Panchayat Elections 2024 : ਚੋਣਾਂ ਦੇ ਐਲਾਨ ਦੇ 24 ਘੰਟਿਆਂ ਦਰਮਿਆਨ 3 ਪਿੰਡਾਂ 'ਚ ਬਣੀ ਸਰਬਸੰਮਤੀ, ਨਿਰ-ਵਿਰੋਧ ਚੁਣੇ ਗਏ ਪੰਚਾਇਤ
Punjab Panchayat Elections 2024 : ਪੰਜਾਬ ਦੇ ਇਨ੍ਹਾਂ ਤਿੰਨ ਪਿੰਡਾਂ ਵਿੱਚ ਸਮਰਾਲਾ ਦਾ ਪਿੰਡ ਟੱਪਰੀਆਂ, ਕਪੂਰਥਲਾ ਦਾ ਪਿੰਡ ਬਰਿਆਰ ਅਤੇ ਮੁਕਤਸਰ ਦਾ ਪਿੰਡ ਈਨਾ ਖੇੜਾ ਸ਼ਾਮਲ ਹਨ, ਜਿਥੇ ਲੋਕਾਂ ਵੱਲੋਂ ਨਿਰਵਿਰੋਧ ਪੰਚਾਇਤ ਚੁਣੀ ਗਈ ਅਤੇ ਲੱਡੂ ਵੰਡ ਕੇ ਤੇ ਭੰਗੜੇ ਪਾ ਕੇ ਭਾਈਚਾਰਕ ਏਕਤਾ ਦੀ ਖੁਸ਼ੀ ਮਨਾਈ ਗਈ।
Punjab Panchayat Elections 2024 : ਪੰਜਾਬ ਦੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਭਖਦਾ ਜਾ ਰਿਹਾ ਹੈ। ਅੱਜ 27 ਸਤੰਬਰ ਤੋਂ ਪੰਚਾਇਤੀ ਚੋਣਾਂ 'ਚ ਕਿਸਮਤ ਅਜਮਾਉਣ ਦੇ ਚਾਹਵਾਨਾਂ ਲਈ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਪਰ ਇਸ ਤੋਂ ਪਹਿਲਾਂ ਹੀ ਕਈ ਪਿੰਡਾਂ 'ਚ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਹੁੰਦੀ ਨਜ਼ਰ ਆ ਰਹੀ ਹੈ, ਜਿਥੇ ਚੋਣਾਂ ਦੇ ਐਲਾਨ ਦੇ ਕੁੱਝ ਘੰਟਿਆਂ ਦਰਮਿਆਨ ਹੀ ਪਿੰਡ ਦੇ ਲੋਕਾਂ ਵੱਲੋਂ ਸਰਬਸੰਮਤੀ ਨਾਲ ਸਰਪੰਚ ਤੇ ਪੰਚਾਇਤ ਚੁਣ ਲਿਆ ਗਿਆ।
ਪੰਜਾਬ ਦੇ ਇਨ੍ਹਾਂ ਤਿੰਨ ਪਿੰਡਾਂ ਵਿੱਚ ਸਮਰਾਲਾ ਦਾ ਪਿੰਡ ਟੱਪਰੀਆਂ, ਕਪੂਰਥਲਾ ਦਾ ਪਿੰਡ ਬਰਿਆਰ ਅਤੇ ਮੁਕਤਸਰ ਦਾ ਪਿੰਡ ਈਨਾ ਖੇੜਾ ਸ਼ਾਮਲ ਹਨ, ਜਿਥੇ ਲੋਕਾਂ ਵੱਲੋਂ ਨਿਰਵਿਰੋਧ ਪੰਚਾਇਤ ਚੁਣੀ ਗਈ ਅਤੇ ਲੱਡੂ ਵੰਡ ਕੇ ਤੇ ਭੰਗੜੇ ਪਾ ਕੇ ਭਾਈਚਾਰਕ ਏਕਤਾ ਦੀ ਖੁਸ਼ੀ ਮਨਾਈ ਗਈ।
ਮਹਿਜ਼ 15 ਘੰਟੇ ਅੰਦਰ ਸਮਰਾਲਾ ਦੇ ਪਿੰਡ ਟੱਪਰੀਆਂ 'ਚ ਸਰਬ ਸੰਮਤੀ
ਮਾਛੀਵਾੜਾ ਬਲਾਕ ਦੇ ਪਿੰਡ ਟੱਪਰੀਆਂ ਦੇ ਵਸਨੀਕਾਂ ਨੇ ਪੰਚਾਇਤ ਚੋਣਾਂ ਦਾ ਐਲਾਨ ਹੁੰਦਿਆਂ ਹੀ ਪਿੰਡ ਵਿੱਚ ਇਕੱਠੇ ਹੋ ਕਿ ਸਰਪੰਚ ਸਮੇਤ ਪੰਜ ਮੈਂਬਰ ਪੰਚਾਇਤ ਸਰਬ ਸੰਮਤੀ ਨਾਲ ਚੁਣ ਲਏ ਹਨ, ਜਿਨ੍ਹਾਂ ਵਿੱਚ 2 ਇਸਤਰੀਆਂ ਵੀ ਪੰਚ ਹੋਣਗੀਆਂ।
ਪਿੰਡ ਨੇ ਗੁਰਬਚਨ ਸਿੰਘ ਬਸਾਂਤੀ ਨੂੰ ਸਰਪੰਚ ਅਤੇ 5 ਹੋਰ ਵਿਅਕਤੀਆਂ ਨੂੰ ਮੈਂਬਰ ਪੰਚਾਇਤ ਚੁਣਨ ਦਾ ਫੈਸਲਾ ਵੀ ਲਿਆ ਗਿਆ ਹੈ। ਦੱਸ ਦਈਏ ਕਿ ਜਦੋਂ ਤੋਂ ਲਾਗਲੇ ਪਿੰਡ ਨਾਲੋਂ ਵੱਖ ਹੋ ਕਿ ਇਸ ਪਿੰਡ ਟੱਪਰੀਆਂ ਦੀ ਗ੍ਰਾਮ ਪੰਚਾਇਤ ਬਣੀ ਹੈ, ਉਦੋਂ ਤੋਂ ਸਿਰਫ ਤਿੰਨ ਵਾਰ ਹੀ ਪੰਚਾਇਤ ਚੋਣਾਂ ਲਈ ਵੋਟਾਂ ਪਈਆਂ ਹਨ, ਨਹੀਂ ਤਾਂ ਹਰ ਵਾਰ ਪਿੰਡ 'ਚ ਸਰਬਸੰਮਤੀ ਨਾਲ ਹੀ ਪੰਚਾਇਤ ਬਣਦੀ ਰਹੀ ਹੈ।
ਪਿੰਡ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਘੋਲੀ ਅਤੇ ਕੈਪਟਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਰਬ ਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਵੇਂ ਸਰਬ ਸਮਤੀ ਨਾਲ ਚੁਣੀਆਂ ਜਾਣ ਵਾਲੀਆਂ ਪੰਚਾਇਤਾਂ ਦਾ ਐਲਾਨ ਚੋਣ ਅਧਿਕਾਰੀਆਂ ਵੱਲੋਂ 7 ਅਕਤੂਬਰ ਨੂੰ ਕੀਤਾ ਜਾਵੇਗਾ ਪਰ ਫਿਰ ਵੀ ਪਿੰਡ ਟੱਪਰੀਆਂ ਨੇ ਪੰਜਾਬ ਦੀ ਪਹਿਲੀ ਸਰਬ ਸੰਮਤੀ ਨਾਲ ਚੁਣੀ ਪੰਚਾਇਤ ਚੁਣਨ ਦਾ ਮਾਣ ਪ੍ਰਾਪਤ ਕਰ ਲਿਆ ਹੈ।
ਪਿੰਡ ਬਰਿਆਰ 'ਚ ਸਰਬਸੰਮਤੀ ਨਾਲ ਸਰਪੰਚ ਬਣੇ ਸਤਪਾਲ ਸਿੰਘ
ਇਸੇ ਤਰ੍ਹਾਂ ਕਪੂਰਥਲਾ ਦੇ ਹਲਕਾ ਭੁਲੱਥ ਦੇ ਪਿੰਡ ਬਰਿਆਰ ਵਿਖ਼ੇ ਅੱਜ ਪਿੰਡ ਦੇ ਲੋਕਾਂ ਨੇ ਪਹਿਲਕਦਮੀ ਕਰਦਿਆਂ ਪਿੰਡ ਦੇ ਲੋਕਾਂ ਦੀ ਹਾਜ਼ਰੀ ਵਿੱਚ ਸਰਬਸੰਮਤੀ ਨਾਲ ਸਰਪੰਚ ਸਮੇਤ 7 ਮੈਂਬਰਾਂ ਦੀ ਪੰਚਾਇਤ ਚੁਣੀ, ਜਿਸ ਵਿੱਚ 3 ਮਹਿਲਾਵਾਂ ਵੀ ਸ਼ਾਮਲ ਹਨ।
ਇਸ ਮੌਕੇ ਲੋਕਾਂ ਨੇ ਪਿੰਡ ਦੇ ਹੀ ਲੰਬੜਦਾਰ ਵਜੋਂ ਜਾਣੇ ਜਾਂਦੇ ਪਿੰਡ ਦੇ ਆਗੂ ਸਤਪਾਲ ਸਿੰਘ ਨੂੰ ਪਿੰਡ ਦਾ ਸਰਪੰਚ ਚੁਣਿਆ, ਜਦਕਿ 7 ਹੋਰ ਮੈਂਬਰਾਂ ਨੂੰ ਪੰਚਾਇਤ ਮੈਂਬਰ ਵਜੋਂ ਚੁਣਿਆ ਗਿਆ। ਉਪਰੰਤ ਪਿੰਡ ਵਾਸੀਆਂ ਵਲੋ ਸਨਮਾਨਿਤ ਕੀਤਾ ਗਿਆ।
ਪਿੰਡ ਈਨਾ ਖੇੜਾ 'ਚ ਸਰਬਸੰਮਤੀ ਨਾਲ ਨਿਰਮਲ ਸਿੰਘ ਸੰਧੂ ਚੁਣੇ ਸਰਪੰਚ
ਉਧਰ, ਸ੍ਰੀ ਮੁਕਤਸਰ ਸਾਹਿਬ ਵਿਚ ਹੋਈ ਪਹਿਲਕਦਮੀ ਤਹਿਤ ਹਲਕਾ ਮਲੌਟ ਦੇ ਪਿੰਡ ਗੁਰੂ ਕੇ ਆਸਲ ਢਾਣੀ ਪਿੰਡ ਈਨਾ ਖੇੜਾ ਦੀ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ ਹੋਈ। ਪਿੰਡ ਵਾਸੀਆਂ ਨੇ ਸਹਿਮਤੀ ਨਾਲ ਪੂਰੀ ਪੰਚਾਇਤ ਬਣਾਈ। ਪੰਚਾਇਤ ਵਿੱਚ ਸਰਪੰਚ ਸਮੇਤ ਕੁੱਲ 6 ਮੈਂਬਰ ਹਨ।
ਨਿਰਮਲ ਸਿੰਘ ਸੰਧੂ ਸਰਪੰਚ ਬਣੇ, ਜਿਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਆਪਸੀ ਭਾਈਚਾਰੇ ਨੂੰ ਕਾਇਮ ਰੱਖਦਿਆਂ ਧੜੇਬੰਦੀ ਤੋਂ ਉਪਰ ਉਪਰ ਉਠ ਕੇ ਪਿੰਡ ਦੇ ਵਿਕਾਸ ਕਾਰਜ ਕਰਵਾਏ ਜਾਣਗੇ। ਇਸ ਮੌਕੇ ਖੁਸ਼ੀ ਵਿਚ ਢੋਲ ਦੀ ਥਾਪ 'ਤੇ ਭੰਗੜੇ ਪਾਉਂਦੇ ਹੋਏ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ।