ਇੱਕ ਵਾਰ ਪੁੱਤ ਦਾ ਮੂੰਹ ਵਿਖਾ ਦਿਓ... ਕੈਨੇਡਾ ਚ ਹਾਦਸੇ ਦਾ ਸ਼ਿਕਾਰ ਚਰਨਪ੍ਰੀਤ ਸਿੰਘ ਦੇ ਪਰਿਵਾਰ ਦੀ ਭਾਵੁਕ ਅਪੀਲ
Moga Youth Died in Canada : ਚਰਨਪ੍ਰੀਤ ਸਿੰਘ ਦੇ ਦਾਦੇ ਨੇ ਹੰਝੂ ਭਰੀਆਂ ਅੱਖਾਂ ਨਾਲ ਦੱਸਿਆ ਕਿ ਉਨ੍ਹਾਂ ਨੇ ਆਪਣੇ ਲਾਡਲੇ ਪੋਤੇ ਨੂੰ ਕਿਹਾ ਸੀ ਕਿ ਪੁੱਤ ਕੈਨੇਡਾ ਛੱਡ ਕੇ ਘਰ ਮੁੜਿਆ, ਸਭ ਕੁਝ ਪਰਮਾਤਮਾ ਨੇ ਦਿੱਤਾ ਹੈ ਪਰ ਇਹ ਕੀ ਪਤਾ ਸੀ ਕਿ ਚੰਦਰੇ ਕੈਨੇਡਾ ਨੇ ਉਨ੍ਹਾਂ ਕੋਲੋਂ ਪੋਤੇ ਨੂੰ ਸਦਾ ਲਈ ਖੋਹ ਲੈਣਾ ਹੈ।

Moga Youth Died in Canada : ਕੈਨੇਡਾ 'ਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਮੋਗਾ ਦੇ ਚਰਨਪ੍ਰੀਤ ਸਿੰਘ ਦਾ ਪਰਿਵਾਰ ਉਸ ਦੀ ਮੌਤ ਦੀ ਖ਼ਬਰ ਨਾਲ ਬੇਸੁੱਧ ਪਿਆ ਹੈ। ਮਾਤਾ-ਪਿਤਾ ਅਤੇ ਦਾਦੇ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਰੁਕ ਰਹੇ, ਚਰਨਪ੍ਰੀਤ ਸਿੰਘ ਦੀ ਮਾਂ ਨੂੰ ਅਜੇ ਵੀ ਆਪਣੇ ਪੁੱਤ ਦੀ ਮੌਤ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਹੈ। ਪਰਿਵਾਰ ਮੈਂਬਰਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤ ਦੀ ਦੇਹ ਭਾਰਤ ਲਿਆਂਦੀ ਜਾਵੇ ਤਾਂ ਜੋ ਉਹ ਆਖਰੀ ਦਰਸ਼ਨ ਕਰ ਸਕਣ।
ਚਰਨਪ੍ਰੀਤ ਸਿੰਘ ਦੇ ਦਾਦੇ ਨੇ ਹੰਝੂ ਭਰੀਆਂ ਅੱਖਾਂ ਨਾਲ ਦੱਸਿਆ ਕਿ ਉਨ੍ਹਾਂ ਨੇ ਆਪਣੇ ਲਾਡਲੇ ਪੋਤੇ ਨੂੰ ਕਿਹਾ ਸੀ ਕਿ ਪੁੱਤ ਕੈਨੇਡਾ ਛੱਡ ਕੇ ਘਰ ਮੁੜਿਆ, ਸਭ ਕੁਝ ਪਰਮਾਤਮਾ ਨੇ ਦਿੱਤਾ ਹੈ ਪਰ ਇਹ ਕੀ ਪਤਾ ਸੀ ਕਿ ਚੰਦਰੇ ਕੈਨੇਡਾ ਨੇ ਉਨ੍ਹਾਂ ਕੋਲੋਂ ਪੋਤੇ ਨੂੰ ਸਦਾ ਲਈ ਖੋਹ ਲੈਣਾ ਹੈ। ਚਰਨਪ੍ਰੀਤ ਸਿੰਘ ਦੇ ਪਿਤਾ ਵੀ ਸਦਮੇ 'ਚ ਮੰਜੇ 'ਤੇ ਪਏ ਰੱਬ ਨੂੰ ਕੋਸ ਰਹੇ ਹਨ ਕਿ 'ਰੱਬਾ ਅਸੀ ਤੇਰਾ ਮਾੜਾ ਕੀ ਕੀਤਾ ਸੀ, ਜੋ ਤੂੰ ਮੈਥੋਂ ਮੇਰਾ ਲਾਡਲਾ ਪੁੱਤ ਪਿਆਰਾ ਖੋਹ ਲਿਆ।'
ਜਾਣਕਾਰੀ ਅਨੁਸਾਰ ਕਾਹਨ ਸਿੰਘ ਵਾਲਾ ਦਾ ਰਹਿਣ ਵਾਲਾ 21 ਸਾਲਾ ਨੌਜਵਾਨ ਚਰਨਪ੍ਰੀਤ ਸਿੰਘ ਦੀ ਕੈਨੇਡਾ 'ਚ ਇੱਕ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਚਰਨਪ੍ਰੀਤ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਅਤੇ 11 ਕੁ ਮਹੀਨੇ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ। ਸਵੇਰੇ ਜਿਵੇਂ ਹੀ ਚਰਨਪ੍ਰੀਤ ਦੇ ਮਾਪਿਆਂ ਨੂੰ ਉਸ ਦੀ ਮੌਤ ਦੀ ਖਬਰ ਮਿਲੀ ਤਾਂ ਸਾਰੇ ਸੁਪਨੇ ਚਕਨਾ ਚੂਰ ਹੋ ਗਏ। ਬਿਰਧ ਦਾਦਾ, ਪੋਤੇ ਦੀ ਖਬਰ ਸੁਣ ਧਾਂਹਾਂ ਮਾਰਦਾ ਧਰਤੀ 'ਤੇ ਡਿੱਗ ਪਿਆ ਅਤੇ ਪਿਤਾ ਤੇ ਮਾਤਾ ਆਪਣੇ ਪੁੱਤ ਦੇ ਸਦਮੇ ਨੂੰ ਨਾ ਸਹਿਣ ਕਰਦੇ ਹੋਏ ਬੇਹੋਸ਼ ਹੋ ਗਏ ਸਨ।
ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਰਿਸ਼ਤੇਦਾਰ ਅਤੇ ਪਰਿਵਾਰਿਕ ਮੈਂਬਰ ਗੁਰਦਰਸ਼ਨ ਸਿੰਘ ਅਤੇ ਮਨਜੀਤ ਸਿੰਘ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਮੰਦਭਾਗਾ ਚੜਿਆ ਹੈ ਕਿ ਜੋ ਚਰਨਪ੍ਰੀਤ ਦੀ ਖਬਰ ਸਾਡੇ ਪਿੰਡ ਪੁੱਜੀ। ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਪਰਿਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਭਾਰਤ ਦੇ ਵਿਦੇਸ਼ ਮੰਤਰੀ ਅਤੇ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਤੁਰੰਤ ਭਾਰਤ ਭੇਜਿਆ ਜਾਵੇ ਤਾਂ ਜੋ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਮਾਤਾ-ਪਿਤਾ ਤੇ ਦਾਦਾ ਜੀ ਆਖਰੀ ਵਾਰ ਆਪਣੇ ਚੰਨ ਵਰਗੇ ਪੁੱਤ ਦੇ ਦਰਸ਼ਨ ਕਰ ਸਕਣ।