ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਰਾਘਵ ਚੱਢਾ ਦਾ ਰਾਜਨਾਥ ਸਿੰਘ 'ਤੇ ਪਲਟਵਾਰ
ਚੰਡੀਗੜ੍ਹ: ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨਿੱਚਰਵਾਰ ਨੂੰ 2024 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਵਿਰੁੱਧ ਲੜਨ ਲਈ ਵਿਰੋਧੀ ਪਾਰਟੀਆਂ ਦਾ ਨਾਂਅ ਲਏ ਬਗੈਰ, ਉਨ੍ਹਾਂ ਦੇ ਇਕੱਠੇ ਹੋਣ 'ਤੇ ਨਿਸ਼ਾਨਾ ਸਾਧਦਿਆਂ ਕਿਹਾ, "ਜੁਗਨੂੰ ਨੇ ਸ਼ਰਾਬ ਪੀ ਲਈ ਹੈ, ਹੁਣ ਉਹ ਸੂਰਜ ਨੂੰ ਭੀ ਗਲੀਆਂ ਦੇਣਗੇ"। ਚੰਡੀਗੜ੍ਹ ਦੇ ਸੈਕਟਰ 34 ਵਿੱਚ ਪ੍ਰੋਗਰੈਸਿਵ ਇੰਡੀਆ ਮੈਗਾ ਰੈਲੀ ਨੂੰ ਸੰਬੋਧਨ ਕਰਦਿਆਂ ਰਾਜਨਾਥ ਨੇ ਹਾਲਾਂਕਿ ਸਪੱਸ਼ਟ ਕੀਤਾ ਕਿ ਉਹ ਕਿਸੇ ਨੂੰ ਜੁਗਨੂੰ ਨਹੀਂ ਕਹਿ ਰਹੇ ਹਨ।
ਅਕਾਲੀ ਦਲ ਨੂੰ ਪਿਆਰ ਕਰਦੇ ਰਹਾਂਗੇ
ਵਿਰੋਧੀ ਸਿਆਸੀ ਪਾਰਟੀਆਂ ਦੇ ਬਿਆਨਾਂ 'ਤੇ ਪ੍ਰਤੀਕਿਰਿਆ ਕਰਦੇ ਹੋਏ ਕਿ "ਭਾਰਤ ਵਿੱਚ ਲੋਕਤੰਤਰ ਖ਼ਤਰੇ ਵਿੱਚ ਸੀ" ਰੱਖਿਆ ਮੰਤਰੀ ਨੇ ਦੱਸਿਆ ਕਿ ਕਿਵੇਂ ਐਮਰਜੈਂਸੀ ਦੌਰਾਨ ਉਨ੍ਹਾਂ ਅਤੇ ਕਈ ਹੋਰਾਂ ਨੂੰ ਜੇਲ੍ਹ ਵਿੱਚ ਰਹਿਣਾ ਪਿਆ ਸੀ। ਇਸ ਮੌਕੇ ਉਨ੍ਹਾਂ ਅਕਾਲੀ ਦਲ ਦੇ ਮਰਹੂਮ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਤਾਰੀਫ਼ ਕਰਦਿਆਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਐੱਨ.ਡੀ.ਏ ਕਿਉਂ ਛੱਡਿਆ ਪਰ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਭਾਵੇਂ ਕੋਈ ਵੀ ਐੱਨ.ਡੀ.ਏ ਛੱਡ ਦੇਵੇ ਪਰ ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ ਅਤੇ ਉਨ੍ਹਾਂ ਦਾ ਸਤਿਕਾਰ ਕਰਦੇ ਰਹਾਂਗੇ।
ਕੈਪਟਨ ਦੀ ਵੀ ਕਿਤੀ ਤਾਰੀਫ਼
ਰਾਜਨਾਥ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ, ਜੋ ਹੁਣ ਭਾਜਪਾ ਵਿੱਚ ਨੇ, ਦੀ ਸ਼ਲਾਘਾ ਕੀਤੀ ਅਤੇ ਯਾਦ ਕੀਤਾ ਕਿ ਕਿਵੇਂ ਕੇਂਦਰ ਸਰਕਾਰ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਅਮਰਿੰਦਰ ਸਿੰਘ ਤੋਂ ਹਮੇਸ਼ਾ ਪੂਰਾ ਸਮਰਥਨ ਪ੍ਰਾਪਤ ਕੀਤਾ। ਪੰਜਾਬ 'ਚ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਵੱਲੋਂ ਨਾ-ਮਿਲਵਰਤਣ ਦੇ ਸਪੱਸ਼ਟ ਸੰਦਰਭ ਵਿੱਚ ਉਨ੍ਹਾਂ ਕਿਹਾ ਕਿ “ਅੱਜ ਕੱਲ੍ਹ ਅਜਿਹਾ ਨਹੀਂ ਹੈ।"
ਕਾਂਗਰਸ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਪੰਜਾਬ ਤੋਂ ਸਿਰਫ਼ ਚਾਰ-ਪੰਜ ਕਿਲੋਮੀਟਰ ਦੀ ਦੂਰੀ 'ਤੇ ਹੈ ਪਰ ਜਦੋਂ ਦੇਸ਼ ਦੀ ਵੰਡ ਹੋਈ ਸੀ, ਜੇਕਰ ਕਾਂਗਰਸ ਦੇ ਲੋਕਾਂ ਨੇ ਜਲਦਬਾਜ਼ੀ ਨਾ ਕੀਤੀ ਹੁੰਦੀ ਤਾਂ ਕਰਤਾਰਪੁਰ ਸਾਹਿਬ ਉਸ ਸਮੇਂ ਭਾਰਤ ਦਾ ਹਿੱਸਾ ਹੁੰਦਾ। ਜੇ ਕਿਸੇ ਨੇ ਇਸ ਦਰਦ ਨੂੰ ਪਹਿਲੀ ਵਾਰ ਸਮਝਿਆ ਹੈ ਤਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ ਅਤੇ ਅੱਜ ਕਰਤਾਰਪੁਰ ਸਾਹਿਬ ਪਹੁੰਚ ਰਹੇ ਹਨ।
ਭਗਵੰਤ ਮਾਨ ਉੱਤੇ ਸਾਧਿਆ ਨਿਸ਼ਾਨਾ
ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਚੱਲ ਰਹੇ ਟਕਰਾਅ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰਾਜਪਾਲ ਇਕ ਸੰਸਥਾ ਹੈ ਅਤੇ ਸਾਰੇ ਸੰਵਿਧਾਨਕ ਅਹੁਦਿਆਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਚੰਡੀਗੜ੍ਹ ਵਿੱਚ ਭਾਜਪਾ ਦੇ ਸੂਬਾ ਦਫ਼ਤਰ ਵਿੱਚ ਮੀਡੀਆ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਵੀ ਰਾਜਨਾਥ ਨੇ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਹ ਸਰਹੱਦੀ ਸੂਬਾ ਹੈ। ਪੰਜਾਬ ਸਰਕਾਰ ਨੂੰ ਸੂਬੇ ਦੀ ਬਿਹਤਰੀ ਲਈ ਕੇਂਦਰ ਸਰਕਾਰ ਨਾਲ ਕੰਮ ਕਰਨਾ ਚਾਹੀਦਾ ਹੈ।
ਪੰਜਾਬ 'ਚ ਅਕਾਲੀਆਂ ਨਾਲ ਗਠਜੋੜ ਬਾਰੇ ਪੁੱਛੇ ਜਾਣ 'ਤੇ ਰਾਜਨਾਥ ਨੇ ਕਿਹਾ ਕਿ ਉਹ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਇਹ ਫੈਸਲਾ ਪਾਰਟੀ ਨੇ ਕਰਨਾ ਹੈ ਪਰ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਰਿਸ਼ਤਾ ਖ਼ਤਮ ਨਹੀਂ ਹੋਇਆ ਹੈ।
‘ਆਪ’ ਸੰਸਦ ਮੈਂਬਰ ਰਾਘਵ ਚੱਢਾ
'ਆਪ' ਦੇ ਰਾਘਵ ਚੱਡਾ ਦਾ ਰਾਜਨਾਥ ਸਿੰਘ ਉੱਤੇ ਪਲਟਵਾਰ
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਬਿਆਨ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਵਿੱਚ ਨਾਕਾਮ ਰਹੀ ਹੈ ‘ਤੇ ਪ੍ਰਤੀਕਰਮ ਦਿੰਦਿਆਂ ‘ਆਪ’ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਸਰਹੱਦੀ ਸੂਬੇ ਵਿੱਚ ਅਸਲ 'ਚ ਅਮਨ-ਕਾਨੂੰਨ ਦੀ ਸਥਿਤੀ ਵਿੱਚ ‘ਮਹੱਤਵਪੂਰਣ ਸੁਧਾਰ’ ਹੋਇਆ ਹੈ। ਚੱਢਾ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਰਾਜਨਾਥ ਸਿੰਘ ਨੂੰ ਪੰਜਾਬ ਬਾਰੇ ਗਲਤ ਜਾਣਕਾਰੀ ਮਿਲੀ ਹੈ। ਪੰਜਾਬ ਵਿੱਚ ਭਗਵੰਤ ਮਾਨ ਦੀ 'ਆਪ'ਸਰਕਾਰ ਵਿੱਚ ਕਾਨੂੰਨ ਵਿਵਸਥਾ ਵਿੱਚ ਸੁਧਾਰ ਹੋਇਆ ਹੈ।" ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਪਿਛਲੇ ਕੁਝ ਦਹਾਕਿਆਂ ਦੇ ਮੁਕਾਬਲੇ ਕਾਫੀ ਬਿਹਤਰ ਹੋਈ ਹੈ।