Punjab Weather Update: ਪੰਜਾਬ-ਚੰਡੀਗੜ੍ਹ 'ਚ ਤਾਪਮਾਨ ਆਮ ਨਾਲੋਂ 3 ਡਿਗਰੀ ਵੱਧ, ਪਰਾਲੀ ਸਾੜਨ ਦੀਆਂ ਘਟਨਾਵਾਂ 'ਚ 55 ਫੀਸਦੀ ਕਮੀ

Punjab Weather: ਚੰਡੀਗੜ੍ਹ ਅਤੇ ਪੰਜਾਬ ਵਿੱਚ ਤਾਪਮਾਨ ਵਿੱਚ ਗਿਰਾਵਟ ਮੰਗਲਵਾਰ ਨੂੰ ਰੁਕ ਗਈ। ਤਾਪਮਾਨ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਆਈ।

By  Amritpal Singh October 30th 2024 12:06 PM

Punjab Weather: ਚੰਡੀਗੜ੍ਹ ਅਤੇ ਪੰਜਾਬ ਵਿੱਚ ਤਾਪਮਾਨ ਵਿੱਚ ਗਿਰਾਵਟ ਮੰਗਲਵਾਰ ਨੂੰ ਰੁਕ ਗਈ। ਤਾਪਮਾਨ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਆਈ। ਇਸ ਦੇ ਨਾਲ ਹੀ ਤਾਪਮਾਨ ਆਮ ਨਾਲੋਂ 3 ਡਿਗਰੀ ਵੱਧ ਪਾਇਆ ਗਿਆ। ਪੰਜਾਬ ਦੇ ਬਠਿੰਡਾ ਵਿੱਚ ਮੰਗਲਵਾਰ ਸ਼ਾਮ ਨੂੰ ਵੱਧ ਤੋਂ ਵੱਧ ਤਾਪਮਾਨ 36.6 ਡਿਗਰੀ ਰਿਹਾ, ਜਦੋਂ ਕਿ ਫਰੀਦਕੋਟ ਵਿੱਚ ਤਾਪਮਾਨ 34.5 ਡਿਗਰੀ ਰਿਹਾ।

ਜਦਕਿ ਚੰਡੀਗੜ੍ਹ ਵਿੱਚ ਤਾਪਮਾਨ 32.1 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਪੰਜਾਬ 'ਚ ਮੀਂਹ ਲਈ ਥੋੜਾ ਹੋਰ ਇੰਤਜ਼ਾਰ ਕਰਨਾ ਪਵੇਗਾ। ਮੰਗਲਵਾਰ ਨੂੰ ਅੰਮ੍ਰਿਤਸਰ, ਪਠਾਨਕੋਟ ਅਤੇ ਗੁਰਦਾਸਪੁਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਸੀ ਪਰ ਪਿਆ ਨਹੀਂ। ਹੁਣ ਅਗਲੇ ਇੱਕ ਹਫ਼ਤੇ ਤੱਕ ਕਿਤੇ ਵੀ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ।

ਇਸ ਦੇ ਨਾਲ ਹੀ ਅੱਜ ਪੰਜਾਬ ਦੇ ਪ੍ਰਦੂਸ਼ਣ ਵਿੱਚ ਮਾਮੂਲੀ ਸੁਧਾਰ ਦੇਖਣ ਨੂੰ ਮਿਲਿਆ। ਜ਼ਿਆਦਾਤਰ ਸ਼ਹਿਰਾਂ ਦਾ ਹਵਾ ਪ੍ਰਦੂਸ਼ਣ 200 ਤੋਂ ਵੀ ਘੱਟ ਰਿਹਾ ਹੈ। ਪਰ ਚੰਡੀਗੜ੍ਹ ਵਿੱਚ ਹਾਲੇ ਵੀ ਹਾਲਾਤ ਖ਼ਰਾਬ ਹਨ। ਇੱਥੇ ਔਸਤ AQI 200 ਨੂੰ ਪਾਰ ਕਰਕੇ 206 ਤੱਕ ਪਹੁੰਚ ਗਿਆ ਹੈ।

ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਮੰਗਲਵਾਰ ਨੂੰ ਅੱਗ ਲੱਗਣ ਦੀਆਂ 219 ਤਾਜ਼ਾ ਘਟਨਾਵਾਂ ਦਰਜ ਕੀਤੀਆਂ ਗਈਆਂ। ਜਿਸ ਕਾਰਨ ਸੀਜ਼ਨ ਦੌਰਾਨ ਪਰਾਲੀ ਸਾੜਨ ਦੀਆਂ ਘਟਨਾਵਾਂ ਵਧ ਕੇ 2,356 ਹੋ ਗਈਆਂ ਹਨ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਅੰਕੜਿਆਂ ਨਾਲੋਂ ਲਗਭਗ 55 ਫੀਸਦੀ ਘੱਟ ਹਨ। ਪਿਛਲੇ ਸਾਲ ਇਸੇ ਸਮੇਂ ਦੌਰਾਨ ਅਜਿਹੀਆਂ 5,254 ਘਟਨਾਵਾਂ ਹੋਈਆਂ ਸਨ।

ਰਾਜ ਵਿੱਚ 2022 ਵਿੱਚ ਖੇਤਾਂ ਵਿੱਚ ਅੱਗ ਲੱਗਣ ਦੀਆਂ 12,112 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ। ਅੱਜ ਮੰਗਲਵਾਰ ਨੂੰ ਸੂਬੇ 'ਚ 219 ਖੇਤਾਂ 'ਚ ਅੱਗ ਲੱਗਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਅੰਕੜਿਆਂ ਅਨੁਸਾਰ ਸਭ ਤੋਂ ਵੱਧ 45 ਘਟਨਾਵਾਂ ਫ਼ਿਰੋਜ਼ਪੁਰ ਵਿੱਚ ਦਰਜ ਹੋਈਆਂ ਹਨ। ਉਸ ਤੋਂ ਬਾਅਦ ਸੰਗਰੂਰ ਵਿੱਚ 38 ਅਤੇ ਪਟਿਆਲਾ ਵਿੱਚ 22 ਘਟਨਾਵਾਂ ਦਰਜ ਕੀਤੀਆਂ ਗਈਆਂ।

ਚੰਡੀਗੜ੍ਹ- ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 33.2 ਡਿਗਰੀ ਦਰਜ ਕੀਤਾ ਗਿਆ। ਤਾਪਮਾਨ 20 ਤੋਂ 32 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।

ਮੋਹਾਲੀ— ਬੀਤੀ ਰਾਤ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਦਰਜ ਕੀਤਾ ਗਿਆ। ਅੱਜ ਤਾਪਮਾਨ 20 ਤੋਂ 32 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਪਟਿਆਲਾ— ਮੰਗਲਵਾਰ ਸ਼ਾਮ ਨੂੰ ਤਾਪਮਾਨ 34.2 ਡਿਗਰੀ ਦਰਜ ਕੀਤਾ ਗਿਆ। ਅੱਜ ਤਾਪਮਾਨ 20 ਤੋਂ 33 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਅੰਮ੍ਰਿਤਸਰ- ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 31.5 ਡਿਗਰੀ ਦਰਜ ਕੀਤਾ ਗਿਆ। ਅੱਜ ਤਾਪਮਾਨ 19 ਤੋਂ 31 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

Related Post