Punjab Police Yearender 2024 : ਪੰਜਾਬ ਪੁਲਿਸ ਦਾ 2024 ਦਾ ਲੇਖਾ-ਜੋਖਾ, ਇਕੱਲੇ ਬਠਿੰਡਾ 'ਚ ਨਸ਼ੇ ਦੀਆਂ 601 FIR, 559 ਗੈਂਗਸਟਰ ਗ੍ਰਿਫ਼ਤਾਰ
Punjab Police Achievements in 2024 : ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਗੈਂਗਸਟਰਾਂ ਖਿਲਾਫ਼ ਪੁਲਿਸ ਵੱਲੋਂ ਵਿਸ਼ੇਸ਼ ਤੌਰ 'ਤੇ AGTF ਦਾ ਗਠਨ ਕੀਤਾ ਗਿਆ। ਪੁਲਿਸ ਦੇ ਇਸ ਵਿੰਗ ਵੱਲੋਂ ਇਸ ਦੌਰਾਨ ਕਾਰਵਾਈ ਕਰਦੇ ਹੋਏ ਗੈਂਗਸਟਰਾਂ ਦੇ 198 ਮਾਡਿਊਲ ਦਾ ਪਰਦਾਫ਼ਾਸ਼ ਕੀਤਾ ਗਿਆ, ਜਿਸ ਦੌਰਾਨ 559 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ।
Punjab Police 2024 Achievements : ਨਵੇਂ ਸਾਲ ਦਾ ਆਗਾਜ਼ ਹੋਣ 'ਚ ਕੁੱਝ ਹੀ ਘੰਟੇ ਬਾਕੀ ਰਹਿ ਗਏ ਹਨ ਤੇ ਨਵੇਂ ਸਾਲ 2025 ਨੂੰ ਲੈ ਕੇ ਹਰ ਸ਼ਖਸ 'ਚ ਆਪਣੀ ਜ਼ਿੰਦਗੀ ਦੇ ਨਵੇਂ ਪੜ੍ਹਾਅ ਨੂੰ ਲੈ ਕੇ ਉਤਸ਼ਾਹ ਪਾਇਆ ਜਾ ਰਿਹਾ ਹੈ। ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਵੀ ਸਾਲ 2024 ਵਿੱਚ ਕਈ ਵਿਲੱਖਣ ਕਾਮਯਾਬੀਆਂ ਹਾਸਲ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਮੰਗਲਵਾਰ ਆਈਜੀਪੀ ਸੁਖਚੈਨ ਗਿੱਲ ਨੇ ਲੋਕਾਂ ਸਾਹਮਣੇ ਰੱਖਿਆ।
ਪੰਜਾਬ ਪੁਲਿਸ ਦੇ ਹੈਡਕੁਆਰਟਰ ਚੰਡੀਗੜ੍ਹ ਦਫਤਰ ਵਿਖੇ ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਦਾਅਵਾ ਕੀਤਾ ਕਿ ਸਾਲ 2024 'ਚ ਪੰਜਾਬ ਪੁਲਿਸ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ, ਜਿਸ ਦੌਰਾਨ ਨਸ਼ਿਆਂ 'ਤੇ ਨਕੇਲ ਕੱਸਣ ਤੋਂ ਲੈ ਕੇ, ਅੱਤਵਾਦੀ ਮਡਿਊਲਾਂ ਦਾ ਪਰਦਾਫਾਸ਼ ਕਰਨ, ਗੈਂਗਸਟਰਾਂ ਨੂੰ ਫੜਨ ਅਤੇ ਪੰਜਾਬ ਵਿਭਾਗ ਦੀ ਮਜ਼ਬੂਤੀ 'ਚ ਬਹੁਤ ਵਧੀਆ ਕਦਮ ਚੁੱਕੇ ਹਨ।
ਨਸ਼ੇ 'ਤੇ ਪੰਜਾਬ ਪੁਲਿਸ ਨੇ ਕੀ ਕੀਤੀ ਕਾਰਵਾਈ?
ਉਨ੍ਹਾਂ ਜਾਣਕਾਰੀ ਦਿੱਤੀ ਕਿ ਨਸ਼ਿਆਂ 'ਤੇ ਕਾਰਵਾਈ ਕਰਦੇ ਹੋਏ ਪੰਜਾਬ ਭਰ 'ਚ 6935 FIR ਦਰਜ ਕੀਤੀਆਂ ਗਈਆਂ, ਜਿਸ ਵਿੱਚ 12255 ਮੁਲਜ਼ਮ ਗ੍ਰਿਫਤਾਰ ਕੀਤੇ। ਇਨ੍ਹਾਂ ਵਿਚੋਂ 1213 FIR ਗੁਣਵੱਤਾ 'ਤੇ ਅਤੇ 6 ਦਰਮਿਆਨੇ ਨਸ਼ਿਆਂ 'ਤੇ ਆਧਾਰਤ ਸਨ। ਉਨ੍ਹਾਂ ਦੱਸਿਆ ਕਿ ਨਸ਼ਿਆਂ ਦੇ ਮਾਮਲੇ 'ਚ ਸਭ ਤੋਂ ਵੱਧ 601 ਐਫ਼ਆਈਆਰ ਸਿਰਫ਼ ਬਠਿੰਡਾ ਵਿੱਚ ਦਰਜ ਹੋਈਆਂ, ਜਦਕਿ ਸਭ ਤੋਂ ਘੱਟ 165 ਐਫਆਈਆਰ ਅੰਮ੍ਰਿਤਸਰ ਦਿਹਾਤੀ 'ਚ ਦਰਜ ਹੋਈਆਂ। ਇਨ੍ਹਾਂ ਕੇਸਾਂ ਵਿਚੋਂ 991 ਵਿੱਚ ਕੋਕੀਨ ਅਤੇ ਮੈਡੀਕਲ ਨਸ਼ੇ ਨੂੰ ਲੈ ਕੇ ਮਾਮਲੇ ਦਰਜ ਕੀਤੇ। ਇਸਤੋਂ ਇਲਾਵਾ 15 ਕਰੋੜ 74 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਨਸ਼ਿਆਂ ਖਿਲਾਫ਼ ਕਾਰਵਾਈ ਤਹਿਤ ਮੁਲਜ਼ਮਾਂ ਦੀ 335 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਲੋਕਾਂ ਨੂੰ ਨਸ਼ੇ ਦੇ ਵਿਰੁੱਧ ਜਾਗਰੂਕ ਕਰਨ ਲਈ ਪੰਜਾਬ ਪੁਲਿਸ ਵੱਲੋਂ 23000 ਮੁਹਿੰਮਾਂ ਚਲਾਈਆਂ ਗਈਆਂ।
ਗੈਂਗਸਟਰਾਂ ਖਿਲਾਫ਼ ਪੰਜਾਬ ਪੁਲਿਸ ਦੀ ਕਾਰਵਾਈ ?
ਆਈਜੀਪੀ ਨੇ ਦੱਸਿਆ ਕਿ ਗੈਂਗਸਟਰਾਂ ਖਿਲਾਫ਼ ਪੁਲਿਸ ਵੱਲੋਂ ਵਿਸ਼ੇਸ਼ ਤੌਰ 'ਤੇ AGTF ਦਾ ਗਠਨ ਕੀਤਾ ਗਿਆ। ਪੁਲਿਸ ਦੇ ਇਸ ਵਿੰਗ ਵੱਲੋਂ ਇਸ ਦੌਰਾਨ ਕਾਰਵਾਈ ਕਰਦੇ ਹੋਏ ਗੈਂਗਸਟਰਾਂ ਦੇ 198 ਮਾਡਿਊਲ ਦਾ ਪਰਦਾਫ਼ਾਸ਼ ਕੀਤਾ ਗਿਆ, ਜਿਸ ਦੌਰਾਨ 559 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਦਕਿ 3 ਗੈਂਗਸਟਰ ਐਨਕਾਊਂਟਰ 'ਚ ਮਾਰੇ ਗਏ। ਏਜੀਟੀਐਫ਼ ਇਸ ਦੌਰਾਨ 7 ਕਿੱਲੋ ਹੈਰੋਇਨ ਵੀ ਬਰਾਮਦ ਕੀਤੀ।
ਪੰਜਾਬ 'ਚ ਦਹਿਸ਼ਤੀ ਇਰਾਦਿਆਂ ਅਤੇ ਰਾਸ਼ਟਰੀ ਵਿਰੋਧੀ ਗਤੀਵਿਧੀਆਂ ਨੂੰ ਨਾਕਾਮ ਕਰਦਿਆਂ ਏਜੀਟੀਐਫ਼ ਵੱਲੋਂ ਕਾਰਵਾਈ ਕਰਦੇ ਹੋਏ 12 ਅੱਤਵਾਦੀ ਮਾਡਿਊਲ ਦਾ ਵੀ ਪਰਦਾਫ਼ਾਸ਼ ਕੀਤਾ ਗਿਆ ਅਤੇ 66 ਅੱਤਵਾਦੀਆਂ ਨੂੰ ਰਿਵਾਲਵਰਾਂ ਤੇ ਹੋਰ ਸਮੱਗਰੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
ਪੁਲਿਸ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਖਰਚੇ 378 ਕਰੋੜ
ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਾਲ ਪੁਲਿਸ ਵਿਭਾਗ ਨੂੰ ਮਜ਼ਬੂਤ ਕਰਨ 'ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ ਹੈ। ਨਵੇਂ ਪੁਲਿਸ ਮੁਲਾਜ਼ਮ ਵੀ ਭਰਤੀ ਕੀਤੇ ਗਏ ਹਨ ਅਤੇ ਨਵੇਂ ਸਾਲ 'ਤੇ ਜਲਦੀ ਹੀ ਹੋਰ ਪੁਲਿਸ ਮੁਲਾਜ਼ਮਾਂ ਦੇ ਨਤੀਜੇ ਆਉਣਗੇ। ਉਨ੍ਹਾਂ ਕਿਹਾ ਕਿ ਇਸ ਸਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 378 ਕਰੋੜ ਰੁਪਏ ਖਰਚ ਕੀਤੇ ਗਏ ਹਨ।
ਪੰਜਾਬ 'ਚ ਸਾਈਬਰ ਕ੍ਰਾਈਮ ਨੂੰ ਠੱਲ੍ਹ ਪਾਉਣ ਲਈ 28 ਨਵੇਂ ਸਾਈਬਰ ਕ੍ਰਾਈਮ ਸਟੇਸ਼ਨ ਸ਼ੁਰੂ ਕੀਤੇ ਗਏ, ਜਿਨ੍ਹਾਂ ਰਾਹੀਂ 73 ਕਰੋੜ ਰੁਪਏ ਦੀ ਰਕਮ ਦਾ ਪਤਾ ਲਗਾਇਆ ਗਿਆ। ਇਸਤੋਂ ਇਲਾਵਾ ਇਨ੍ਹਾਂ ਰਾਹੀਂ ਸੋਸ਼ਲ ਮੀਡੀਆ ਦੀ ਵਰਤੋਂ ਚੈੱਕ ਸੋਸ਼ਲ ਮੀਡੀਆ ਦੀ ਜਾਂਚ ਕਰਨ ਲਈ ਵੀ ਕੰਮ ਕਰਦੀ ਹੈ।
ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ 'ਚ 16 ਫੀਸਦੀ ਦੀ ਕਮੀ ਆਈ, ਸੜਕ ਸੁਰੱਖਿਆ ਪ੍ਰਭਾਵੀ ਹੋਣ ਕਾਰਨ 5661 ਪੀੜਤਾਂ ਦਾ ਮੌਕੇ 'ਤੇ ਹੀ ਇਲਾਜ ਅਤੇ 5681 ਨੂੰ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ।
ਇਸਤੋਂ ਇਲਾਵਾ ਪੁਲਿਸ ਵਿਭਾਗ ਨੂੰ ਡਿਜ਼ੀਟਲ ਯੁੱਗ 'ਚ ਤਿਆਰ ਕਰਨ ਲਈ ਆਈਆਈਟੀ ਰੁੜਕੀ ਅਤੇ ਅਲਾਸਕਾ ਯੂਨੀਵਰਸਿਟੀ ਨਾਲ ਵੀ AI ਦੀ ਵਰਤੋਂ ਜਾਣਨ ਲਈ ਐਮਓਯੂ 'ਤੇ ਦਸਤਖਤ ਕੀਤੇ।