Sunil Jakhar: ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਵਿਗੜੀ ਸਿਹਤ, ਹਸਪਤਾਲ ਵਿੱਚ ਭਰਤੀ
Sunil Jakhar Health: ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਸਿਹਤ ਵਿਗੜ ਗਈ ਹੈ। ਜਿਸ ਕਰਕੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਬੀਤੀ ਰਾਤ ਫਾਜ਼ਿਲਕਾ ਦੇ ਅਬੋਹਰ 'ਚ ਰੈਲੀ ਨੂੰ ਸੰਬੋਧਨ ਕਰਦਿਆਂ ਆਪਣਾ ਭਾਸ਼ਣ ਖਤਮ ਕਰਦੇ ਹੀ ਉਨ੍ਹਾਂ ਨੂੰ ਚੱਕਰ ਆ ਗਏ। ਉਨ੍ਹਾਂ ਨੂੰ ਸਟੇਜ 'ਤੇ ਹੀ ਮੁੱਢਲੀ ਸਹਾਇਤਾ ਦਿੱਤੀ ਗਈ। ਜਿਸ ਤੋਂ ਬਾਅਦ ਤੁਰੰਤ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸੁਨੀਲ ਜਾਖੜ ਲਗਾਤਾਰ ਪੰਜਾਬ ਦੌਰੇ 'ਤੇ ਹਨ। ਉਹ ਹਰ ਰੋਜ਼ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਆਯੋਜਿਤ ਵਰਕਰ ਮੀਟਿੰਗਾਂ 'ਚ ਪਹੁੰਚ ਰਹੇ ਹਨ ਤਾਂ ਜੋ ਆਉਣ ਵਾਲੀਆਂ ਲੋਕ ਸਭਾ ਚੋਣਾਂ (ਨਗਰ ਨਿਗਮ ਅਤੇ ਨਗਰ ਕੋਂਸਲ) ਤੋਂ ਪਹਿਲਾਂ ਵਰਕਰਾਂ ਨੂੰ ਇਕੱਠਾ ਕਰਕੇ ਮਜ਼ਬੂਤ ਕੀਤਾ ਜਾ ਸਕੇ।
ਦੱਸ ਦਈਏ ਕਿ ਸੁਨੀਲ ਜਾਖੜ ਭਾਜਪਾ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਅਬੋਹਰ ਪਹੁੰਚੇ । ਉਹ ਰਾਤ ਨੂੰ ਵਰਕਰਾਂ ਦੀ ਮੀਟਿੰਗ ਦੌਰਾਨ ਮੰਚ ਤੋਂ ਸਮੂਹ ਭਾਜਪਾ ਵਰਕਰਾਂ ਤੇ ਆਗੂਆਂ ਨੂੰ ਸੰਬੋਧਨ ਕਰ ਰਹੇ ਸਨ। ਆਪਣਾ ਭਾਸ਼ਣ ਖਤਮ ਕਰਨ ਤੋਂ ਬਾਅਦ ਉਨ੍ਹਾਂ ਨੇ 'ਭਾਰਤ ਮਾਤਾ ਕੀ ਜੈ' ਦਾ ਨਾਅਰਾ ਲਗਾਇਆ ਹੀ ਸੀ ਕਿ ਉਨ੍ਹਾਂ ਨੂੰ ਚੱਕਰ ਆ ਗਏ।
ਵਿਗੜਦੀ ਹਾਲਤ ਨੂੰ ਦੇਖਦਿਆਂ ਸੁਨੀਲ ਜਾਖੜ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਭਾਜਪਾ ਆਗੂਆਂ ਨੇ ਦੱਸਿਆ ਕਿ ਰਾਤ ਸਮੇਂ ਗਰਮੀ ਬਹੁਤ ਜ਼ਿਆਦਾ ਸੀ ਅਤੇ ਵਰਕਰਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਨਮੀ ਵੀ ਜ਼ਿਆਦਾ ਸੀ, ਜਿਸ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ ਪਰ ਹੁਣ ਉਨ੍ਹਾਂ ਦੀ ਸਿਹਤ ਬਿਲਕੁਲ ਠੀਕ ਹੈ।
ਇਹ ਵੀ ਪੜ੍ਹੋ:PM Modi: ਪੀ.ਐੱਮ ਮੋਦੀ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਨੇ ਲੋਕ ਸਭਾ ਤੋਂ ਕੀਤਾ ਵਾਕਆਊਟ