ਧੁੰਦ ਦੀ ਚਿੱਟੀ ਚਾਦਰ ਦੀ ਲਪੇਟ 'ਚ ਆਏ ਪੰਜਾਬ ਦੇ ਕਈ ਜ਼ਿਲ੍ਹੇ , ਜ਼ਿੰਦਗੀ ਦੀ ਰਫ਼ਤਾਰ ਰੁਕੀ
ਚੰਡੀਗੜ੍ਹ : ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਐਤਵਾਰ ਨੂੰ ਸੰਘਣੀ ਧੁੰਦ ਦੀ ਚਾਦਰ ਤੇ ਕੜਾਕੇ ਦੀ ਠੰਢ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੰਘਣੀ ਧੁੰਦ ਕਾਰਨ ਜ਼ਿੰਦਗੀ ਦੀ ਰਫ਼ਤਾਰ ਰੁਕ ਗਈ ਅਤੇ ਹਾਈਵੇ ਉਤੇ ਟਾਵੇਂ-ਟਾਵੇਂ ਵਾਹਨ ਨਜ਼ਰ ਆ ਰਹੇ ਸਨ। ਹਾਈਵੇ ਉਤੇ ਵਾਹਨ ਬਹੁਤ ਹੌਲੀ ਰਫਤਾਰ ਵਿਚ ਲਾਈਟਾਂ ਜਗਾ ਕੇ ਆਪਣੀ ਮੰਜ਼ਿਲ ਵੱਲ ਵਧ ਰਹੇ ਸਨ। ਇਸ ਤੋਂ ਇਲਾਵਾ ਪੇਂਡੂ ਇਲਾਕਿਆਂ ਵਿਚ ਧੁੰਦ ਜ਼ਿਆਦਾ ਹੋਣ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ।
ਧੁੰਦ ਤੋਂ ਦੋ-ਤਿੰਨ ਦਿਨ ਰਾਹਤ ਮਗਰੋਂ ਮੁੜ ਅੱਜ ਸੰਘਣੀ ਧੁੰਦ ਦੀ ਚਿੱਟੀ ਚਾਦਰ ਛਾ ਗਈ। ਹਾਈਵੇ ਉਤੇ ਵਿਜ਼ਿਬਿਲਟੀ ਲਗਭਗ 40-50 ਮੀਟਰ ਤੋਂ ਵੀ ਘੱਟ ਸੀ। ਇਸ ਤੋਂ ਇਲਾਵਾ ਕਈ ਥਾਈਂ ਲੋਕ ਅੱਗ ਬਾਲ ਕੇ ਹੱਡ ਚੀਰਵੀਂ ਠੰਢ ਤੋਂ ਨਿਜਾਤ ਪਾਉਣ ਦੀ ਕੋਸ਼ਿਸ਼ ਕਰਦੇ ਵੀ ਦੇਖੇ ਗਏ। ਸੰਘਣੀ ਧੁੰਦ ਕਾਰਨ ਸੜਕੀ ਆਵਾਜਾਈ ਤੋਂ ਇਲਾਵਾ ਰੇਲ ਆਵਾਜਾਈ ਤੇ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋਈ।
ਬਹੁਤ ਸਾਰੀਆਂ ਰੇਲ ਗੱਡੀਆਂ ਆਪਣੇ ਮਿੱਥੇ ਹੋਏ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਕਈ ਉਡਾਨਾਂ ਵੀ ਸੰਘਣੀ ਧੁੰਦ ਕਾਰਨ ਦੇਰੀ ਨਾਲ ਹਨ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ’ਚ ਵੱਡਾ ਫੇਰਬਦਲ: ਬੈਂਸ ਤੋਂ ਵਾਪਸ ਲਏ ਵਿਭਾਗ, ਡਾ. ਬਲਬੀਰ ਸਿੰਘ ਬਣੇ ਸਿਹਤ ਮੰਤਰੀ
ਮੌਸਮ ਵਿਭਾਗ ਨੇ 8 ਜਨਵਰੀ ਤੱਕ ਪੰਜਾਬ ਵਿੱਚ ਸੰਘਣੀ ਧੁੰਦ ਪੈਣ ਤੇ ਸੀਤ ਲਹਿਰ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਠੰਢ ਨੂੰ ਦੇਖਦਿਆਂ ਸਰਕਾਰ ਦੇ ਵੱਲੋਂ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ 14 ਜਨਵਰੀ ਤੱਕ ਵਧਾ ਦਿੱਤੀਆਂ ਗਈਆਂ ਹਨ। ਸਰਕਾਰੀ, ਸਹਾਇਤਾ ਪ੍ਰਾਪਤ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪਹਿਲੀ ਤੋਂ ਸੱਤਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ 14 ਤਰੀਕ ਤੱਕ ਛੁੱਟੀਆਂ ਰਹਿਣਗੀਆਂ। ਹਰਿਆਣਾ ਦੇ ਵਿੱਚ ਵੀ ਦਿਨ ਅਤੇ ਰਾਤ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਘੱਟੋ-ਘੱਟ ਪਾਰਾ ਵਿੱਚ ਹੋਰ ਕਮੀ ਦਰਜ ਕੀਤੀ ਜਾ ਸਕਦੀ ਹੈ।