Punjab Bandh : ਬੱਸਾਂ ’ਚ ਸਫਰ ਕਰਨ ਵਾਲਿਆਂ ਲਈ ਅਹਿਮ ਖ਼ਬਰ; ਅੱਜ ਪੰਜਾਬ 'ਚ ਨਹੀਂ ਚੱਲੇਗੀ ਕੋਈ ਬੱਸ !
Support Punjab Bandh : ਆਗੂਆਂ ਨੇ ਕਿਹਾ ਕਿ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਦੌਰਾਨ ਬੇਸ਼ੱਕ ਪੂਰੇ ਦਿਨ ਦੀ ਹੜਤਾਲ ਸੰਭਵ ਨਹੀਂ ਹੈ। ਇਸ ਲਈ ਸਵੇਰੇ 10 ਵਜੇ ਤੋਂ ਦੁਪਹਿਰ ਬਾਅਦ 2 ਵਜੇ ਤੱਕ ਮੁਕੰਮਲ ਤੌਰ 'ਤੇ ਬੱਸਾਂ ਦਾ ਚੱਕਾ ਜਾਮ ਕਰਨਗੇ।
PRTC PUNBUS Support Punjab Bandh : ਅੱਜ ਮਿਤੀ 28-12-24 ਨੂੰ ਪੰਜਾਬ ਰੋਡਵੇਜ, ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਰਜਿ: 25/11 ਵੱਲੋਂ ਸਾਂਝੇ ਤੌਰ 'ਤੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਸੰਸਥਾਪਕ ਕਮਲ ਕੁਮਾਰ, ਚੇਅਰਮੈਨ ਬਲਵਿੰਦਰ ਸਿੰਘ ਰਾਠ, ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੀ.ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਗੁਰਪ੍ਰੀਤ ਸਿੰਘ ਪੰਨੂ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ, ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਵੱਲੋਂ ਜੋ 30 ਦਸੰਬਰ ਯਾਨੀ ਅੱਜ ਨੂੰ ਪੰਜਾਬ ਬੰਦ ਕਰਨ ਸਮੇਤ ਧਰਨੇ-ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉਸ ਵਿੱਚ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਡਟਕੇ ਹਿਮਾਇਤ ਕਰਨ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਰੱਖੇ ਸਮੇਂ ਮੁਤਾਬਿਕ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਦੌਰਾਨ ਬੇਸ਼ੱਕ ਪੂਰੇ ਦਿਨ ਦੀ ਹੜਤਾਲ ਸੰਭਵ ਵੀ ਨਹੀਂ ਹੈ ਅਤੇ ਉਹ ਲੋਕਾਂ ਨੂੰ ਵੀ ਤੰਗ ਨਹੀਂ ਕਰਨਾ ਚਾਹੁੰਦੇ, ਇਸ ਲਈ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਪੂਰੇ ਪੰਜਾਬ ਅੰਦਰ ਸਵੇਰੇ 10 ਵਜੇ ਤੋਂ ਦੁਪਹਿਰ ਬਾਅਦ 2 ਵਜੇ ਤੱਕ ਮੁਕੰਮਲ ਤੌਰ 'ਤੇ ਬੱਸਾਂ ਦਾ ਚੱਕਾ ਜਾਮ ਕਰਨਗੇ ਅਤੇ ਕਿਸਾਨ ਜਥੇਬੰਦੀਆਂ ਦੇ ਜਿਥੇ ਵੀ ਧਰਨੇ-ਪ੍ਰਦਰਸ਼ਨ ਹੋਣਗੇ, ਉਸ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।
ਸੀ.ਮੀਤ ਪ੍ਰਧਾਨ ਬਲਜਿੰਦਰ ਸਿੰਘ, ਸੀ.ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਕੈਸ਼ੀਅਰ ਬਲਜੀਤ ਸਿੰਘ ਕੈਸ਼ੀਅਰ ਰਮਨਦੀਪ ਸਿੰਘ ਨੇ ਦੱਸਿਆ ਕਿ ਜਿੱਥੇ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਨਾਲ ਹਰ ਵਰਗ ਨਾਲ ਧੱਕੇ ਕਰ ਰਹੀ ਹੈ, ਉਥੇ ਹੀ ਪੰਜਾਬ ਸਰਕਾਰ ਵੱਲੋਂ ਸਾਰੇ ਵਿਭਾਗਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਅਤੇ ਹਰ ਵਰਗ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ, ਜਿਸ ਦੇ ਚੱਲਦਿਆਂ ਟਰਾਂਸਪੋਰਟ ਕਾਮਿਆਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ 6-7-8 ਜਨਵਰੀ ਨੂੰ ਹੜਤਾਲ ਕਰਕੇ ਤਿੱਖੇ ਪ੍ਰੋਗਰਾਮ ਉਲੀਕੇ ਗਏ ਹਨ। ਉਨ੍ਹਾਂ ਨੇ ਲੋਕਾਂ ਨੂੰ ਲਾਮਬੰਦ ਹੋ ਕੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦੀ ਅਪੀਲ ਕੀਤੀ।
ਸੂਬਾ ਜਰਨਲ ਸਕੱਤਰ ਸ਼ਮਸ਼ੇਰ, ਜੁਆਇੰਟ ਸਕੱਤਰ ਜੋਧ ਸਿੰਘ, ਰੋਹੀ ਰਾਮ, ਜਗਜੀਤ ਸਿੰਘ ਲਿਬੜਾ, ਜਤਿੰਦਰ ਸਿੰਘ, ਜਲੋਰ ਸਿੰਘ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਾਫੀ ਨਾਜੁਕ ਸਥਿਤੀ ਵਿੱਚ ਹੈ। ਇਸ ਲਈ ਜਲਦੀ ਕਿਸਾਨਾਂ ਦੇ ਮਸਲੇ ਹੱਲ ਕੀਤੇ ਜਾਣ ਨਹੀ ਤਾਂ ਕਿਸਾਨ ਯੂਨੀਅਨ ਵੱਲੋਂ ਜਿੰਨੇ ਵੀ ਪ੍ਰੋਗਰਾਮ ਉਲੀਕੇ ਜਾਣਗੇ ਪੰਜਾਬ ਰੋਡਵੇਜ, ਪਨਬੱਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਸਾਰੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਤਿਆਰ ਹੈ ਅਤੇ ਤਿੱਖੇ ਸੰਘਰਸ਼ ਕਰਨ ਲਈ ਪੂਰਾ ਪੰਜਾਬ ਅਤੇ ਭਾਰਤ ਮਜਬੂਰ ਹੋਵੇਗਾ।