ਕੈਨੇਡਾ 'ਚ ਪੰਜਾਬੀ ਨੌਜਵਾਨ ਦਾ ਸਕੂਲ ਦੇ ਬਾਹਰ ਤੇਜ਼ਧਾਰ ਹਥਿਆਰ ਨਾਲ ਕਤਲ

By  Jasmeet Singh November 24th 2022 02:25 PM -- Updated: November 24th 2022 02:28 PM

ਟੋਰਾਂਟੋ, 24 ਨਵੰਬਰ: ਕੈਨੇਡਾ ਦੀ ਸਥਾਨਿਕ ਮੀਡੀਆ ਰਿਪੋਰਟਾਂ ਮੁਤਾਬਕ ਕੈਨੇਡਾ ਦੇ ਸਰੀ ਵਿੱਚ ਹਾਈ ਸਕੂਲ ਦੀ ਪਾਰਕਿੰਗ 'ਚ ਹੋਏ ਝਗੜੇ 'ਚ ਇੱਕ ਭਾਰਤੀ ਮੂਲ ਦੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਇੱਕ ਸਥਾਨਿਕ ਨਿਊਜ਼ ਚੈਨਲ ਮੁਤਾਬਕ ਮੰਗਲਵਾਰ ਨੂੰ ਨਿਊਟਨ ਖੇਤਰ ਦੇ 12600 - 66ਵੇਂ ਐਵੇਨਿਊ ਵਿਖੇ ਸਥਿਤ ਤਮਨਾਵਿਸ ਸੈਕੰਡਰੀ ਸਕੂਲ ਦੇ ਬਾਹਰ ਹਮਲੇ ਤੋਂ ਬਾਅਦ 18 ਸਾਲਾ ਮਹਿਕਪ੍ਰੀਤ ਸੇਠੀ ਦੀ ਹਸਪਤਾਲ ਵਿੱਚ ਮੌਤ ਹੋ ਗਈ।

ਪੁਲਿਸ ਨੇ ਕਿਹਾ ਕਿ ਇੱਕ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਬਾਰੇ ਉਸਦੀ ਐਮਰਜੈਂਸੀ ਯੂਨਿਟ ਨੂੰ ਕਈ ਕਾਲਾਂ ਪ੍ਰਾਪਤ ਹੋਈਆਂ ਜਿਸ ਮਗਰੋਂ ਉਨ੍ਹਾਂ ਦਾ ਆਪਾਤਕਾਲੀਨ ਦਸਤਾ ਕੁਝ ਹੀ ਮਿੰਟਾਂ 'ਚ ਘਟਨਾ ਥਾਂ 'ਤੇ ਪਹੁੰਚ ਗਿਆ ਅਤੇ ਤੁਰੰਤ ਜੀਵਨ ਬਚਾਉਣ ਦੇ ਉਪਾਅ ਸ਼ੁਰੂ ਕਰ ਦਿੱਤੇ।

ਇਹ ਵੀ ਪੜ੍ਹੋ: ਕੈਨੇਡਾ ਦੇ ਬਰੈਂਪਟਨ ਸ਼ਹਿਰ ਦਾ ਡਿਪਟੀ ਮੇਅਰ ਨਿਯੁਕਤ ਹੋਣ ਵਾਲਾ ਪਹਿਲਾ ਦਸਤਾਰਧਾਰੀ ਸਿੱਖ

ਮਾਮਲੇ ਦੀ ਤਫਤੀਸ਼ ਕਰ ਰਹੇ ਸਾਰਜੈਂਟ ਟਿਮੋਥੀ ਪਿਰੋਟੀ ਨੇ ਸਥਾਨਿਕ ਮੀਡੀਆ ਨੂੰ ਦੱਸਿਆ ਕਿ ਸੇਠੀ ਦਾ ਇੱਕ 17 ਸਾਲਾ ਨੌਜਵਾਨ ਨਾਲ ਝਗੜੇ ਮਗਰੋਂ ਉਕਤ ਨੌਜਵਾਨ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਸ਼ੱਕੀ ਅਤੇ ਪੀੜਤ ਇੱਕ ਦੂਜੇ ਨੂੰ ਜਾਣਦੇ ਸਨ ਅਤੇ ਇਹ ਘਟਨਾ ਹਾਲਹੀ 'ਚ ਵਾਪਰੇ ਗੈਂਗ ਸੰਘਰਸ਼ ਨਾਲ ਸਬੰਧਤ ਨਹੀਂ ਸੀ ਤੇ ਉਸਤੋਂ ਵੱਖ ਸੀ।

ਗਵਾਹਾਂ ਦੁਆਰਾ ਸ਼ਨਾਖਤ ਕਰਨ ਤੋਂ ਬਾਅਦ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਤਮਨਾਵਿਸ ਸੈਕੰਡਰੀ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਦੁਆਰਾ ਜਾਰੀ ਇੱਕ ਬਿਆਨ ਅਨੁਸਾਰ, ਸੇਠੀ ਸਕੂਲ ਭਾਈਚਾਰੇ ਦਾ ਮੈਂਬਰ ਨਹੀਂ ਸੀ। ਸਕੂਲ ਨੇ ਅੱਗੇ ਕਿਹਾ ਕਿ ਉਹਨਾਂ ਵਿਦਿਆਰਥੀਆਂ ਨੂੰ ਵਾਧੂ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਜੋ ਘਟਨਾ ਤੋਂ ਪ੍ਰਭਾਵਿਤ ਹੋ ਸਕਦੇ ਹਨ ਜਾਂ ਜਿਨ੍ਹਾਂ ਨੇ ਇਸ ਨੂੰ ਦੇਖਿਆ ਹੋਵੇਗਾ।

ਇਹ ਵੀ ਪੜ੍ਹੋ: ਰਾਜਾ ਵੜਿੰਗ ਨੂੰ ਧਮਕੀ ਦੇਣ ਦੇਣ 'ਤੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਮਾਮਲਾ ਦਰਜ

ਪੁਲਿਸ ਨੇ ਕਿਹਾ ਕਿ ਸਕੂਲ ਨੂੰ ਹੋਲਡ ਤੇ ਸੁਰੱਖਿਅਤ ਸਥਿਤੀ ਵਿੱਚ ਰੱਖਿਆ ਗਿਆ ਸੀ, ਜਿੱਥੇ ਹਰ ਕੋਈ ਇਮਾਰਤ ਦੇ ਅੰਦਰ ਹੀ ਰਿਹਾ ਅਤੇ ਬਾਹਰੀ ਦਰਵਾਜ਼ੇ ਬੰਦ ਸਨ। ਸਾਰਜੈਂਟ ਪਿਰੋਟੀ ਨੇ ਗਵਾਹਾਂ ਨੂੰ ਅੱਗੇ ਆਉਣ ਅਤੇ ਜਾਣਕਾਰੀ ਸਾਂਝੀ ਕਰਨ ਲਈ ਬੇਨਤੀ ਕਰਦੇ ਹੋਏ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਜਿਸ ਸਮੇਂ ਇਹ ਦੁਖਾਂਤ ਵਾਪਰਿਆ ਉਸ ਸਮੇਂ ਆਲੇ ਦੁਆਲੇ ਦੇ ਖੇਤਰ ਵਿੱਚ ਬਹੁਤ ਸਾਰੇ ਵਿਦਿਆਰਥੀ ਸਨ।

ਇਹ ਕਤਲ ਪਿਛਲੇ ਹਫ਼ਤੇ ਬਰੈਂਪਟਨ ਦੇ ਕੈਸਲਬਰੂਕ ਸੈਕੰਡਰੀ ਸਕੂਲ ਦੇ ਬਾਹਰ ਗੋਲੀਬਾਰੀ ਦੀ ਘਟਨਾ ਤੋਂ ਠੀਕ ਬਾਅਦ ਹੋਇਆ ਹੈ, ਜਿਸ ਵਿੱਚ ਇੱਕ 18 ਸਾਲਾ ਵਿਦਿਆਰਥੀ ਨੂੰ ਗੋਲੀ ਮਾਰ ਦਿੱਤੀ ਗਈ ਸੀ। 

Related Post