Punjabi language : ਪੰਜਾਬ ਸਰਕਾਰ ਸੂਬੇ ਦੇ ਹਰ ਸਕੂਲ ਚ ਮਾਂ ਬੋਲੀ ਪੰਜਾਬੀ ਦੀ ਪੜ੍ਹਾਈ ਯਕੀਨੀ ਬਣਾਵੇ : ਜਥੇਦਾਰ ਕੁਲਦੀਪ ਸਿੰਘ ਗੜਗਜ
Sri Akal Takht Sahib : ਜਥੇਦਾਰ ਗੜਗਜ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਇਹ ਲਾਜ਼ਮੀ ਹੋ ਜਾਂਦਾ ਹੈ ਕਿ ਪੰਜਾਬ ਦੇ ਹਰ ਸਕੂਲ ਵਿੱਚ ਨਰਸਰੀ ਜਮਾਤ ਤੋਂ ਹੀ ਪੰਜਾਬੀ ਭਾਸ਼ਾ ਪੜ੍ਹਾਈ ਜਾਵੇ। ਬਹੁਤੇ ਸਕੂਲ ਪਹਿਲੀ ਜਮਾਤ ਤੋਂ ਪੰਜਾਬੀ ਪੜ੍ਹਾਉਂਦੇ ਹਨ, ਜੋ ਕਿ ਬੱਚਿਆਂ ਨੂੰ ਮਾਂ ਬੋਲੀ ਤੋਂ ਦੂਰ ਰੱਖਣ ਦੇ ਬਰਾਬਰ ਹੈ।

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ (Jathedar Kuldeep Singh Gargaj) ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਤੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਮਾਂ ਬੋਲੀ ਦਾ ਇੱਕ ਵਿਅਕਤੀ ਦੇ ਜੀਵਨ ਵਿੱਚ ਓਹੀ ਮਹੱਤਵ ਹੈ, ਜਿਵੇਂ ਜਨਮ ਦੇਣ ਵਾਲੀ ਮਾਂ ਤੇ ਧਰਤੀ ਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮਾਂ ਬੋਲੀ ਜਾਗਦੀਆਂ ਕੌਮਾਂ ਦੀ ਜਿੰਦ ਜਾਨ ਹੁੰਦੀ ਹੈ, ਇਸ ਲਈ ਪੰਜਾਬੀ ਭਾਸ਼ਾ (Punjabi language) ਦੀ ਸੰਭਾਲ ਤੇ ਇਸ ਨੂੰ ਪ੍ਰਫੁੱਲਤ ਕਰਨਾ ਸਾਡਾ ਫਰਜ਼ ਹੈ।
ਉਨ੍ਹਾਂ ਕਿਹਾ ਕਿ ਹੋਲੇ ਮਹੱਲੇ ਮੌਕੇ ਸੰਬੋਧਨ ਦੌਰਾਨ ਪੰਜਾਬੀ ਭਾਸ਼ਾ ਨੂੰ ਜਿਹੜੀਆਂ ਚੁਣੌਤੀਆਂ ਦੀ ਗੱਲ ਉਨ੍ਹਾਂ ਨੇ ਕੀਤੀ ਸੀ ਅੱਜ ਉਹ ਸਹੀ ਸਾਬਤ ਹੋ ਰਿਹਾ ਹੈ। ਪੰਜਾਬ ਅੰਦਰ ਸਕੂਲਾਂ ਦੇ ਨਵੇਂ ਦਾਖ਼ਲੇ ਸ਼ੁਰੂ ਹੋ ਗਏ ਹਨ ਅਤੇ ਸੀਬੀਐੱਸਈ ਨਾਲ ਸਬੰਧਤ ਕਈ ਸਕੂਲਾਂ ਵਿੱਚੋਂ ਰਿਪੋਰਟਾਂ ਮਿਲ ਰਹੀਆਂ ਹਨ ਕਿ ਸਕੂਲ ਪ੍ਰਬੰਧਕਾਂ ਵੱਲੋਂ ਅੰਗਰੇਜ਼ੀ ਤੇ ਹਿੰਦੀ ਭਾਸ਼ਾਵਾਂ ਨੂੰ ਲਾਜ਼ਮੀ ਤੇ ਪੰਜਾਬੀ ਨੂੰ ਵਿਕਲਪ ਦੇ ਰੂਪ ਵਿੱਚ ਰੱਖਿਆ ਗਿਆ ਹੈ, ਜੋ ਕਿ ਬਰਦਾਸ਼ਤਯੋਗ ਨਹੀਂ। ਇਹ ਸਥਿਤੀ ਪੰਜਾਬੀ ਭਾਸ਼ਾ ਪ੍ਰਤੀ ਵਧ ਰਹੇ ਅਣਗਹਿਲੇ ਰਵੱਈਏ ਨੂੰ ਦਰਸਾਉਂਦੀ ਹੈ, ਜਦ ਕਿ ਸਰਕਾਰ ਵੱਲੋਂ ਪੰਜਾਬੀ ਨੂੰ ਲਾਗੂ ਕਰਵਾਉਣ ਦੇ ਦਾਅਵੇ ਕੁਝ ਹੋਰ ਹੀ ਕਹਿੰਦੇ ਹਨ।
ਜਥੇਦਾਰ ਗੜਗਜ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਇਹ ਲਾਜ਼ਮੀ ਹੋ ਜਾਂਦਾ ਹੈ ਕਿ ਪੰਜਾਬ ਦੇ ਹਰ ਸਕੂਲ ਵਿੱਚ ਨਰਸਰੀ ਜਮਾਤ ਤੋਂ ਹੀ ਪੰਜਾਬੀ ਭਾਸ਼ਾ ਪੜ੍ਹਾਈ ਜਾਵੇ। ਬਹੁਤੇ ਸਕੂਲ ਪਹਿਲੀ ਜਮਾਤ ਤੋਂ ਪੰਜਾਬੀ ਪੜ੍ਹਾਉਂਦੇ ਹਨ, ਜੋ ਕਿ ਬੱਚਿਆਂ ਨੂੰ ਮਾਂ ਬੋਲੀ ਤੋਂ ਦੂਰ ਰੱਖਣ ਦੇ ਬਰਾਬਰ ਹੈ। ਪੰਜਾਬ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸੂਬੇ ਦੇ ਹਰ ਸਕੂਲ ਵਿੱਚ ਨਰਸਰੀ ਜਮਾਤ ਤੋਂ ਹੀ ਪੰਜਾਬੀ ਦੀ ਪੜ੍ਹਾਈ ਲਾਜ਼ਮੀ ਹੋਵੇ, ਭਾਵੇਂ ਸਕੂਲ ਕਿਸੇ ਵੀ ਬੋਰਡ ਨਾਲ ਸਬੰਧਤ ਹੋਣ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿਰਫ਼ ਸਰਕਾਰ ਹੀ ਨਹੀਂ, ਮਾਪਿਆਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਮੁੱਢ ਤੋਂ ਹੀ ਪੰਜਾਬੀ ਪੜ੍ਹਣ ਲਈ ਉਤਸ਼ਾਹਤ ਕਰਨ। ਬਹੁਤ ਸਾਰੇ ਮਾਪੇ ਇਹ ਸਮਝਦੇ ਹਨ ਕਿ ਅੰਗਰੇਜ਼ੀ ਦੀ ਮੁੱਢਲੀ ਸਿੱਖਿਆ ਨਾਲ ਬੱਚਾ ਇਸ ਭਾਸ਼ਾ ਵਿੱਚ ਹੋਣਹਾਰ ਬਣੇਗਾ, ਪਰ ਵਿਗਿਆਨਕ ਪੱਖੋਂ ਇਹ ਸਾਬਤ ਹੋ ਚੁੱਕਿਆ ਹੈ ਕਿ ਜਦ ਤੱਕ ਬੱਚੇ ਨੂੰ ਆਪਣੀ ਮਾਂ ਬੋਲੀ ਵਿੱਚ ਪੂਰੀ ਪਕੜ ਨਹੀਂ ਹੁੰਦੀ, ਉਹ ਕਿਸੇ ਹੋਰ ਭਾਸ਼ਾ ਵਿੱਚ ਵੀ ਨਿਪੁੰਨ ਨਹੀਂ ਹੋ ਸਕਦਾ।
ਉਨ੍ਹਾਂ ਕਿਹਾ ਕਿ ਬਾਕੀ ਭਾਸ਼ਾਵਾਂ ਦਾ ਗਿਆਨ ਹੋਣਾ ਚੰਗੀ ਗੱਲ ਹੈ ਪਰੰਤੂ ਪੰਜਾਬ ਅੰਦਰ ਬੱਚੇ ਦੀ ਸਿੱਖਿਆ ਸ਼ੁਰੂ ਹੁੰਦੇ ਹੀ ਪੰਜਾਬੀ ਪੜ੍ਹਾਉਣ ਨੂੰ ਪਹਿਲ ਹੋਣੀ ਚਾਹੀਦੀ ਹੈ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਸਵਾਲ ਕਰਦਿਆਂ ਕਿਹਾ ਕਿ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਗੁਰਮੁਖੀ ਵਿੱਚ ਹੈ ਅਤੇ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਗੁਰਮੁਖੀ ਪੰਜਾਬੀ ਨਹੀਂ ਪੜ੍ਹਾਉਂਦੇ ਤਾਂ ਉਹ ਗੁਰਬਾਣੀ ਨਾਲ ਕਿਵੇਂ ਜੁੜਣਗੇ।
ਜਥੇਦਾਰ ਗੜਗੱਜ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਦੀ ਸੁਰੱਖਿਆ ਲਈ ਹਰ ਪੰਜਾਬੀ ਨੂੰ ਅੱਗੇ ਆਉਣਾ ਚਾਹੀਦਾ ਹੈ। ਪੰਜਾਬੀ ਭਾਸ਼ਾ ਦੇ ਸਾਰੇ ਕਾਰਕੁੰਨ ਇਸ ਨੂੰ ਆਪਣਾ ਸੰਕਲਪ ਬਣਾਉਣ ਅਤੇ ਆਪਣੇ ਇਲਾਕਿਆਂ ਵਿੱਚ ਜਾ ਕੇ ਦੇਖਣ ਕਿ ਕਿਹੜੇ ਸਕੂਲ ਨਰਸਰੀ ਤੋਂ ਪੰਜਾਬੀ ਨਹੀਂ ਪੜ੍ਹਾ ਰਹੇ। ਅਜਿਹੇ ਸਕੂਲਾਂ ਦੀ ਸੂਚੀ ਤਿਆਰ ਕਰਕੇ, ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਰੱਖਿਆ ਜਾਵੇ, ਤਾਂ ਜੋ ਅੱਗੇ ਦੀ ਕਾਰਵਾਈ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬੀ ਦੀ ਹੋਂਦ ’ਤੇ ਹੋ ਰਹੇ ਹਮਲਿਆਂ ਦੇ ਖਿਲਾਫ਼, ਹਰ ਪੰਜਾਬੀ ਧੀ-ਪੁੱਤਰ ਨੂੰ ਡਟ ਕੇ ਖੜ੍ਹਨ ਦੀ ਲੋੜ ਹੈ।