Sangrur News : ਸੀਐਮ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਪ੍ਰੋਫੈਸਰਾਂ ਦੀ ਪੁਲਿਸ ਵੱਲੋਂ ਖਿੱਚ-ਧੂਹ, ਲੱਥੀਆਂ ਪੱਗਾਂ ਤੇ ਚੁੰਨੀਆਂ

Police and professors Clash in Sangrur : ਸੰਗਰੂਰ ਵਿੱਚ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੀ ਪੁਲਿਸ ਵੱਲੋਂ ਖਿੱਚਧੂਹ ਕੀਤੀ ਗਈ ਹੈ। ਪੁਲਿਸ ਦੀ ਇਸ ਖਿੱਚਧੂਹ ਦੌਰਾਨ ਕਈ ਪ੍ਰੋਫੈਸਰਾਂ ਦੀਆਂ ਜਿਥੇ ਪੱਗਾਂ ਲੱਥ ਗਈਆਂ, ਉਥੇ ਕਈ ਮਹਿਲਾ ਪ੍ਰੋਫੈਸਰਾਂ ਦੀਆਂ ਚੁੰਨੀਆਂ ਵੀ ਰੁਲੀਆਂ।

By  KRISHAN KUMAR SHARMA November 24th 2024 01:40 PM -- Updated: November 24th 2024 02:30 PM

Sangrur News : ਬਠਿੰਡਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ ਦਾ ਮਾਮਲਾ ਅਜੇ ਪੂਰੀ ਤਰ੍ਹਾਂ ਠੰਢਾ ਵੀ ਨਹੀਂ ਹੋਇਆ ਹੈ। ਹੁਣ ਸੰਗਰੂਰ ਵਿੱਚ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੀ ਪੁਲਿਸ ਵੱਲੋਂ ਖਿੱਚਧੂਹ ਕੀਤੀ ਗਈ ਹੈ। ਪੁਲਿਸ ਦੀ ਇਸ ਖਿੱਚਧੂਹ ਦੌਰਾਨ ਕਈ ਪ੍ਰੋਫੈਸਰਾਂ ਦੀਆਂ ਜਿਥੇ ਪੱਗਾਂ ਲੱਥ ਗਈਆਂ, ਉਥੇ ਕਈ ਮਹਿਲਾ ਪ੍ਰੋਫੈਸਰਾਂ ਦੀਆਂ ਚੁੰਨੀਆਂ ਵੀ ਰੁਲੀਆਂ।

ਇਸ ਦੌਰਾਨ ਤਸਵੀਰਾਂ 'ਚ ਵਿਖਾਈ ਦੇ ਰਿਹਾ ਹੈ ਕਿ ਕਿਵੇਂ ਪੁਲਿਸ ਵੱਲੋਂ ਪ੍ਰੋਫੈਸਰਾਂ ਦੀ ਖਿੱਚਧੂਹ ਕੀਤੀ ਜਾ ਰਹੀ ਹੈ, ਜਿਸ ਦੌਰਾਨ ਕਈ ਮਹਿਲਾ ਪ੍ਰੋਫੈਸਰਾਂ ਜ਼ਮੀਨ 'ਤੇ ਵੀ ਡਿੱਗ ਗਈਆਂ। ਇਸ ਦੌਰਾਨ ਜਿਥੇ ਕਈਆਂ ਦੀਆਂ ਪੱਗਾਂ ਲੱਥ ਗਈਆਂ, ਉਥੇ ਚੁੰਨੀਆਂ ਵੀ ਰੁਲਦੀਆਂ ਵਿਖਾਈ ਦਿੱਤੀਆਂ। ਖਿੱਚ ਧੂਹ 'ਚ ਕਈਆਂ ਦੀਆਂ ਜੁੱਤੀਆਂ ਵੀ ਖਿੱਲਰੀਆਂ ਪਈਆਂ ਸਨ।

1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਉਹ ਅੱਜ ਰਹਿੰਦੇ 411 ਉਮੀਦਵਾਰਾਂ ਨੂੰ ਤੁਰੰਤ ਨਿਯੁਕਤ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਮਾਨ ਦੀ ਰਿਹਾਇਸ਼ ਦੇ ਘਿਰਾਓ ਕਰਨ ਜਾ ਰਹੇ ਸਨ, ਪਰ ਪੁਲਿਸ ਨੇ ਜਬਰੀਂ ਰੋਕ ਕੇ ਕੁੱਟਮਾਰ ਕੀਤੀ। ਯੂਨੀਅਨ ਆਗੂਆਂ ਨੇ ਕਿਹਾ ਕਿ ਪ੍ਰੋਫ਼ੈਸਰ ਸੰਗਰੂਰ ਵਿਚ ਮਾਰਚ ਕਰਨ ਉਪਰੰਤ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਵੱਲ ਵਧੇ ਸਨ।

ਯੂਨੀਅਨ ਮੈਂਬਰਾਂ ਵੱਲੋਂ ਪੁਲਿਸ 'ਤੇ ਇਲਜ਼ਾਮ

ਆਗੂ ਬਲਵਿੰਦਰ ਚਹਿਲ ਨੇ ਕਿਹਾ ਕਿ ਆਗੂਆਂ ਨੂੰ ਬੀਤੀ ਰਾਤ ਤੋਂ ਹੀ ਪ੍ਰਸ਼ਾਸਨ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਅੱਜ ‘ਆਮ ਆਦਮੀ ਦੀ ਸਰਕਾਰ’ ਨੇ ਆਮ ਲੋਕਾਂ ਦੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦਿਆਂ ਜਬਰਨ ਪੁਲਿਸ ਤੋਂ ਚੁਕਵਾ ਕੇ ਆਪਣੇ ਸਿੱਖਿਆ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਜਸਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਧੱਕੇਸ਼ਾਹੀ ਦੌਰਾਨ ਮਹਿਲਾ ਪ੍ਰੋਫ਼ੈਸਰਾਂ ਦੀਆਂ ਚੁੰਨੀਆਂ ਰੋਲ਼ੀਆਂ ਗਈਆਂ ਅਤੇ ਵਾਲ ਖਿੱਚੇ ਗਏ।

ਪ੍ਰੋਫੈਸਰ ਕਿਉਂ ਕਰ ਰਹੇ ਹਨ ਪ੍ਰਦਰਸ਼ਨ

ਮਨੀਸ਼ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਡਬਲ ਬੈਂਚ ਨੇ ਮਿਤੀ 23 ਸਤੰਬਰ, 2024 ਨੂੰ 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਭਰਤੀ ਨੂੰ ਨੇਪਰੇ ਚੜ੍ਹਾਉਣ ਲਈ ਹਰੀ ਝੰਡੀ ਦਿੱਤੀ। ਪੰਜਾਬ ਸਰਕਾਰ ਨੇ ਭਰਤੀ ਨੂੰ ਅੱਧ ਵਿਚਾਲੇ ਲਟਕਾ ਦਿੱਤਾ ਹੈ। ਮਸਲਨ 600 ਤੋਂ ਵੱਧ ਸਹਾਇਕ ਪ੍ਰੋਫ਼ੈਸਰ ਕਾਲਜਾਂ ਵਿਚ ਨਿਯੁਕਤ ਹੋ ਚੁੱਕੇ ਹਨ ਪਰ ਰਹਿੰਦੇ 411 ਸਹਾਇਕ ਪ੍ਰੋਫ਼ੈਸਰ ਤੇ ਲਾਇਬ੍ਰੇਰੀਅਨ ਉਮੀਦਵਾਰ ਪਿਛਲੇ ਦੋ ਮਹੀਨਿਆਂ ਤੋਂ ਨਿਯੁਕਤੀ ਦੀ ਉਡੀਕ ਵਿੱਚ ਹਨ।

ਵੱਖ-ਵੱਖ ਯੂਨੀਅਨਾਂ ਨੇ ਦਿੱਤਾ ਸਮਰਥਨ

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਕਿਯੂ ਡਕੌਂਦਾ, ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ, ਆਲ ਇੰਡੀਆ ਸਟੂਡੈਂਟਸ ਫ਼ੈਡਰੇਸ਼ਨ, ਸਟੂਡੈਂਟਸ ਫ਼ੈਡਰੇਸ਼ਨ ਆਫ਼ ਇੰਡੀਆ, ਪੀਐੱਸਯੂ-ਸ਼ਹੀਦ ਰੰਧਾਵਾ ਆਦਿ ਜਥੇਬੰਦੀਆਂ ਵੱਲੋਂ 1158 ਫ਼ਰੰਟ ਦੀ ਡਟਵੀਂ ਹਮਾਇਤ ਦਾ ਮੁਜ਼ਾਹਰਾ ਕਰਦਿਆਂ ਬੁਲਾਰਿਆਂ ਨੇ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। 

ਖਬਰ ਅਪਡੇਟ ਜਾਰੀ...

Related Post