Himachal Rains : ਪੰਜਾਬ 'ਚ ਮੰਡਰਾਉਣ ਲੱਗੇ ਤਬਾਹੀ ਦੇ ਬੱਦਲ! ਘੱਗਰ 'ਚ ਵਧਿਆ ਪਾਣੀ ਦਾ ਪੱਧਰ
Punjab Weather News : ਜਾਣਕਾਰੀ ਅਨੁਸਾਰ ਪਿਛਲੇ 24 ਘਟਿਆਂ ਦਰਮਿਆਨ ਘੱਗਰ ਨਦੀ ਦੇ ਪਾਣੀ ਵਿੱਚ 6.5 ਫੁੱਟ ਦਾ ਪੱਧਰ ਵੱਧ ਗਿਆ ਹੈ। ਸੰਗਰੂਰ ਜ਼ਿਲ੍ਹੇ ਦੇ ਖਨੌਰੀ ਵਿੱਚ ਘੱਗਰ ਨਦੀ ਦਾ ਪੱਧਰ ਜਿਥੇ ਬੀਤੇ ਕੱਲ੍ਹ 726 ਫੁੱਟ ਸੀ, ਐਤਵਾਰ ਸਵੇਰੇ 7 ਵਜੇ ਤੱਕ 732.5 ਫੁੱਟ ਵੱਧ ਗਿਆ ਸੀ।
ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹਾਂ ਕਾਰਨ ਤਬਾਹੀ ਮੱਚੀ ਹੋਈ ਹੈ। ਭਾਰੀ ਮੀਂਹ ਅਤੇ ਬੱਦਲ ਫੱਟਣ ਦੀਆਂ ਘਟਨਾਵਾਂ ਕਾਰਨ ਜਨ-ਜੀਵਨ ਪੂਰੀ ਤਰ੍ਹਾਂ ਅਸਥ-ਵਿਅਸਥ ਹੋਇਆ ਪਿਆ ਹੈ। ਇਸ ਤਬਾਹੀ ਵਿੱਚ ਜਿਥੇ ਕਈ ਲੋਕ ਲਾਪਤਾ ਵੀ ਹੋ ਗਏ, ਜਦਕਿ ਕਈ ਘਰਾਂ ਦੇ ਘਰ ਵੀ ਰੁੜ੍ਹ ਗਏ ਅਤੇ 700 ਕਰੋੜ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਵੀ ਲਾਇਆ ਜਾ ਰਿਹਾ ਹੈ। ਉਥੇ ਹੀ ਹੁਣ ਇਨ੍ਹਾਂ ਮੀਂਹਾਂ ਕਾਰਨ ਪੰਜਾਬ ਵਿੱਚ ਵੀ ਇਸ ਕੁਦਰਤੀ ਤਬਾਹੀ ਦੇ ਬੱਦਲ ਮੰਤਰਾਉਣ ਲੱਗੇ ਹਨ, ਜਿਸ ਦੇ ਸੰਕੇਤ ਘੱਗਰ ਨਦੀ 'ਚ ਪਾਣੀ ਦੇ ਪੱਧਰ ਵਧਣ ਤੋਂ ਮਿਲ ਰਹੇ ਹਨ।
ਜਾਣਕਾਰੀ ਅਨੁਸਾਰ ਪਿਛਲੇ 24 ਘਟਿਆਂ ਦਰਮਿਆਨ ਘੱਗਰ ਨਦੀ ਦੇ ਪਾਣੀ ਵਿੱਚ 6.5 ਫੁੱਟ ਦਾ ਪੱਧਰ ਵੱਧ ਗਿਆ ਹੈ। ਸੰਗਰੂਰ ਜ਼ਿਲ੍ਹੇ ਦੇ ਖਨੌਰੀ ਵਿੱਚ ਘੱਗਰ ਨਦੀ ਦਾ ਪੱਧਰ ਜਿਥੇ ਬੀਤੇ ਕੱਲ੍ਹ 726 ਫੁੱਟ ਸੀ, ਐਤਵਾਰ ਸਵੇਰੇ 7 ਵਜੇ ਤੱਕ 732.5 ਫੁੱਟ ਵੱਧ ਗਿਆ ਸੀ। ਦੱਸ ਦਈਏ ਕਿ ਘੱਗਰ ਨਦੀ 'ਚ ਖਤਰੇ ਦਾ ਨਿਸ਼ਾਨ 747 ਫੁੱਟ ਹੈ।
ਘੱਗਰ ਨਦੀ 'ਚ ਪਾਣੀ ਦੇ ਪੱਧਰ 'ਚ ਵਾਧੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਐਸਐਸਪੀ ਸੰਗਰੂਰ ਵੱਲੋਂ ਮੌਕੇ 'ਤੇ ਮੁਆਇਨਾ ਵੀ ਕੀਤਾ ਗਿਆ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਗਈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 10 ਜੁਲਾਈ ਨੂੰ ਘੱਗਰ 'ਚ ਪਾੜ ਪਿਆ ਸੀ, ਜਿਸ ਕਾਰਨ ਵੱਡੀ ਪੱਧਰ 'ਤੇ ਹਜ਼ਾਰਾਂ ਏਕੜ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਸੀ। ਹਾਲਾਂਕਿ ਪ੍ਰਸ਼ਾਸਨ ਵੱਲੋਂ ਇਸ ਵਾਰੀ ਮੁਕੰਮਲ ਤਿਆਰੀਆਂ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ, ਪਰ ਬੀਤੇ ਕੱਲ ਤੋਂ ਪਾਣੀ ਦੇ ਪੱਧਰ ਕਾਰਨ ਲੋਕਾਂ 'ਚ ਚਿੰਤਾ ਦਾ ਮਾਹੌਲ ਵੀ ਪਾਇਆ ਜਾ ਰਿਹਾ ਹੈ।