'ਪੰਜਾਬ ਸਰਕਾਰ ਨੇ ਸਰਕਾਰੀ ਐਂਬੂਲੈਂਸਾਂ ਦੇ 'ਭਾਰਤ ਵਿਕਾਸ ਸੰਕਲਪ' ਯਾਤਰਾ 'ਚ ਸ਼ਾਮਲ ਹੋਣ 'ਤੇ ਲਾਈ ਰੋਕ'

By  KRISHAN KUMAR SHARMA January 11th 2024 05:21 PM

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਸਰਕਾਰ (AAP) ਵੱਲੋਂ ਕੇਂਦਰ ਦੀ ਭਾਰਤ ਵਿਕਾਸ ਸੰਕਲਪ ਯਾਤਰਾ (Bharat Vikas Sankalp Yatra) ਤੋਂ ਸਮਰਥਨ ਵਾਪਸ ਲੈਣ ਤੋਂ ਬਾਅਦ ਸਿਆਸਤ ਭਖ ਗਈ ਹੈ। ਬੀਤੇ ਦਿਨ ਭਾਜਪਾ ਵੱਲੋਂ ਪੰਜਾਬ ਸਰਕਾਰ ਦੇ ਫੈਸਲੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਇਸ ਨੂੰ ਆਪ ਸਰਕਾਰ ਦੇ ਕੇਂਦਰ ਨਾਲ ਟਕਰਾਅ ਦੀ ਸੋਚ ਦੱਸਦਿਆਂ ਪੰਜਾਬ ਦੇ ਹਿੱਤਾਂ ਲਈ ਨੁਕਸਾਨਦੇਹ ਦੱਸਿਆ ਸੀ। ਪਰ ਹੁਣ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਖੁਦ ਮੰਨਿਆ ਹੈ ਕਿ ਪੰਜਾਬ ਸਰਕਾਰ ਨੇ ਹੀ ਸਰਕਾਰੀ ਐਂਬੂਲੈਂਸਾਂ ਨੂੰ ਜਾਣ ਤੋਂ ਰੋਕਿਆ ਹੈ।

ਪੰਜਾਬ ਸਰਕਾਰ ਨੇ ਇਸ ਕਾਰਨ ਰੋਕੀਆਂ ਐਂਬੂਲੈਂਸਾਂ

ਸਿਹਤ ਮੰਤਰੀ ਬਲਬੀਰ ਸਿੰਘ ਨੇ ਮੰਨਿਆ ਹੈ ਕਿ ਸਰਕਾਰੀ ਐਂਬੂਲੈਂਸਾਂ ਨੂੰ ਸਰਕਾਰ ਵੱਲੋਂ 'ਭਾਰਤ ਵਿਕਾਸ ਸੰਕਲਪ ਯਾਤਰਾ' 'ਚ ਜਾਣ ਤੋਂ ਰੋਕ ਦਿੱਤਾ ਗਿਆ ਹੈ, ਜਿਸ ਦਾ ਕਾਰਨ ਉਨ੍ਹਾਂ ਕਿਹਾ ਹੈ ਕਿ ਅੱਤ ਦੀ ਠੰਢ ਕਾਰਨ ਇਨ੍ਹਾਂ ਐਂਬੂਲੈਂਸਾਂ ਦੀ ਹਸਪਤਾਲਾਂ 'ਚ ਜ਼ਿਆਦਾ ਲੋੜ ਹੈ ਅਤੇ ਜਲਦ ਹੀ ਇਨ੍ਹਾਂ ਨੂੰ ਦੁਬਾਰਾ ਵਰਤਿਆ ਜਾਵੇਗਾ। ਉਨ੍ਹਾਂ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਸਿਆਸਤ ਤੋਂ ਪ੍ਰੇਰਿਤ ਬਿਆਨ ਨੂੰ ਗਲਤ ਕਰਾਰ ਦਿੱਤਾ।

ਇਸਤੋਂ ਪਹਿਲਾਂ ਕਪੂਰਥਲਾ ਸਿਵਲ ਹਸਪਤਾਲ 'ਚ ਆਪਣੇ ਫੇਰੀ ਦੌਰਾਨ ਸਿਹਤ ਮੰਤਰੀ ਨੇ ਕਿਹਾ ਹੈ ਕਿ ਕਪੂਰਥਲਾ ਵਿੱਚ ਬਣਨ ਵਾਲੇ ਮੈਡੀਕਲ ਕਾਲਜ ਦਾ ਕੰਮ ਜਲਦੀ ਸ਼ੁਰੂ ਹੋ ਜਾਵੇਗਾ ਅਤੇ ਇਸ ਲਈ ਟੈਂਡਰ ਪ੍ਰਕਿਰਿਆ ਚੱਲ ਰਹੀ ਹੈ। ਸਿਹਤ ਮੰਤਰੀ ਇੱਕ ਐਨ.ਜੀ.ਓ ਵੱਲੋਂ ਔਰਤਾਂ ਵਿੱਚ ਨਸ਼ਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਸਬੰਧੀ ਕਰਵਾਏ ਸੈਮੀਨਾਰ ਵਿੱਚ ਸ਼ਿਰਕਤ ਕਰਨ ਆਏ ਸਨ।

ਦੱਸ ਦਈਏ ਕਿ ਦਿੱਲੀ ਦੇ ਆਕਾਵਾਂ ਦੇ ਦਬਾਅ ਹੇਠ ਲਏ ਇਸ ਫੈਸਲੇ ਨੂੰ ਕਾਹਲੀ ਵਿਚ ਲਿਆ ਫੈਸਲਾ ਕਰਾਰ ਦਿੰਦਿਆਂ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਸੀ ਕਿ ਉਹ ਇਸ ਤਰਕਹੀਣ ਕਦਮ ਦੇ ਕਾਰਨਾਂ ਬਾਰੇ ਸਫਾਈ ਦੇਣ। ਸੀਨੀਅਰ ਭਾਜਪਾ ਆਗੂ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਪੱਤਰ ਵਿੱਚ ਵਾਪਸੀ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ।

Related Post