Longowal Case : 29 ਸਾਲ ਬਾਅਦ ਮਿਲਿਆ ਭੈਣ ਨੂੰ ਭਰਾ ਦੀ ਮੌਤ ਦਾ ਇਨਸਾਫ਼, HC ਨੇ ਸੇਵਾਮੁਕਤ SP ਸਮੇਤ 3 ਪੁਲਿਸ ਮੁਲਾਜ਼ਮਾਂ ਨੂੰ ਸੁਣਾਈ ਉਮਰ ਕੈਦ

Longowal Murder Case : ਹਾਈਕੋਰਟ ਨੇ 29 ਸਾਲ ਬਾਅਦ ਸੁਣਾਏ ਆਪਣੇ ਫੈਸਲੇ 'ਚ ਡੀਐਸਪੀ ਸਮੇਤ 3 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੱਸ ਦਈਏ ਕਿ ਗਮਦੂਰ ਸਿੰਘ ਦੀ ਭੈਣ ਕੁਲਦੀਪ ਕੌਰ ਆਪਣੇ ਭਰਾ ਦੀ ਮੌਤ ਦਾ ਇਨਸਾਫ਼ ਲੈਣ ਲਈ 29 ਸਾਲ ਤੋਂ ਕੇਸ ਲੜ ਰਹੀ ਸੀ, ਜਿਸ ਨੂੰ ਅੱਜ ਬੂਰ ਪੈ ਗਿਆ।

By  KRISHAN KUMAR SHARMA September 23rd 2024 02:21 PM -- Updated: September 23rd 2024 02:35 PM

Sangrur News : ਪੰਜਾਬ-ਹਰਿਆਣਾ ਨੇ ਸੰਗਰੂਰ ਜ਼ਿਲ੍ਹੇ ਦੇ ਲੌਂਗੋਵਾਲ ਵਾਸੀ ਗਮਦੂਰ ਸਿੰਘ ਦੀ ਮੌਤ ਦੇ ਮਾਮਲੇ 'ਚ 29 ਸਾਲ ਬਾਅਦ ਵੱਡਾ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ 29 ਸਾਲ ਬਾਅਦ ਸੁਣਾਏ ਆਪਣੇ ਫੈਸਲੇ 'ਚ ਤਤਕਾਲੀ ਡੀਐਸਪੀ (ਸੇਵਾਮੁਕਤ ਐਸ.ਪੀ.) ਸਮੇਤ 3 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੱਸ ਦਈਏ ਕਿ ਗਮਦੂਰ ਸਿੰਘ ਦੀ ਭੈਣ ਕੁਲਦੀਪ ਕੌਰ ਆਪਣੇ ਭਰਾ ਦੀ ਮੌਤ ਦਾ ਇਨਸਾਫ਼ ਲੈਣ ਲਈ 29 ਸਾਲ ਤੋਂ ਕੇਸ ਲੜ ਰਹੀ ਸੀ, ਜਿਸ ਨੂੰ ਅੱਜ ਬੂਰ ਪੈ ਗਿਆ।

ਇਸ ਸਬੰਧੀ ਮ੍ਰਿਤਕ ਗਮਦੂਰ ਸਿੰਘ ਦੇ ਜੀਜੇ ਅਤੇ ਕੁਲਦੀਪ ਕੌਰ ਦੇ ਪਤੀ ਕਰਮ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮਾਮਲਾ ਪਿੰਡ ਭਾਈ ਕੀ ਪਸ਼ੌਰ (ਸੰਗਰੂਰ) ਮੇਰੇ ਸਹੁਰਾ ਪਰਿਵਾਰ ਦਾ ਸੀ। ਉਨ੍ਹਾਂ ਨੇ ਦੱਸਿਆ ਕਿ ਉਸ ਦੇ ਸਾਲੇ ਗਮਦੂਰ ਸਿੰਘ ਨੂੰ 14 ਨਵੰਬਰ 1995 ਨੂੰ ਰੇਲਵੇ ਪੁਲਿਸ ਸੰਗਰੂਰ ਦੇ ਤਤਕਾਲੀ ਐਸਐਚਓ ਆਧਾਰਤ ਪੁਲਿਸ ਟੁਕੜੀ ਨੇ ਉਸ ਦੇ ਪਿੰਡ ਭਾਈ ਕੀ ਪਸ਼ੌਰ ਤੋਂ ਨੇੜਲੇ ਪਿੰਡ ਮੈਦੇਵਾਸ ਦੇ ਗੁਰਦੇਵ ਸਿੰਘ ਦੇ ਕਤਲ ਕੇਸ ਦੇ ਸ਼ੱਕ ਵਿੱਚ ਚੁੱਕ ਲਿਆ ਸੀ। ਉਪਰੰਤ ਉਸ ਨੂੰ ਰੇਲਵੇ ਥਾਣੇ ਲਿਜਾ ਕੇ ਉਸ 'ਤੇ 10 ਦਿਨ ਅੰਨਾ ਤਸ਼ੱਦਦ ਕੀਤਾ ਗਿਆ।

ਉਨ੍ਹਾਂ ਨੇ ਦੱਸਿਆ ਕਿ ਪੁਲਿਸ ਦੀ ਅੰਨੀ ਕੁੱਟ ਨੇ ਗਮਦੂਰ ਸਿੰਘ ਦੀ ਹਾਲਤ ਕਾਫੀ ਵਿਗਾੜ ਦਿੱਤੀ ਸੀ, ਜਿਸ ਪਿੱਛੋਂ ਪੁਲਿਸ ਨੇ ਕੁਲਦੀਪ ਕੌਰ ਅਤੇ ਕਰਮ ਸਿੰਘ ਬਰਾੜ ਤੋਂ ਖਾਲੀ ਕਾਗਜਾਂ ਉਪਰ ਅੰਗੂਠੇ ,ਦਸਤਖ਼ਤ ਕਰਵਾ ਕੇ ਗਮਦੂਰ ਸਿੰਘ ਨੂੰ 23 ਨਵੰਬਰ 1995 ਦੀ ਰਾਤ ਨੂੰ 11 ਵਜੇ ਦੇ ਕਰੀਬ ਨਾਜੁਕ ਹਾਲਤ ਵਿੱਚ ਉਨ੍ਹਾਂ ਹਵਾਲੇ ਕਰ ਦਿੱਤਾ। ਉਪਰੰਤ ਉਨ੍ਹਾਂ ਨੇ ਗਮਦੂਰ ਸਿੰਘ ਨੂੰ ਪੀਜੀਆਈ, ਚੰਡੀਗੜ੍ਹ ਦਾਖਲ ਕਰਵਾਇਆ। ਮੈਡੀਕਲ 'ਚ ਪਤਾ ਲੱਗਿਆ ਕਿ ਗਮਦੂਰ ਸਿੰਘ ਦੇ ਸਰੀਰ 'ਤੇ 18 ਜਖਮ ਸਨ ਅਤੇ ਚਾਰ ਪਸਲੀਆਂ ਟੁੱਟੀਆਂ ਹੋਈਆਂ ਸਨ, ਜਿਥੇ ਕਰੀਬ 15 ਦਿਨ ਬਾਅਦ ਗਮਦੂਰ ਸਿੰਘ ਦੀ 7 ਦਸੰਬਰ 1995 ਨੂੰ ਮੌਤ ਹੋ ਗਈ ਸੀ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਇਥੇ ਹੀ ਬਸ ਨਹੀਂ ਪੁਲਿਸ ਕੋਲ 8 ਦਸੰਬਰ 1995 ਨੂੰ ਬਿਆਨ ਦਰਜ ਕਰਵਾਉਣ ਦੇ ਬਾਵਜੂਦ ਵੀ ਐਫਆਈਆਰ ਤਿੰਨ ਮਹੀਨੇ ਬਾਅਦ 12 ਮਾਰਚ 1996 ਨੂੰ ਦਰਜ ਕੀਤੀ ਗਈ, ਜਿਸ ਵਿੱਚ ਡੀ.ਐਸ.ਪੀ. ਰਿਟਾਇਰ ਐਸ.ਪੀ. ਗੁਰਸੇਵਕ ਸਿੰਘ ਦੀਪ ਨਗਰ ਵਾਸੀ ਪਟਿਆਲਾ, ਐਸਐਚਓ ਹਰਭਜਨ ਸਿੰਘ, ਹੌਲਦਾਰ ਕਿਰਪਾਲ ਸਿੰਘ ਅਤੇ ਹੌਲਦਾਰ ਜਸਵੰਤ ਸਿੰਘ ਆਦਿ ਨੂੰ ਆਰੋਪੀ ਸ਼ਾਮਲ ਕੀਤਾ ਗਿਆ ਸੀ।

ਇਨ੍ਹਾਂ ਨੂੰ ਸੁਣਾਈ ਗਈ ਸਜ਼ਾ

ਕੇਸ ਦੌਰਾਨ ਤਤਕਾਲੀ ਡੀ.ਐਸ.ਪੀ. ਰਿਟਾਇਰ ਐਸ.ਪੀ. ਗੁਰਸੇਵਕ ਸਿੰਘ ਦੀਪ ਨਗਰ ਵਾਸੀ ਪਟਿਆਲਾ, ਥਾਣੇਦਾਰ ਹਰਭਜਨ ਸਿੰਘ ਵਾਸੀ ਪਿੰਡ ਬਤਾਲਾ (ਅੰਮ੍ਰਿਤਸਰ), ਕਿਰਪਾਲ ਸਿੰਘ ਹੌਲਦਾਰ ਵਾਸੀ ਪਿੰਡ ਜੈਤੋ ਸਰਜਾ (ਗੁਰਦਾਸਪੁਰ) ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾ ਕੇ ਤਿੰਨਾਂ ਨੂੰ ਜੇਲ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਦੇ ਹਨ।

ਜਾਣਕਾਰੀ ਅਨੁਸਾਰ ਚੌਥੇ ਮੁਲਜ਼ਮ ਹੌਲਦਾਰ ਜਸਵੰਤ ਸਿੰਘ ਪਿੰਡ ਬੀਰੇਵਾਲਾ (ਮਾਨਸਾ) ਜੋ ਕਿ ਅੱਜ ਕੱਲ ਕੈਨੇਡਾ 'ਚ ਹੈ, ਉਸ ਨੂੰ ਜੱਜ ਸੁਰੇਸ਼ਵਰ ਠਾਕੁਰ ਅਤੇ ਸੁਦੀਪਤੀ ਸ਼ਰਮਾ ਦੇ ਬੈਂਚ ਵੱਲੋਂ 20 ਨਵੰਬਰ 24 ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ।

Related Post