰੀ ਵਿੱਚ ਪੰਜਾਬ ਕਿਸਾਨ ਦਲ (Punjab Kisan Dal) ਦੇ ਕੌਮੀ ਪ੍ਰਧਾਨ ਹਰਜੀਤ ਸਿੰਘ ਸਰ੍ਹਾਂ ਨੇ ਭਾਜਪਾ ਵਿੱਚ ਰਲੇਵੇਂ ਦਾ ਐਲਾਨ ਕਰ ਦਿੱਤਾ।

ਜਾਖੜ ਇੱਥੇ ਸਾਬਕਾ ਏਡੀਸੀ ਰਣਧੀਰ ਸਿੰਘ ਮੂਧਲ, ਬਿਕਰਮ ਮਜੀਠੀਆ ਦੇ ਸਾਬਕਾ ਓਐਸਡੀ ਐਡਵੋਕੇਟ ਰਮੇਸ਼ ਪਰਾਸ਼ਰ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੋਟਕਪੂਰਾ ਕਰਤਾਰ ਸਿੰਘ ਸਿੱਖੇਵਾਲ ਅਤੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਗ੍ਰੰਥੀ ਸਰਦਾਰ ਕਸ਼ਮੀਰ ਸਿੰਘ ਸਮੇਤ ਨਵੇਂ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਦੱਸ ਦਈਏ ਕਿ 2022 ਵਿਧਾਨ ਸਭਾ ਚੋਣਾਂ 'ਚ ਕਿਸਾਨ ਦਲ ਨੇ 22 ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਸਨ ਅਤੇ ਜਲੰਧਰ ਲੋਕਸਭਾ ਜਿਮਨੀ ਚੋਣ ਵਿਚ ਵੀ ਆਪਣਾ ਉਮੀਦਵਾਰ ਖੜਾ ਕੀਤਾ ਸੀ।

ਇਸ ਮੌਕੇ ਭਾਜਪਾ ਪੰਜਾਬ (Punjab BJP) ਪ੍ਰਧਾਨ ਨੇ ਕਿਹਾ, "ਰਾਘਵ ਕੇਜਰੀਵਾਲ ਦੀ ਅੱਖ ਦਾ ਤਾਰਾ ਹੈ, ਉਹ ਪੰਜਾਬ ਵਿਚ ਸੁਪਰ ਸੀਐਮ ਵਜੋਂ ਕੰਮ ਕਰ ਰਿਹਾ ਹੈ ਅਤੇ ਚੁਣੇ ਹੋਏ ਸੀਐਮ ਭਗਵੰਤ ਮਾਨ ਦਾ ਅਪਮਾਨ ਕਰ ਰਿਹਾ ਹੈ ਅਤੇ ਹੁਣ ਸੰਸਦੀ ਚੋਣ ਪ੍ਰਕਿਰਿਆ ਸ਼ੁਰੂ ਹੁੰਦੇ ਹੀ ਉਸ ਨੂੰ ਸਿਆਸੀ ਦ੍ਰਿਸ਼ ਤੋਂ ਹਟਾ ਦਿੱਤਾ ਜਾਂ ਦੇ ਨਾਲ ਸ਼ੱਕ ਪੈਦਾ ਹੁੰਦਾ ਹੈ ਕਿ ਆਪ ਪਾਰਟੀ ਅੰਦਰ ਸਭ ਕੁਛ ਠੀਕ ਨਹੀਂ।'' ਉਨ੍ਹਾਂ ਕਿਹਾ, “ਜੇਕਰ ਕੋਈ ਸਿਹਤ ਸੰਬੰਧੀ ਸਮੱਸਿਆ ਹੈ ਤਾਂ ਮੈਂ ਰਾਘਵਜੀ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।''

ਜਾਖੜ ਨੇ ਕਿਹਾ ਕਿ 'ਆਪ' ਅਤੇ ਕਾਂਗਰਸ ਦੇ ਗੁਪਤ ਲਿਵ-ਇਨ ਦਾ ਪਰਦਾਫਾਸ਼ ਹੋ ਗਿਆ ਹੈ ਅਤੇ ਦੋਵਾਂ ਨੂੰ ਹੁਣ ਆਪਣੇ ਰਸਮੀ ਵਿਆਹ ਦਾ ਐਲਾਨ ਕਰਨਾ ਚਾਹੀਦਾ ਹੈ ਅਤੇ ਇਹ ਭੁੱਲ ਜਾਣਾ ਚਾਹੀਦਾ ਹੈ ਕਿ ਪੰਜਾਬੀ ਉਨ੍ਹਾਂ ਦੇ ਛਲਾਵੇ ਵਿੱਚ ਆ ਜਾਣਗੇ।

ਲੋਕਾਂ ਦੇ ਲਗਾਤਾਰ ਭਾਜਪਾ ਵਿੱਚ ਸ਼ਾਮਲ ਹੋਣ 'ਤੇ ਟਿੱਪਣੀ ਕਰਦਿਆਂ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਏਜੰਡੇ ਨੇ ਸਭ ਨੂੰ ਪ੍ਰਭਾਵਿਤ ਕੀਤਾ ਹੈ। ਭਾਰਤ ਨੇ ਪਿਛਲੇ ਦਹਾਕੇ ਵਿੱਚ ਲਗਾਤਾਰ ਤਰੱਕੀ ਦੇਖੀ ਹੈ ਅਤੇ ਹਰ ਕੋਈ ਭਾਰਤ ਨੂੰ ਸਭ ਤੋਂ ਮਜ਼ਬੂਤ ਰਾਸ਼ਟਰ ਬਣਾਉਣ ਦੀ ਇਸ ਯਾਤਰਾ ਵਿੱਚ ਭਾਈਵਾਲ ਬਣਨਾ ਚਾਹੁੰਦਾ ਹੈ। ਉਨ੍ਹਾਂ ਕਿਹਾ, "ਲੋਕ ਵਿਕਾਸ ਵਿੱਚ ਨਿਰੰਤਰਤਾ ਲਈ ਵੋਟ ਦੇਣਗੇ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ, ਭਾਜਪਾ ਬਹੁਮਤ ਹਾਸਲ ਕਰੇਗੀ ਅਤੇ ਦੇਸ਼ ਨੂੰ ਅੱਗੇ ਵਧਣ ਨੂੰ ਯਕੀਨੀ ਬਣਾਏਗੀ।"

ਇਸ ਮੌਕੇ ਅੰਮ੍ਰਿਤਸਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਤਰਨਤਾਰਨ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ, ਸੂਬਾ ਭਾਜਪਾ ਕਮੇਟੀ ਦੇ ਸਕੱਤਰ ਦੁਰਗੇਸ਼ ਸ਼ਰਮਾ ਅਤੇ ਭਾਜਪਾ ਦੇ ਸੂਬਾ ਮੀਡੀਆ ਇੰਚਾਰਜ ਵਿਨੀਤ ਜੋਸ਼ੀ ਵੀ ਹਾਜ਼ਰ ਸਨ।

Related Post