Punjab Cabinet Reshuffle : ਜਾਣੋ ਕੌਣ ਹਨ ਉਹ 5 ਚਿਹਰੇ ਜੋ ਮਾਨ ਕੈਬਨਿਟ 'ਚ ਹੋਏ ਸ਼ਾਮਲ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਿੱਚ ਢਾਈ ਸਾਲਾਂ ਵਿੱਚ ਤੀਜੀ ਵਾਰ ਮੰਤਰੀ ਮੰਡਲ ਵਿੱਚ ਫੇਰਬਦਲ ਕੀਤਾ ਹੈ ਤੇ 5 ਨਵੇਂ ਚਿਹਰਿਆਂ ਨੂੰ ਕੈਬਨਿਟ ਵਿੱਚ ਥਾਂ ਦਿੱਤੀ ਗਈ ਹੈ। ਆਓ ਇਹਨਾਂ ਬਾਰੇ ਜਾਣਦੇ ਹਾਂ...

By  Dhalwinder Sandhu September 23rd 2024 05:53 PM

Punjab Cabinet Reshuffle : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਿੱਚ ਢਾਈ ਸਾਲਾਂ ਵਿੱਚ ਤੀਜੀ ਵਾਰ ਮੰਤਰੀ ਮੰਡਲ ਵਿੱਚ ਫੇਰਬਦਲ ਕੀਤਾ ਗਿਆ ਹੈ ਤੇ ਹੁਣ 5 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ 4 ਮੰਤਰੀਆਂ ਦੀ ਕੈਬਨਿਟ ਬਰਖਾਸਤ ਕਰ ਦਿੱਤੀ ਗਈ ਸੀ। ਨਵੇਂ ਚਿਹਰਿਆਂ ਵਿੱਚ ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ, ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ, ਸ਼ਾਮ ਚੁਰਾਸੀ ਤੋਂ ਵਿਧਾਇਕ ਡਾ. ਰਵਜੋਤ ਸਿੰਘ, ਜਲੰਧਰ ਪੱਛਮੀ ਤੋਂ ਮੋਹਿੰਦਰ ਭਗਤ ਅਤੇ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਸ਼ਾਮਲ ਹਨ। ਆਓ ਇਹਨਾਂ ਬਾਰੇ ਜਾਣਦੇ ਹਾਂ...

ਮੋਹਿੰਦਰ ਭਗਤ

ਮੋਹਿੰਦਰ ਭਗਤ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦੇ ਪੁੱਤਰ ਹਨ। ਭਗਤ ਚੁੰਨੀ ਭਾਜਪਾ ਦੇ ਸੀਨੀਅਰ ਆਗੂ ਰਹੇ ਹਨ। 10ਵੀਂ ਪਾਸ ਮੋਹਿੰਦਰ ਭਗਤ ਬਚਪਨ ਤੋਂ ਹੀ ਆਰਐਸਐਸ ਨਾਲ ਜੁੜੇ ਹੋਏ ਸਨ ਅਤੇ 1997 ਤੋਂ 1999 ਤੱਕ ਭਾਰਤੀ ਜਨਤਾ ਪਾਰਟੀ ਐਸਸੀ ਮੋਰਚਾ ਦੇ ਜਨਰਲ ਸਕੱਤਰ ਵੀ ਰਹੇ ਹਨ ਅਤੇ ਪੇਸ਼ੇ ਤੋਂ ਖੇਡਾਂ ਦਾ ਸਾਮਾਨ ਬਣਾਉਣ ਵਾਲੇ ਹਨ। ਇਸ ਤੋਂ ਇਲਾਵਾ ਉਹ 1997 ਤੋਂ 2023 ਤੱਕ ਭਾਰਤੀ ਜਨਤਾ ਪਾਰਟੀ 'ਚ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰਦੇ ਰਹੇ ਹਨ।

ਅਪ੍ਰੈਲ 2023 ਵਿੱਚ, ਉਸਨੇ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ 2024 ਵਿੱਚ, ਉਹ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਉਪ ਚੋਣ ਜਿੱਤ ਗਏ ਅਤੇ ਵਿਧਾਇਕ ਚੁਣੇ ਗਏ। ਜਲੰਧਰ ਪੱਛਮੀ ਸੀਟ ਆਮ ਆਦਮੀ ਪਾਰਟੀ ਦੀ ਵਿਧਾਇਕ ਸ਼ੀਤਲ ਅੰਗੁਰਾਲ ਦੇ ਅਸਤੀਫੇ ਕਾਰਨ ਖਾਲੀ ਹੋਈ ਹੈ।

ਬਰਿੰਦਰ ਕੁਮਾਰ ਗੋਇਲ

ਬਰਿੰਦਰ ਕੁਮਾਰ ਸੰਗਰੂਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਵਿਧਾਇਕ ਹਨ। ਬਰਿੰਦਰ ਕੁਮਾਰ ਗੋਇਲ ਪੇਸ਼ੇ ਤੋਂ ਵਕੀਲ ਅਤੇ ਕਾਰੋਬਾਰੀ ਹਨ। ਬਰਿੰਦਰ ਕੁਮਾਰ ਗੋਇਲ 2 ਵਾਰ ਸੁਨਾਮ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ 1992 ਵਿੱਚ ਉਨ੍ਹਾਂ ਨੇ ਲਹਿਰਾਗਾਗਾ ਤੋਂ ਪਹਿਲੀ ਵਾਰ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਚੋਣ ਲੜੀ ਸੀ ਪਰ ਉਹ ਅਸਫਲ ਰਹੇ ਸਨ।

ਗੋਇਲ ਪੰਜਾਬ ਦੀਆਂ ਕਈ ਸਿਆਸੀ ਪਾਰਟੀਆਂ ਨਾਲ ਜੁੜੇ ਰਹੇ ਹਨ। ਕੁਝ ਸਮਾਂ ਭਾਜਪਾ ਵਿੱਚ ਰਹਿਣ ਤੋਂ ਬਾਅਦ ਉਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਵਿੱਚ ਵੀ ਸ਼ਾਮਲ ਹੋ ਗਏ। ਫਿਰ ਸਾਲ 2022 ਵਿੱਚ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਇਹ ਸੀਟ ਜਿੱਤੀ।

ਹਰਦੀਪ ਸਿੰਘ ਮੁੰਡੀਆਂ

ਹਰਦੀਪ ਸਿੰਘ ਮੁੰਡੀਆਂ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਵਿਧਾਇਕ ਹਨ। ਉਹ 10ਵੀਂ ਪਾਸ ਹਨ ਅਤੇ ਖੇਤੀਬਾੜੀ ਦਾ ਕੰਮ ਕਰਦੇ ਹਨ। ਹਰਦੀਪ ਸਿੰਘ ਮੁੰਡੀਆਂ ਖੇਤੀ ਦੇ ਨਾਲ-ਨਾਲ ਉਹ ਕੁਝ ਸਹਾਇਕ ਧੰਦੇ ਵੀ ਕਰਦੇ ਹਨ। ਉਹਨਾਂ ਦੀ ਉਮਰ 48 ਸਾਲ ਦੇ ਕਰੀਬ ਹੈ।

ਤਰਨਪ੍ਰੀਤ ਸਿੰਘ ਸੌਂਦ

ਤਰਨਪ੍ਰੀਤ ਸਿੰਘ ਸੌਂਦ 2022 ਵਿੱਚ ਖੰਨਾ ਤੋਂ ਵਿਧਾਇਕ ਚੁਣੇ ਗਏ ਹਨ। ਵਿਧਾਇਕ ਬਣਨ ਤੋਂ ਪਹਿਲਾਂ ਸੌਂਦ ਪਾਰਟੀ 'ਚ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ। ਉਨ੍ਹਾਂ ਦਾ ਜਨਮ 1983 ਵਿੱਚ ਭੁਪਿੰਦਰ ਸਿੰਘ ਦੇ ਘਰ ਹੋਇਆ, ਉਨ੍ਹਾਂ ਦੇ ਪਿਤਾ ਭੁਪਿੰਦਰ ਸਿੰਘ ਇੱਕ ਕਾਰੋਬਾਰੀ ਹਨ। 12ਵੀਂ ਪਾਸ ਤਰਨਪ੍ਰੀਤ ਸਿੰਘ ਸੌਂਦ ਮਸ਼ੀਨਾਂ ਦਾ ਕਾਰੋਬਾਰ ਕਰਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਇੱਕ ਬੇਟੀ ਅਤੇ ਇੱਕ ਬੇਟਾ ਹਨ।

ਡਾ. ਰਵਜੋਤ ਸਿੰਘ

ਡਾ. ਰਵਜੋਤ ਸਿੰਘ ਸ਼ਾਮ ਚੁਰਾਸੀ ਤੋਂ ਵਿਧਾਇਕ ਹਨ। ਡਾ. ਰਵਜੋਤ ਸਿੰਘ ਪੇਸ਼ੇ ਵੱਜੋਂ ਇੱਕ ਡਾਕਟਰ ਹਨ ਜੋ ਹੁਸ਼ਿਆਰਪੁਰ ਸ਼ਹਿਰ ਦੇ ਮਾਡਲ ਟਾਊਨ ਇਲਾਕੇ ਵਿੱਚ ਇੱਕ ਨਿੱਜੀ ਹਸਪਤਾਲ ‘ਰਵਜੋਤ ਹਸਪਤਾਲ ਅਤੇ ਕਾਰਡੀਅਕ ਸੈਂਟਰ’ ਚਲਾਉਂਦੇ ਹਨ।

ਦੱਸਣਯੋਗ ਹੈ ਕਿ ਕੈਬਨਿਟ ਵਿਚੋਂ ਚੇਤਨ ਸਿੰਘ ਜੌੜਾਮਾਜਰਾ, ਬ੍ਰਮ ਸ਼ੰਕਰ ਜਿੰਪਾ,  ਬਲਕਾਰ ਸਿੰਘ ਅਤੇ ਅਨਮੋਲ ਗਗਨ ਮਾਨ ਦੀ ਪੰਜਾਬ ਮੰਤਰੀ ਮੰਡਲ ਵਿਚੋਂ ਛੁੱਟੀ ਹੋਈ ਹੈ। ਚਾਰ ਮੰਤਰੀਆਂ ਦੀ ਛੁੱਟੀ ਕਰਕੇ ਪੰਜ ਨਵੇਂ ਚਿਹਰਿਆਂ ਨੂੰ ਕੈਬਨਿਟ ਵਿਚ ਜਗ੍ਹਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ : Beauty Tips : ਵਿਆਹ ਵਾਲੇ ਦਿਨ ਦਿਖਣਾ ਚਾਹੁੰਦੇ ਹੋ ਸੁੰਦਰ ਤਾਂ ਇੱਕ ਮਹੀਨਾ ਪਹਿਲਾਂ ਹੀ ਲਓ ਅਜਿਹੀ ਡਾਈਟ, ਜਾਣੋ

Related Post