Punjabi Singer Suicide: ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਦੁਖਦਾਈ ਖਬਰ, ਗਾਇਕ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਕੀਤੀ ਖ਼ੁਦਕੁਸ਼ੀ

Punjab News: ਪੰਜਾਬ ਦੇ ਬਠਿੰਡਾ ਦੇ ਰਹਿਣ ਵਾਲੇ ਪੰਜਾਬੀ ਗਾਇਕ ਜਸਵਿੰਦਰ ਸਿੰਘ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ।

By  Amritpal Singh August 23rd 2024 12:39 PM -- Updated: August 23rd 2024 01:07 PM

Punjab News: ਪੰਜਾਬ ਦੇ ਬਠਿੰਡਾ ਦੇ ਰਹਿਣ ਵਾਲੇ ਪੰਜਾਬੀ ਗਾਇਕ ਜਸਵਿੰਦਰ ਸਿੰਘ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਦੇ ਨਥਾਣਾ ਇਲਾਕੇ ਦੇ ਪਿੰਡ ਪੂਹਲੀ ਦੇ ਵਸਨੀਕ ਜਸਵਿੰਦਰ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਸਵਿੰਦਰ ਸਿੰਘ ਨੇ ਇਹ ਖਬਰ ਸੋਸ਼ਲ ਮੀਡੀਆ 'ਤੇ ਲਾਈਵ ਕਰ ਦਿੱਤੀ ਸੀ, ਜਿਸ ਤੋਂ ਬਾਅਦ ਉਸ ਨੇ ਇਹ ਕਦਮ ਚੁੱਕਿਆ।

 ਫੇਸਬੁਕ ’ਤੇ ਲਾਈਵ ਹੋ ਕੇ ਆਪਣੀ ਮੌਤ ਲਈ ਪੱਤਰਕਾਰ ਪੀ ਐੱਸ ਮਿੱਠਾ, ਉਸ ਦੇ ਭਰਾ ਡਾਕਟਰ ਰਣਜੀਤ ਸਿੰਘ ਨੀਟਾ ਵਾਸੀਆਨ ਭੁੱਚੋ ਮੰਡੀ ਤੇ ਨਥਾਣਾ ਵਾਸੀ ਗੁਰਜੀਤ ਸਿੰਘ ਭਾਟੀਆ ਨੂੰ ਜ਼ਿੰਮੇਵਾਰ ਦੱਸਿਆ ਹੈ। ਜਸਵਿੰਦਰ ਸਿੰਘ ਪੁੱਤਰ ਮਨੋਹਰ ਸਿੰਘ ਨੇ ਕਰਾਊਨ ਚਿੱਟ ਫੰਡ ਕੰਪਨੀ ਵਿੱਚ ਕਰੀਬ 35 ਲੱਖ ਰੁਪਏ ਨਿਵੇਸ਼ ਕੀਤੇ ਸਨ। ਕੰਪਨੀ ਦੇ ਸੰਚਾਲਕਾਂ ਨੇ ਉਸ ਨੂੰ ਢਾਈ ਸਾਲਾਂ ਵਿਚ ਦੁਗਣੀ ਰਕਮ ਦੇਣ ਦਾ ਵਾਅਦਾ ਕੀਤਾ ਸੀ, ਪਰ ਇਸ ਤੋਂ ਬਾਅਦ ਚਿੱਟ ਫੰਡ ਕੰਪਨੀ ਵਾਲੇ ਪੈਸੇ ਲੈ ਕੇ ਫਰਾਰ ਹੋ ਗਏ। ਉਕਤ ਵਿਅਕਤੀ ਨੇ ਫੇਸਬੁਕ ’ਤੇ ਲਾਈਵ ਹੋ ਕੇ ਦੱਸਿਆ ਕਿ ਮਿੱਠਾ, ਨੀਟਾ ਅਤੇ ਭਾਟੀਆ ਨੇ ਉਸ ਦੀ ਜ਼ਿੰਦਗੀ ਬਰਬਾਦ ਕੀਤੀ ਹੈ। ਉਕਤ ਵਿਅਕਤੀਆਂ ਨੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ, ਜਿਸ ਕਾਰਨ ਉਸ ਕੋਲ ਬਿਮਾਰੀ ਲਈ ਦਵਾਈ ਲਿਆਉਣ ਲਈ ਵੀ ਪੈਸੇ ਨਹੀਂ ਹਨ।

ਉਸ ਨੇ ਕਈ ਅਜਿਹੇ ਲੋਕਾਂ ਦੇ ਨਾਂਅ ਵੀ ਲਏ, ਜਿਨ੍ਹਾਂ ਉਸ ਦੀ ਆਰਥਕ ਮਦਦ ਕੀਤੀ ਹੈ। ਜਸਵਿੰਦਰ ਸਿੰਘ ਨੇ ਨਥਾਣਾ-ਭਗਤਾ ਰੋਡ ’ਤੇ ਆਪਣੀ ਗੱਡੀ ਵਿਚ ਸਲਫਾਸ ਨਿਕਲਣ ਬਾਅਦ ਫੇਸਬੁਕ ਲਾਈਵ ਕੀਤਾ। ਉਸ ਨੇ ਕਿਹਾ ਕਿ ਠੱਗੀ ਤੋਂ ਤੰਗ ਆ ਕੇ ਉਹ ਇਹ ਆਖਰੀ ਕਦਮ ਚੁੱਕ ਰਿਹਾ ਹੈ। ਉਸ ਦੀ ਇਹ ਹਾਲਤ ਕਰਨ ਵਾਲੇ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਉਹ ਆਪਣੇ ਨਾਲ ਹੋਈ ਠੱਗੀ ਨੂੰ ਲੈ ਕੇ 2016 ਵਿਚ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਿਆ ਸੀ, ਜਿਨ੍ਹਾ ਵਾਅਦਾ ਕੀਤਾ ਸੀ ਕਿ ਪੰਜਾਬ ਅੰਦਰ ਸਰਕਾਰ ਬਣਨ ਤੋਂ ਬਾਅਦ ਉਸ ਨੂੰ ਇਨਸਾਫ ਦਿਵਾਇਆ ਜਾਵੇਗਾ।

 ਉਹ ਪਿਛਲੇ ਕਰੀਬ ਢਾਈ ਸਾਲ ਤੋਂ ਮੁੱਖ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਉਸ ਦੀ ਕੋਸ਼ਿਸ਼ ਨੂੰ ਅਜੇ ਤੱਕ ਬੂਰ ਨਹੀਂ ਪਿਆ। ਜਸਵਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਨਾਲ ਹੋਈ ਠੱਗੀ ਦੇ ਮਾਮਲੇ ਨੂੰ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ, ਸਮਾਜ ਸੇਵੀ ਮਨਜੀਤ ਸਿੰਘ ਮੰਨਾ ਸਮੇਤ ਹੋਰਨਾਂ ਆਗੂਆਂ ਕੋਲ ਉਠਾ ਚੁੱਕਿਆ ਹੈ, ਪਰ ਕਿਸੇ ਨੇ ਵੀ ਉਸ ਦੀ ਅਜੇ ਤੱਕ ਬਾਂਹ ਨਹੀਂ ਫੜੀ, ਜਿਸ ਕਾਰਨ ਮਜਬੂਰਨ ਉਸ ਨੂੰ ਖੁਦਕੁਸ਼ੀ ਵਰਗਾ ਕਦਮ ਚੁੱਕਣਾ ਪੈ ਰਿਹਾ ਹੈ। ਉਸ ਨੇ ਆਪਣੇ ਜਾਣਕਾਰਾਂ ਤੇ ਸ਼ੁਭਚਿੰਤਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਲਾਈਵ ਖੁਦਕੁਸ਼ੀ ਦੀ ਵੀਡੀਓ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਜ਼ਰੂਰ ਪੁੱਜਦਾ ਕਰਨ, ਤਾਂ ਜੋ 2016 ਵਿਚ ਕੀਤੇ ਗਏ ਵਾਅਦੇ ਅਨੁਸਾਰ ਉਹ ਉਸ ਨੂੰ ਇਨਸਾਫ ਦਿਵਾ ਸਕਣ।

ਪਿੰਡ ਪੂਹਲੀ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਉਕਤ ਲਾਈਵ ਹੋ ਕੇ ਖੁਦਕੁਸ਼ੀ ਕਰਨ ਦੀਆਂ ਗੱਲਾਂ ਕਰ ਰਿਹਾ ਸੀ ਤਾਂ ਉਸ ਸਮੇਂ ਹੀ ਪਿੰਡ ਵਾਸੀਆਂ ਨੇ ਇਧਰ-ਉਧਰ ਉਸ ਦੀ ਭਾਲ ਸ਼ੁਰੂ ਕੀਤੀ। ਪਿੰਡ ਦੇ ਲੋਕ ਅਤੇ ਪਰਵਾਰਕ ਮੈਂਬਰ ਜਦੋਂ ਭੁੱਚੋ-ਨਥਾਣਾ ਰੋਡ ’ਤੇ ਪੁੱਜੇ ਤਾਂ ਜਸਵਿੰਦਰ ਸਿੰਘ ਬੇਹੋਸ਼ੀ ਦੀ ਹਾਲਤ ਵਿਚ ਆਪਣੀ ਗੱਡੀ ਅੰਦਰ ਪਿਆ ਸੀ। ਪਰਵਾਰਕ ਮੈਂਬਰਾਂ ਤੇ ਲੋਕਾਂ ਨੇ ਉਸ ਨੂੰ ਚੁੱਕ ਕੇ ਇਲਾਜ ਲਈ ਆਦੇਸ਼ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਸਵਿੰਦਰ ਸਿੰਘ ਆਪਣੇ ਪਿੱਛੇ ਦੋ ਮਾਸੂਮ ਬੱਚੇ, ਪਤਨੀ ਅਤੇ ਬਜ਼ੁਰਗ ਮਨੋਹਰ ਸਿੰਘ ਨੂੰ ਛੱਡ ਗਿਆ ਹੈ। ਜਸਵਿੰਦਰ ਸਿੰਘ ਦੇ ਪਰਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਉਸ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

Related Post