Punjab Farmer: ਪੰਜਾਬ 'ਚ ਕਿਸਾਨਾਂ ਨੇ 4 ਘੰਟੇ ਹਾਈਵੇਅ ਕੀਤਾ ਜਾਮ, ਝੋਨੇ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਹੀ AAP ਸਰਕਾਰ

Punjab Farmer Protest: ਪੰਜਾਬ ਵਿੱਚ ਝੋਨੇ ਦੀ ਸੁਸਤ ਖਰੀਦ ਦੇ ਵਿਰੋਧ ਵਿੱਚ ਅੱਜ ਐਸਕੇਐਮ ਦੇ ਆਗੂ ਮੁੱਖ ਸੜਕਾਂ ਜਾਮ ਕਰਨਗੇ। ਕਿਸਾਨ ਜਥੇਬੰਦੀ ਦਾ ਕਹਿਣਾ ਹੈ ਕਿ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਝੋਨੇ ਦੀ ਖਰੀਦ ਦੇ ਕੰਮ ਵਿੱਚ ਕੋਈ ਸੁਧਾਰ ਨਹੀਂ ਹੋਇਆ।

By  Amritpal Singh October 25th 2024 09:21 AM -- Updated: October 25th 2024 03:21 PM

Punjab Farmer Protest: ਪੰਜਾਬ ਵਿੱਚ ਝੋਨੇ ਦੀ ਸੁਸਤ ਖਰੀਦ ਦੇ ਵਿਰੋਧ ਵਿੱਚ ਅੱਜ ਐਸਕੇਐਮ ਦੇ ਆਗੂ ਮੁੱਖ ਸੜਕਾਂ ਜਾਮ ਕਰਨਗੇ। ਕਿਸਾਨ ਜਥੇਬੰਦੀ ਦਾ ਕਹਿਣਾ ਹੈ ਕਿ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਝੋਨੇ ਦੀ ਖਰੀਦ ਦੇ ਕੰਮ ਵਿੱਚ ਕੋਈ ਸੁਧਾਰ ਨਹੀਂ ਹੋਇਆ। ਕਿਸਾਨ ਅੱਜ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ 4 ਘੰਟੇ ਲਈ ਸੂਬੇ ਭਰ ਦੀਆਂ ਮੰਡੀਆਂ ਦੇ ਆਲੇ-ਦੁਆਲੇ ਮੁੱਖ ਸੜਕਾਂ ਜਾਮ ਕਰਨਗੇ।

ਐਸਕੇਐਮ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਕੱਲ੍ਹ ਕਿਹਾ ਸੀ ਕਿ ਸੜਕਾਂ ਜਾਮ ਕਰਨ ਦਾ ਫੈਸਲਾ 19 ਅਕਤੂਬਰ ਨੂੰ ਹੀ ਲਿਆ ਗਿਆ ਹੈ। ਇਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਸੂਬਾ ਸਰਕਾਰ 4 ਦਿਨਾਂ ਵਿੱਚ ਝੋਨੇ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਹੀ ਤਾਂ ਵੱਡਾ ਫੈਸਲਾ ਲਿਆ ਜਾਵੇਗਾ। ਸਰਕਾਰ ਕੰਮ ਕਰਨ ਵਿੱਚ ਅਸਫਲ ਰਹੀ ਹੈ।

29 ਅਕਤੂਬਰ ਨੂੰ ਡੀਸੀ ਦਫ਼ਤਰਾਂ ਦਾ ਘਿਰਾਓ ਕਰਨ ਦੀ ਤਿਆਰੀ

ਰਮਿੰਦਰ ਪਟਿਆਲਾ ਨੇ ਕਿਹਾ ਕਿ ਜੇਕਰ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ 29 ਅਕਤੂਬਰ ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਸੂਬੇ ਦੇ ਸਮੂਹ ਡੀਸੀ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਅਤੇ ਅਧਿਕਾਰੀਆਂ ਵੱਲੋਂ ਅਨਾਜ ਮੰਡੀਆਂ ਦਾ ਦੌਰਾ ਕਰਨ 'ਤੇ ਕਾਲੇ ਝੰਡੇ ਦਿਖਾਏ ਜਾਣਗੇ।

ਐਸਕੇਐਮ ਤੋਂ ਇਲਾਵਾ ਹੋਰ ਜਥੇਬੰਦੀਆਂ ਵੀ ਝੋਨੇ ਦੀ ਖਰੀਦ ਨੂੰ ਲੈ ਕੇ ਸਰਕਾਰ ਦੇ ਖਿਲਾਫ ਹੋ ਗਈਆਂ ਹਨ। ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਐਲਾਨ ਕੀਤਾ ਹੈ ਕਿ 26 ਅਕਤੂਬਰ ਨੂੰ ਮਾਝਾ-ਮਾਲਵਾ-ਦੁਆਬਾ ਖੇਤਰ ਵਿੱਚ ਹਾਈਵੇਅ ਜਾਮ ਕੀਤਾ ਜਾਵੇਗਾ।

ਇਹ ਅੰਦੋਲਨ 26 ਅਕਤੂਬਰ ਨੂੰ ਦੁਪਹਿਰ 1 ਵਜੇ ਸ਼ੁਰੂ ਹੋਵੇਗਾ ਅਤੇ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ। ਮੰਗਾਂ ਨਾ ਮੰਨੇ ਜਾਣ ਤੱਕ ਅੰਦੋਲਨ ਜਾਰੀ ਰਹੇਗਾ। ਇਹ ਅੰਦੋਲਨ ਪਰਾਲੀ ਨੂੰ ਸਾੜਨ, ਝੋਨੇ ਦੀ ਸੁਸਤ ਖਰੀਦ ਅਤੇ ਡੀ.ਏ.ਪੀ. ਲਈ ਦਰਜ ਐਫ.ਆਈ.ਆਰ ਦੇ ਮੁੱਦੇ 'ਤੇ ਹੋਵੇਗਾ।

ਚੱਕਾ ਜਾਮ ਸਬੰਧੀ ਕੁੱਝ ਜ਼ਰੂਰੀ ਹਦਾਇਤਾਂ

ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਚੱਕਾ ਜਾਮ ਸਬੰਧੀ ਕੁੱਝ ਜ਼ਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ, ਤਾਂ ਜੋ ਆਉਣ-ਜਾਣ ਵਾਲਿਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਸੰਯੁਕਤ ਕਿਸਾਨ ਮੋਰਚਾ ਦੀਆਂ ਕਿਸਾਨ ਜਥੇਬੰਦੀਆਂ ਨੂੰ ਇਸ ਸਬੰਧੀ ਕੁੱਝ ਮਹੱਤਵਪੂਰਨ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।

ਜਾਮ ਦੌਰਾਨ ਵੱਧ ਤੋਂ ਵੱਧ ਗਿਣਤੀ ਵਿੱਚ ਲਾਮਬੰਦੀ ਯਕੀਨੀ ਬਣਾਈ ਜਾਵੇ। ਵੱਡੀ ਗਿਣਤੀ ਵਿੱਚ ਲਾਮਬੰਦੀ ਮਸਲੇ ਦੇ ਹੱਲ ਦਾ ਗੁਰਮੰਤਰ ਹੈ। ਚੱਕਾ ਜਾਮ ਲਈ ਮੰਡੀਆਂ ਨੇੜਲੇ ਕੌਮੀ ਅਤੇ ਰਾਜ ਮਾਰਗ ਚੁਣੇ ਜਾਣ ਤਾਂ ਬਿਹਤਰ ਹੋਵੇਗਾ।

ਚੱਕਾ ਜਾਮ ਦੌਰਾਨ ਤਹੱਮਲ ਅਤੇ ਧੀਰਜ ਨੂੰ ਬਰਕਰਾਰ ਰੱਖਿਆ ਜਾਵੇ। 

ਆਮ ਲੋਕਾਂ ਨੂੰ ਆਉਣ ਵਾਲੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਉਨ੍ਹਾਂ ਨਾਲ ਹਮਦਰਦੀ ਪੂਰਨ ਵਿਵਹਾਰ ਕੀਤਾ ਜਾਵੇ। ਦਿੱਲੀ ਮੋਰਚੇ ਦੀ ਸਫਲਤਾ ਦਾ ਸਬਕ 'ਸ਼ਾਂਤਮਈ ਅਤੇ ਦ੍ਰਿੜ੍ਹ ਸੰਘਰਸ਼'  ਨੂੰ ਯਾਦ ਰੱਖਿਆ ਜਾਵੇ।

ਬਰਾਤ, ਮਰਗਤ/ਸ਼ੋਕ, ਮਰੀਜ਼ਾਂ,ਹਵਾਈ ਉਡਾਣ ਲਈ ਜਾਣ ਵਾਲੇ ਵਾਹਨਾਂ ਅਤੇ ਐਂਬੂਲੈਂਸ ਨੂੰ ਜਾਮ ਦੌਰਾਨ ਲਾਂਘਾ ਦੇਣ ਦੀ ਪੁਰਾਣੀ ਅਸੂਲੀ ਨੀਤੀ ਦੀ ਪਾਲਣਾ ਯਕੀਨੀ ਬਣਾਈ ਜਾਵੇ।

ਉਪਰੋਕਤ ਤੋਂ ਇਲਾਵਾ ਕਿਸੇ ਸਥਾਨ ਤੇ ਚੱਕਾ ਜਾਮ ਦੌਰਾਨ ਛੋਟ ਦੇ ਰੂਪ ਵਿੱਚ ਕਿਸੇ ਨੂੰ ਲਾਂਘਾ ਦੇਣ ਦਾ ਫੈਸਲਾ ਸਥਾਨਕ ਜਾਮ ਵਿੱਚ ਸ਼ਾਮਲ ਜੱਥੇਬੰਦੀਆਂ ਦੀ ਲੀਡਰਸ਼ਿਪ ਮੌਕੇ ਦੇ ਹਾਲਤਾਂ ਮੁਤਾਬਕ ਸਰਬਸੰਮਤੀ ਦੇ ਅਧਾਰ ਤੇ ਲੈ ਸਕਦੀ ਹੈ।

ਬਰਨਾਲਾ 'ਚ 5 ਮੁੱਖ ਥਾਵਾਂ 'ਤੇ ਰੋਸ ਪ੍ਰਦਰਸ਼ਨ

ਅੱਜ ਬਰਨਾਲਾ ਵਿੱਚ ਕਿਸਾਨਾਂ ਨੇ ਮਹਿਲ ਕਲਾਂ ਦੀ ਦਾਣਾ ਮੰਡੀ ਦੇ ਸਾਹਮਣੇ ਬਰਨਾਲਾ-ਲੁਧਿਆਣਾ ਰੋਡ, ਪਿੰਡ ਬਡਬਰ ਦਾਣਾ ਮੰਡੀ ਦੇ ਸਾਹਮਣੇ ਬਠਿੰਡਾ-ਚੰਡੀਗੜ੍ਹ ਰੋਡ, ਪਿੰਡ ਰੂੜੇਕੇ ਕਲਾਂ ਦੀ ਦਾਣਾ ਮੰਡੀ ਵਿੱਚ ਮਾਨਸਾ ਰੋਡ ਅਤੇ ਭਦੌੜ ਕਿੰਨੀ ਚੌਕ ਵਿੱਚ ਫਰੀਦਕੋਟ ਬਰਨਾਲਾ ਰੋਡ ਜਾਮ ਕੀਤਾ ਜਾਣਾ ਹੈ ।

ਇਸ ਤੋਂ ਇਲਾਵਾ ਬੀਕੇਯੂ ਉਗਰਾਹਾਂ ਡੀ-ਮਾਰਟ ਬਰਨਾਲਾ ਅੱਗੇ ਵੀ ਰੋਸ ਪ੍ਰਦਰਸ਼ਨ ਕਰੇਗੀ। ਉਕਤ ਕਿਸਾਨ ਜਥੇਬੰਦੀ ਵੱਲੋਂ ਸੰਸਦ ਮੈਂਬਰ ਮੀਤ ਹੇਅਰ ਦੇ ਘਰ ਮੱਲ੍ਹੀਆਂ ਅਤੇ ਬਡਬਰ ਟੋਲ ਪਲਾਜ਼ਾ ’ਤੇ ਪਹਿਲਾਂ ਹੀ ਧਰਨੇ ਦਿੱਤੇ ਜਾ ਰਹੇ ਹਨ।


Related Post