ਮੰਡੀ 'ਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਨਹੀਂ ਹੋ ਰਹੀ, ਗੁੱਸੇ 'ਚ ਆਏ ਕਿਸਾਨਾਂ ਨੇ ਰੋਡ ਜਾਮ ਕਰ ਕੇ ਕੀਤੀ ਨਾਅਰੇਬਾਜ਼ੀ

Punjab News: ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੇ ਸਬ-ਸਟੇਸ਼ਨ ਪਿੰਡ ਈਸੜੂ ਦੀ ਮੰਡੀ ਵਿੱਚ ਪਿਛਲੇ 15 ਦਿਨਾਂ ਤੋਂ ਬਾਰਦਾਨੇ ਦੀ ਘਾਟ ਕਾਰਨ ਝੋਨੇ ਦੀ ਖਰੀਦ ਅਤੇ ਲਿਫਟਿੰਗ ਨਹੀਂ ਹੋ ਰਹੀ

By  Amritpal Singh October 22nd 2024 12:41 PM

Punjab News: ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੇ ਸਬ-ਸਟੇਸ਼ਨ ਪਿੰਡ ਈਸੜੂ ਦੀ ਮੰਡੀ ਵਿੱਚ ਪਿਛਲੇ 15 ਦਿਨਾਂ ਤੋਂ ਬਾਰਦਾਨੇ ਦੀ ਘਾਟ ਕਾਰਨ ਝੋਨੇ ਦੀ ਖਰੀਦ ਅਤੇ ਲਿਫਟਿੰਗ ਨਹੀਂ ਹੋ ਰਹੀ, ਹੁਣ ਕਿਸਾਨਾਂ ਕੋਲ ਮੰਡੀ ਵਿੱਚ ਆਪਣੀ ਫ਼ਸਲ ਸਟੋਰ ਕਰਨ ਲਈ ਥਾਂ ਨਹੀਂ ਹੈ।

ਕਿਸਾਨਾਂ ਨੇ ਮੰਗਲਵਾਰ ਨੂੰ ਸੜਕ ਜਾਮ ਕਰਕੇ ਸਰਕਾਰ ਅਤੇ ਐੱਫਸੀਆਈ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ 15 ਦਿਨਾਂ ਤੋਂ ਕਿਸਾਨ ਆਪਣੀ ਫ਼ਸਲ ਲੈ ਕੇ ਈਸੜੂ ਮੰਡੀ ਵਿੱਚ ਬੈਠੇ ਹਨ। ਫ਼ਸਲ ਖੁੱਲ੍ਹੇ ਵਿੱਚ ਪਈ ਹੈ। ਅਸੀਂ ਆਪਣੀ ਫ਼ਸਲ ਨੂੰ ਚੰਗੀ ਤਰ੍ਹਾਂ ਸੁਕਾ ਕੇ ਮੰਡੀ ਵਿਚ ਲਿਆਂਦਾ ਹੈ। ਜੇਕਰ ਮੌਸਮ ਬਦਲ ਗਿਆ ਤਾਂ ਸਾਡੀ ਮਿਹਨਤ ਬੇਕਾਰ ਜਾ ਸਕਦੀ ਹੈ, ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ? ਖਰੀਦ ਏਜੰਸੀ ਸਾਡੀ ਫਸਲ ਨੂੰ ਇਹ ਕਹਿ ਕੇ ਰੱਦ ਕਰ ਦੇਵੇਗੀ ਕਿ ਤੁਹਾਡੀ ਫਸਲ ਵਿੱਚ ਨਮੀ ਜ਼ਿਆਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੰਡੀ ਵਿੱਚ ਕੁਝ ਕਮਿਸ਼ਨ ਏਜੰਟਾਂ ਵੱਲੋਂ ਬਾਰਦਾਨਾ ਦਿੱਤਾ ਜਾ ਰਿਹਾ ਹੈ।

ਐਫਸੀਆਈ ਦੇ ਇੰਸਪੈਕਟਰ ਹਰਭਜਨ ਸਿੰਘ ਨੇ ਦੱਸਿਆ ਕਿ ਬਾਰਦਾਨਾ ਨਾ ਮਿਲਣ ਕਾਰਨ ਪਿਛਲੇ 15 ਦਿਨਾਂ ਤੋਂ ਖਰੀਦ ਨਹੀਂ ਹੋ ਰਹੀ, ਕਿਸਾਨਾਂ ਦੀਆਂ ਮੁਸ਼ਕਲਾਂ ਜਲਦੀ ਹੱਲ ਕੀਤੀਆਂ ਜਾਣਗੀਆਂ।

ਪ੍ਰਦਰਸ਼ਨ ਦੌਰਾਨ ਜਦੋਂ ਐੱਸਡੀਐੱਮ ਪਾਇਲ ਇਲਾਕਾ ਪ੍ਰਦੀਪ ਸਿੰਘ ਦੀ ਕਾਰ ਧਰਨੇ ਵਾਲੀ ਥਾਂ ’ਤੇ ਪੁੱਜੀ ਤਾਂ ਕਿਸਾਨਾਂ ਨੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ, ਜਿਸ ਮਗਰੋਂ ਐੱਸਡੀਐੱਮ ਨੂੰ ਆਪਣੀ ਕਾਰ ਵਾਪਸ ਲੈਣੀ ਪਈ।

Related Post