Padma Shri Kaur Singh: ਓਲੰਪੀਅਨ ਮੁੱਕੇਬਾਜ਼ ਪਦਮ ਸ਼੍ਰੀ ਤੇ ਅਰਜੁਨ ਐਵਾਰਡੀ ਓਲੰਪੀਅਨ ਜੇਤੂ ਕੌਰ ਸਿੰਘ ਦਾ ਦੇਹਾਂਤ, ਮਸ਼ਹੂਰ ਮੁੱਕੇਬਾਜ਼ ਮੁਹੰਮਦ ਅਲੀ ਨੂੰ ਵੀ ਦਿੱਤੀ ਸੀ ਮਾਤ
ਪਦਮ ਸ਼੍ਰੀ, ਅਰਜੁਨ ਐਵਾਰਡ ਅਤੇ ਏਸ਼ੀਆਈ ਗੋਲਡ ਮੈਡਲਿਸਟ ਮੁੱਕੇਬਾਜ਼ ਕੌਰ ਸਿੰਘ ਨੇ ਬੁੱਧਵਾਰ ਦੇਰ ਰਾਤ ਕੁਰੂਕਸ਼ੇਤਰ ਦੇ ਇੱਕ ਹਸਪਤਾਲ 'ਚ 74 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦਾ ਸਸਕਾਰ ਅੱਜ ਉਨ੍ਹਾਂ ਦੇ ਪਿੰਡ ਖਨਾਲ ਖੁਰਦ ਜ਼ਿਲ੍ਹਾ ਸੰਗਰੂਰ ਵਿਖੇ ਕੀਤਾ ਜਾਵੇਗਾ।
Padma Shri Kaur Singh: ਪਦਮ ਸ਼੍ਰੀ, ਅਰਜੁਨ ਐਵਾਰਡ ਅਤੇ ਏਸ਼ੀਆਈ ਗੋਲਡ ਮੈਡਲਿਸਟ ਮੁੱਕੇਬਾਜ਼ ਕੌਰ ਸਿੰਘ ਨੇ ਬੁੱਧਵਾਰ ਦੇਰ ਰਾਤ ਕੁਰੂਕਸ਼ੇਤਰ ਦੇ ਇੱਕ ਹਸਪਤਾਲ 'ਚ 74 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦਾ ਸਸਕਾਰ ਅੱਜ ਉਨ੍ਹਾਂ ਦੇ ਪਿੰਡ ਖਨਾਲ ਖੁਰਦ ਜ਼ਿਲ੍ਹਾ ਸੰਗਰੂਰ ਵਿਖੇ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਮੁੱਕੇਬਾਜ਼ ਕੌਰ ਸਿੰਘ ਸ਼ੂਗਰ ਨਾਲ ਪੀੜਤ ਸਨ। ਉਨ੍ਹਾਂ ਨੂੰ 2 ਦਿਨ ਪਹਿਲਾਂ ਪਟਿਆਲਾ ਅਤੇ ਬਾਅਦ 'ਚ ਕੁਰੂਕਸ਼ੇਤਰ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਕੌਰ ਸਿੰਘ ਪੰਜਾਬ ਦੇ ਹੀ ਨਹੀਂ ਸਗੋਂ ਭਾਰਤ ਦੇ ਮੋਹਰੀ ਮੁੱਕੇਬਾਜ਼ਾਂ ਵਿੱਚੋਂ ਇੱਕ ਸਨ।
ਕੌਰ ਸਿੰਘ ਮੁੱਕੇਬਾਜ਼ ਸਫ਼ਰ
ਮੁੱਕੇਬਾਜ਼ ਵਿੱਚ ਕੌਰ ਸਿੰਘ ਵਧੀਆ ਖੇਡਣ ਲੱਗੇ ਤੇ ਉਸ ਤੋਂ ਬਾਅਦ ਉਨ੍ਹਾਂ ਨੇ ਭਾਰਤ ਦੇਸ਼ ਦੇ ਲਈ ਅਲੱਗ ਅਲੱਗ ਦੇਸ਼ਾਂ ਦੇ ਵਿਚ ਮੁੱਕੇਬਾਜ਼ ਖੇਡ ਦੇ ਵਿੱਚ ਜਿੱਤ ਦੇ ਝੰਡੇ ਗੱਡੇ ਤੇ ਕਈ ਇਨਾਮ ਤੇ ਟਰਾਫੀ, ਮੈਡਲ ਆਪਣੇ ਦੇਸ਼ ਦੇ ਲਈ ਜਿੱਤੇ। ਇੱਕ ਵਾਰ ਦਿੱਲੀ ਵਿੱਚ ਦੁਨੀਆ ਦੇ ਮਸ਼ਹੂਰ ਮੁੱਕੇਬਾਜ਼ ਮੁਹੰਮਦ ਅਲੀ ਪਹੁੰਚੇ ਸਨ ਤੇ ਕੌਰ ਸਿੰਘ ਨੇ ਮੁਹੰਮਦ ਅਲੀ ਨਾਲ ਵੀ ਮੁੱਕੇਬਾਜ਼ ਦੀ ਇੱਕ ਫਾਈਟ ਲੜੀ ਸੀ ਜਿਸ 'ਚ ਉਨ੍ਹਾਂ ਨੇ ਮਸ਼ਹੂਰ ਮੁੱਕੇਬਾਜ਼ ਮੁਹੰਮਦ ਅਲੀ ਨੂੰ ਹਰਾਇਆ ਸੀ।
ਪਦਮ ਸ਼੍ਰੀ ਤੇ ਅਰਜੁਨ ਐਵਾਰਡ ਨਾਲ ਸਨਮਾਨਿਤ
1971 ਵਿੱਚ ਫੌਜ ਵਿੱਚ ਭਰਤੀ ਹੋਣ ਤੋਂ ਬਾਅਦ, ਕੌਰ ਸਿੰਘ ਨੇ 1977 ਵਿੱਚ ਮੁੱਕੇਬਾਜ਼ੀ ਵਿੱਚ ਹਿੱਸਾ ਲਿਆ ਸੀ। 1979 ਤੋਂ 1983 ਤੱਕ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਗਮੇ ਜਿੱਤੇ ਸਨ। ਏਸ਼ੀਅਨ ਖੇਡਾਂ ਸਮੇਤ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਛੇ ਸੋਨ ਤਗਮੇ ਜਿੱਤੇ ਸਨ।
1980 ਵਿੱਚ ਇੱਕ ਪ੍ਰਦਰਸ਼ਨੀ ਮੁਕਾਬਲੇ ਵਿੱਚ ਮੁੱਕੇਬਾਜ਼ੀ ਦੇ ਮਹਾਨ ਖਿਡਾਰੀ ਮੁਹੰਮਦ ਅਲੀ ਨਾਲ ਲੜਨ ਵਾਲਾ ਸਿਰਫ਼ ਭਾਰਤੀ ਮੁੱਕੇਬਾਜ਼ ਸੀ। ਲਾਸ ਏਂਜਲਸ ਓਲੰਪਿਕ ਵਿੱਚ, ਉਸਨੇ 2 ਮੁਕਾਬਲੇ ਜਿੱਤੇ, ਪਰ ਤੀਜਾ ਹਾਰ ਗਏ ਸਨ। ਫੌਜ ਤੋਂ ਸੂਬੇਦਾਰ ਵਜੋਂ ਸੇਵਾਮੁਕਤ ਹੋਏ ਅਤੇ ਬਾਅਦ ਵਿੱਚ ਪੰਜਾਬ ਪੁਲਿਸ ਵਿੱਚ ਸਹਾਇਕ ਸਬ-ਇੰਸਪੈਕਟਰ ਨਿਯੁਕਤ ਹੋਏ।
ਕੌਮੀ ਪੱਧਰ ਦੇ ਮੁੱਕੇਬਾਜ਼ ਪਰ ਆਰਥਿਕ ਹਾਲਤ ਮਾੜੀ ਰਹੀ
ਦੱਸ ਦੇਈਏ ਕਿ ਸਿਹਤ ਖਰਾਬ ਹੋਣ ਕਾਰਨ ਕੌਰ ਸਿੰਘ ਪਿਛਲੇ ਕੁਝ ਸਾਲਾਂ ਤੋਂ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਹੇ ਸਨ। ਜਦੋਂ ਉਸ ਦੀ ਦਰਦਨਾਕ ਹਾਲਤ ਦੀਆਂ ਖ਼ਬਰਾਂ ਮੀਡੀਆ ਵਿੱਚ ਆਈਆਂ ਤਾਂ ਦਸੰਬਰ 2018 ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ 2 ਲੱਖ ਰੁਪਏ ਅਤੇ ਅਦਾਕਾਰ ਸ਼ਾਹਰੁਖ ਖਾਨ ਨੇ ਉਸ ਦੇ ਡਾਕਟਰੀ ਖਰਚੇ ਲਈ 5 ਲੱਖ ਰੁਪਏ ਦਿੱਤੇ ਸਨ।
ਕੌਰ ਸਿੰਘ ਨੇ ਦੇਸ਼ ਲਈ ਕਈ ਮੈਡਲ ਜਿੱਤੇ ਸਨ। ਉਨ੍ਹਾਂ ਨੂੰ 1982 'ਚ ਅਰਜੁਨ ਐਵਾਰਡ ਅਤੇ 1983 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਮੌਜੂਦਾ ਪੰਜਾਬ ਸਰਕਾਰ ਨੇ ਇਸ ਸੈਸ਼ਨ 'ਚ ਉਨ੍ਹਾਂ ਦੀ ਜੀਵਨੀ ਨੂੰ ਪੁਸਤਕਾਂ ਵਿੱਚ ਸ਼ਾਮਲ ਕੀਤਾ ਹੈ।
ਉਨ੍ਹਾਂ ਦੇ ਜੀਵਨ 'ਤੇ ਬਣੀ ਪੰਜਾਬੀ ਫਿਲਮ
ਮੁੱਕੇਬਾਜ਼ ਕੌਰ ਸਿੰਘ ਦੇ ਜੀਵਨ ਉੱਤੇ ਪੰਜਾਬੀ ਦੀ ਇੱਕ ਫ਼ਿਲਮ 'ਪਦਮ ਸ਼੍ਰੀ ਕੌਰ ਸਿੰਘ' ਵੀ ਬਣੀ ਹੈ। ਫ਼ਿਲਮ ਰਾਹੀਂ 'ਪਦਮ ਸ਼੍ਰੀ' ਅਤੇ 'ਅਰਜੁਨ ਐਵਾਰਡ' ਜਿਹੇ ਦੇਸ਼ ਦੇ ਵੱਕਾਰੀ ਪੁਰਸਕਾਰ ਹਾਸਿਲ ਕਰਨ ਵਾਲੇ ਇਸ ਮੁੱਕੇਬਾਜ਼ ਵੱਲੋਂ ਜੀਵਨ ਵਿੱਚ ਘਾਲੀ ਘਾਲਣਾ ਨੂੰ ਪਰਦੇ 'ਤੇ ਦਿਖਾਇਆ ਗਿਆ ਹੈ। ਫ਼ਿਲਮ ਵਿੱਚ ਕੌਰ ਸਿੰਘ ਦਾ ਕਿਰਦਾਰ ਪੰਜਾਬੀ ਅਦਾਕਾਰ ਕਰਮ ਬਾਠ ਨੇ ਅਦਾ ਕੀਤਾ ਹੈ ਅਤੇ ਉਹ ਹੀ ਇਸ ਫ਼ਿਲਮ ਦੇ ਨਿਰਮਾਤਾ ਵੀ ਹਨ।
ਸੀਐਮ ਮਾਨ ਨੇ ਕੀਤਾ ਸੀ ਦੁਖ ਦਾ ਪ੍ਰਗਟਾਵਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੀ ਮੌਤ 'ਤੇ ਦੁੱਖ ਪ੍ਰਗਟਾਇਆ ਹੈ ਤੇ ਪਰਿਵਾਰ ਨਾਲ ਵੀ ਹਮਦਰਦੀ ਪ੍ਰਗਟ ਕੀਤੀ ਹੈ। ਉਨ੍ਹਾਂ ਟਵੀਟ ਕੀਤਾ, " ਓਲੰਪੀਅਨ ਮੁੱਕੇਬਾਜ ਪਦਮ ਸ਼੍ਰੀ ਕੌਰ ਸਿੰਘ ਜੀ…ਜਿਨ੍ਹਾਂ ਸੰਗਰੂਰ ਦੇ ਪਿੰਡ ਖਨਾਲ ਖੁਰਦ ਤੋਂ ਹੁੰਦੇ ਹੋਏ ਏਸ਼ੀਆ ਗੇਮਜ਼ ‘ਚ ਭਾਰਤ ਦਾ ਦਬਦਬਾ ਬਣਾ ਕੇ ਰੱਖਿਆ ਤੇ ਸੋਨ ਤਗਮਾ ਦੇਸ਼ ਦੀ ਝੋਲੀ ਪਾਇਆ…ਕੌਰ ਸਿੰਘ ਅੱਜ ਸਾਨੂੰ ਵਿਛੋੜਾ ਦੇ ਗਏ…ਪਰਮਾਤਮਾ ਅੱਗੇ ਅਰਦਾਸ ਵਿੱਛੜੀ ਰੂਹ ਨੂੰ ਚਰਨੀਂ ਲਾਉਣ ਤੇ ਮੁਸ਼ਕਲ ਘੜੀ ‘ਚ ਪਰਿਵਾਰ ਨਾਲ ਦਿਲੋਂ ਹਮਦਰਦੀ।
ਕੌਰ ਸਿੰਘ ਦੀ ਜੀਵਨੀ ਸਕੂਲੀ ਸਿਲੇਬਸ 'ਚ ਸ਼ਾਮਲ
ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਸੂਬੇ ਦੇ ਚਾਰ ਖਿਡਾਰੀਆਂ ਦੀ ਜੀਵਨੀ ਸਕੂਲੀ ਸਿਲੇਬਸ ਵਿੱਚ ਸ਼ਾਮਲ ਕੀਤੀ ਹੈ। ਇਨ੍ਹਾਂ ਖਿਡਾਰੀਆਂ ਵਿੱਚੋਂ ਇੱਕ ਕੌਰ ਸਿੰਘ ਵੀ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਸੂਚਨਾ ਮੁਤਾਬਕ, ਪੰਜਾਬ ਦੇ ਚਾਰ ਮਹਾਨ ਖਿਡਾਰੀਆਂ ਦੀ ਸੰਖੇਪ ਜੀਵਨੀ ਸਰੀਰਕ ਸਿੱਖਿਆ ਵਿਸ਼ੇ ਦੀਆਂ ਪਾਠ ਪੁਸਤਕਾਂ ਵਿੱਚ ਸ਼ਾਮਲ ਕੀਤੀ ਗਈ ਹੈ।
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਰੀਰਕ ਵਿਸ਼ੇ ਦੀ ਨੌਵੀਂ ਕਿਤਾਬ ਦੀ ਪਾਠ-ਪੁਸਤਕ ਵਿੱਚ ਤਿੰਨ ਵਾਰ ਦੇ ਓਲੰਪਿਕਸ ਗੋਲਡ ਮੈਡਲ ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ, ਉਡਣੇ ਸਿੱਖ ਵਜੋਂ ਮਸ਼ਹੂਰ ਹੋਏ ਮਹਾਨ ਅਥਲੀਟ ਮਿਲਖਾ ਸਿੰਘ ਤੇ ਏਸ਼ੀਅਨ ਚੈਂਪੀਅਨ ਮੁੱਕੇਬਾਜ਼ ਕੌਰ ਸਿੰਘ ਦੀ ਜੀਵਨੀ ਸ਼ਾਮਲ ਕੀਤੀ ਗਈ ਹੈ।
ਇਸੇ ਤਰ੍ਹਾਂ, ਸਰੀਰਕ ਸਿੱਖਿਆ ਦੀ ਦਸਵੀਂ ਦੀ ਕਿਤਾਬ ਵਿੱਚ ਭਾਰਤ ਦੇ ਪਹਿਲੇ ਅਰਜਨ ਐਵਾਰਡੀ ਓਲੰਪੀਅਨ ਅਥਲੀਟ ਗੁਰਬਚਨ ਸਿੰਘ ਰੰਧਾਵਾ ਦੀ ਜੀਵਨੀ ਸ਼ਾਮਲ ਕੀਤੀ ਗਈ ਹੈ।