ਲੁਧਿਆਣਾ 'ਚ ਬਣਿਆ ਪੰਜਾਬ ਦਾ ਪਹਿਲਾ Dog Park

By  Jasmeet Singh September 4th 2023 12:53 PM

ਲੁਧਿਆਣਾ: ਕੁੱਤਿਆਂ ਦੇ ਸ਼ੌਕੀਨ ਸ਼ਹਿਰ ਦੇ ਵਸਨੀਕਾਂ ਲਈ ਖੁਸ਼ਖਬਰੀ ਹੈ ਕਿ ਬੀ.ਆਈ.ਐਸ. ਨਗਰ ਵਿੱਚ ਪੰਜਾਬ ਦਾ ਪਹਿਲਾ ਡੌਗ ਪਾਰਕ (Dog Park) ਤਿਆਰ ਹੈ। ਡੇਢ ਏਕੜ ਵਿੱਚ ਬਣੇ ਇਸ ਪਾਰਕ ਦਾ ਉਦਘਾਟਨ ਸੋਮਵਾਰ ਸ਼ਾਮ ਨੂੰ ਕੀਤਾ ਜਾਵੇਗਾ। ਇਹ ਸੂਬੇ ਦਾ ਪਹਿਲਾ ਪਾਰਕ ਹੋਵੇਗਾ ਜਿੱਥੇ ਲੋਕ ਆਪਣੇ ਪਾਲਤੂ ਕੁੱਤਿਆਂ ਨੂੰ ਲਿਆ ਕੇ ਨਾ ਸਿਰਫ਼ ਘੁੰਮ ਸਕਦੇ ਨੇ, ਸਗੋਂ ਆਪਣੇ ਪੈੱਟ ਨਾਲ 15 ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ (Games) ਵਿੱਚ ਵੀ ਸ਼ਾਮਲ ਹੋ ਸਕਦੇ ਹਨ।

ਸਰਕਾਰੀ ਨਹੀਂ ਨਿੱਜੀ ਪਾਰਕ
ਇਹ ਡੌਗ ਪਾਰਕ ਭਾਈ ਰਣਧੀਰ ਸਿੰਘ ਨਗਰ 'ਚ ਕਰੀਬ ਡੇਢ ਏਕੜ 'ਤੇ ਡੌਗ ਪਾਰਕ ਤਿਆਰ ਕੀਤਾ ਗਿਆ ਹੈ। ਕਾਬਲੇਗੌਰ ਹੈ ਕਿ ਇਸ ਪਾਰਕ ’ਤੇ ਨਿਗਮ ਵੱਲੋਂ ਇੱਕ ਪੈਸਾ ਵੀ ਖਰਚ ਨਹੀਂ ਕੀਤਾ ਗਿਆ ਸਗੋਂ ਇਹ ਪਾਰਕ ਹੈਦਰਾਬਾਦ ਦੀ ਡਾਕਟਰ ਡਾਗ ਹਸਪਤਾਲ ਕੰਪਨੀ ਦੁਆਰਾ ਚਲਾਇਆ ਜਾਵੇਗਾ।

ਸਵਿੰਗ ਤੋਂ ਲੈ ਕੇ ਕਈ ਤਰ੍ਹਾਂ ਦੀਆਂ ਖੇਡਾਂ 
ਕੰਪਨੀ ਨੇ ਪਾਰਕ ਵਿੱਚ ਕੁੱਤਿਆਂ ਲਈ ਵੱਖ-ਵੱਖ ਤਰ੍ਹਾਂ ਦੀਆਂ 15 ਖੇਡਾਂ ਦਾ ਪ੍ਰਬੰਧ ਕੀਤਾ ਹੈ। ਇਸ ਵਿੱਚ ਝੂਲੇ ਅਤੇ ਹੋਰ ਕਈ ਤਰ੍ਹਾਂ ਦੀਆਂ ਖੇਡਾਂ ਸ਼ਾਮਲ ਹਨ। ਇਸ ਵਿੱਚ ਸਵੀਮਿੰਗ ਪੂਲ ਦੀ ਸਹੂਲਤ ਵੀ ਰੱਖੀ ਗਈ ਹੈ। ਕੁੱਤੇ ਪ੍ਰੇਮੀਆਂ ਲਈ ਆਪਣੇ ਪਾਲਤੂ ਕੁੱਤਿਆਂ ਲਈ ਸਮਾਨ ਖਰੀਦਣ ਲਈ ਪੈੱਟ ਕੈਫੇ ਵੀ ਖੋਲ੍ਹਿਆ ਗਿਆ ਹੈ। ਕੁੱਤਿਆਂ ਦੇ ਖਾਣ-ਪੀਣ ਤੋਂ ਲੈ ਕੇ ਉਨ੍ਹਾਂ ਨਾਲ ਸਬੰਧਤ ਹੋਰ ਚੀਜ਼ਾਂ ਇੱਥੇ ਉਪਲਬਧ ਹੋਣਗੀਆਂ। ਇਸ ਦੇ ਨਾਲ ਹੀ ਕੁੱਤਿਆਂ ਨੂੰ ਨਾਲ ਲੈ ਕੇ ਆਉਣ ਵਾਲੇ ਲੋਕਾਂ ਲਈ ਇੱਥੇ ਖਾਣ-ਪੀਣ ਦੀ ਵੀ ਸਹੂਲਤ ਹੋਵੇਗੀ।

ਜਨਮ ਦਿਨ ਵੀ ਮਨਾਇਆ ਜਾ ਸਕਦਾ
ਪਾਰਕ ਵਿੱਚ ਲੋਕ ਕੁੱਤਿਆਂ ਦਾ ਜਨਮ ਦਿਨ ਵੀ ਮਨਾ ਸਕਦੇ ਹਨ। ਆਪਣੇ ਕੁੱਤੇ ਨੂੰ ਦਿਨ ਭਰ ਇਸ ਪਾਰਕ ਵਿੱਚ ਘੁੰਮਾਉਣ ਲਈ 40 ਰੁਪਏ ਦੀ ਫੀਸ ਅਦਾ ਕਰਨੀ ਹੋਵੇਗੀ। ਆਉਣ ਵਾਲੇ ਦਿਨਾਂ ਵਿੱਚ ਇਸ ਪਾਰਕ ਵਿੱਚ ਕੁੱਤਿਆਂ ਦੇ ਕਲੀਨਿਕ ਦੀ ਸਹੂਲਤ ਵੀ ਉਪਲਬਧ ਕਰਵਾਉਣ ਦੀ ਗੱਲ ਆਖੀ ਜਾ ਰਹੀ ਹੈ। ਆਮ ਲੋਕਾਂ ਲਈ ਲੁਧਿਆਣਾ ਵਿੱਚ ਅਨੇਕਾਂ ਹੀ ਪਾਰਕ ਹਨ ਪਰ ਇੱਥੇ ਲੋਕ ਅਕਸਰ ਪਾਲਤੂ ਕੁੱਤਿਆਂ ਨੂੰ ਸੈਰ ਕਰਨ ਦੇ ਬਹਾਨੇ ਚੋਰੀ-ਛਿਪੇ ਲੈ ਆਉਂਦੇ ਨੇ, ਜੋ ਅਕਸਰ ਵਿਵਾਦਾਂ ਦਾ ਕਾਰਨ ਬਣ ਜਾਂਦਾ ਹੈ। ਇਸੇ ਕਾਰਨ ਸ਼ਹਿਰ ਵਿੱਚ ਡੌਗ ਪਾਰਕ ਬਣਾਉਣ ਦੀ ਯੋਜਨਾ ਦੋ ਸਾਲ ਪਹਿਲਾਂ ਸ਼ੁਰੂ ਹੋਈ ਸੀ ਤਾਂ ਜੋ ਲੋਕ ਆਪਣੇ ਕੁੱਤਿਆਂ ਨੂੰ ਸੈਰ ਕਰਨ ਲਈ ਪਾਰਕ ਦੀ ਵਰਤੋਂ ਕਰ ਸਕਣ। 

ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੇ ਜੇਲ੍ਹ ਚੋਂ ਚਲਾਏ ਜਾ ਰਹੇ ਡਰੱਗ ਕਾਰਟਲ ਦਾ ਕੀਤਾ ਪਰਦਾਫਾਸ਼; 15 ਕਿਲੋ ਹੈਰੋਇਨ, 7 ਲੱਖ ਰੁਪਏ ਦੀ ਡਰੱਗ ਮਨੀ ਸਮੇਤ 7 ਕਾਬੂ

Related Post