90 ਮਿੰਟਾਂ 'ਚ 48000 ਉਡਾ ਕੇ ਪੱਬ 'ਚੋਂ ਆਇਆ ਸੀ ਪੁਣੇ ਕਾਂਡ ਦਾ ਆਰੋਪੀ ਨਾਬਾਲਗ, ਪੁਲਿਸ ਨੇ ਮਾਮਲੇ 'ਚ ਕੀਤੇ ਵੱਡੇ ਖੁਲਾਸੇ

Pune Porsche case: ਪੁਲਿਸ ਮੁਖੀ ਨੇ ਦੱਸਿਆ ਕਿ ਪੁਣੇ ਦੇ ਇੱਕ ਮਸ਼ਹੂਰ ਬਿਲਡਰ ਦੇ 17 ਸਾਲਾ ਪੁੱਤਰ ਨੇ ਐਤਵਾਰ ਨੂੰ ਆਪਣੀ ਪੋਰਸ਼ ਟਾਈਕਨ ਕਾਰ ਨਾਲ ਮੋਟਰਸਾਈਕਲ ਨੂੰ ਟੱਕਰ ਮਾਰਨ ਤੋਂ ਪਹਿਲਾਂ ਦੋ ਪੱਬਾਂ ਵਿੱਚੋਂ ਇੱਕ ਵਿੱਚ ਸਿਰਫ਼ 90 ਮਿੰਟਾਂ ਵਿੱਚ 48,000 ਰੁਪਏ ਖਰਚ ਕੀਤੇ ਸਨ।

By  KRISHAN KUMAR SHARMA May 22nd 2024 11:18 AM -- Updated: May 22nd 2024 11:22 AM

Pune Porsche case: ਮਹਾਰਾਸ਼ਟਰ ਦੇ ਪੁਣੇ ਪੋਰਸ਼ ਕਾਂਡ ਨੂੰ ਲੈ ਕੇ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਣੇ ਦੀਆਂ ਸੜਕਾਂ 'ਤੇ ਸ਼ਰਾਬ ਦੇ ਨਸ਼ੇ 'ਚ ਦੋ ਇੰਜੀਨੀਅਰਾਂ ਨੂੰ ਕੁਚਲਣ ਵਾਲੇ 17 ਸਾਲਾ ਲੜਕੇ ਨੇ ਸਿਰਫ 90 ਮਿੰਟਾਂ 'ਚ ਇਕ ਪੱਬ 'ਚ 48 ਹਜ਼ਾਰ ਰੁਪਏ ਖਰਚ ਕੀਤੇ ਸਨ। ਪੁਲਿਸ ਮੁਖੀ ਨੇ ਦੱਸਿਆ ਕਿ ਪੁਣੇ ਦੇ ਇੱਕ ਮਸ਼ਹੂਰ ਬਿਲਡਰ ਦੇ 17 ਸਾਲਾ ਪੁੱਤਰ ਨੇ ਐਤਵਾਰ ਨੂੰ ਆਪਣੀ ਪੋਰਸ਼ ਟਾਈਕਨ ਕਾਰ (Porsche Taycan) ਨਾਲ ਮੋਟਰਸਾਈਕਲ ਨੂੰ ਟੱਕਰ ਮਾਰਨ ਤੋਂ ਪਹਿਲਾਂ ਦੋ ਪੱਬਾਂ ਵਿੱਚੋਂ ਇੱਕ ਵਿੱਚ ਸਿਰਫ਼ 90 ਮਿੰਟਾਂ ਵਿੱਚ 48,000 ਰੁਪਏ ਖਰਚ ਕੀਤੇ ਸਨ। ਪੁਣੇ ਦੀ ਪੋਰਸ਼ ਕਾਰ ਹਾਦਸੇ ਵਿੱਚ ਦੋ ਇੰਜਨੀਅਰਾਂ ਦੀ ਮੌਤ ਹੋ ਗਈ ਸੀ।

ਦੋਸਤਾਂ ਨਾਲ ਦੋ ਪੱਬਾਂ 'ਚ ਗਿਆ ਸੀ ਆਰੋਪੀ ਮੁੰਡਾ

ਟਾਈਮਜ਼ ਆਫ ਇੰਡੀਆ ਦੀ ਖਬਰ ਮੁਤਾਬਕ ਪੁਣੇ ਦੇ ਪੁਲਿਸ ਕਮਿਸ਼ਨਰ ਅਮਿਤੇਸ਼ ਕੁਮਾਰ ਨੇ ਦੱਸਿਆ ਕਿ ਲੜਕੇ ਨੇ ਪਹਿਲਾਂ ਕੋਜੀ ਪੱਬ 'ਚ 48,000 ਰੁਪਏ ਖਰਚ ਕੀਤੇ ਸਨ। ਕੋਜੀ ਪਹਿਲਾ ਪੱਬ ਸੀ, ਜਿੱਥੇ ਸ਼ਨੀਵਾਰ ਸ਼ਾਮ 10.40 ਵਜੇ ਨਾਬਾਲਗ ਆਰੋਪੀ ਅਤੇ ਉਸਦੇ ਦੋਸਤ ਗਏ ਸਨ। ਜਦੋਂ ਕੋਜੀ ਪੱਬ ਨੇ ਉਸਦੀ ਸੇਵਾ ਕਰਨੀ ਬੰਦ ਕਰ ਦਿੱਤੀ, ਤਾਂ ਉਹ ਰਾਤ ਦੇ 12.10 ਵਜੇ ਇੱਕ ਹੋਰ ਪੱਬ, ਬਲੈਕ ਮੈਰੀਅਟ ਲਈ ਰਵਾਨਾ ਹੋ ਗਿਆ। ਥਾਣਾ ਮੁਖੀ ਨੇ ਕਿਹਾ, 'ਸਾਨੂੰ 48,000 ਰੁਪਏ ਦਾ ਪੱਬ ਦਾ ਬਿੱਲ ਮਿਲਿਆ ਹੈ, ਜਿਸ ਦਾ ਭੁਗਤਾਨ ਦੋਸ਼ੀ ਨਾਬਾਲਗ ਨੇ ਕੀਤਾ ਸੀ। ਬਿੱਲ ਵਿੱਚ ਨਾਬਾਲਗ ਅਤੇ ਉਸਦੇ ਦੋਸਤਾਂ ਨੂੰ ਪੱਬ ਵਿੱਚ ਪਰੋਸੀ ਜਾਣ ਵਾਲੀ ਸ਼ਰਾਬ ਦੀ ਕੀਮਤ ਵੀ ਸ਼ਾਮਲ ਹੈ।

ਏਸੀਪੀ ਮਨੋਜ ਪਾਟਿਲ ਨੇ ਕਿਹਾ, 'ਨਾਬਾਲਗ ਦੋਸ਼ੀ ਇੱਕ ਪੱਬ ਗਿਆ ਸੀ ਅਤੇ ਆਪਣੀ ਪੋਰਸ਼ ਕਾਰ ਚਲਾਉਣ ਤੋਂ ਪਹਿਲਾਂ ਬਹੁਤ ਜ਼ਿਆਦਾ ਸ਼ਰਾਬ ਪੀਤੀ ਸੀ। ਸਾਡੇ ਕੋਲ ਲੜਕੇ ਅਤੇ ਉਸਦੇ ਹੋਰ ਸਾਥੀਆਂ ਦੇ ਸ਼ਰਾਬ ਪੀਂਦੇ ਹੋਏ ਕਾਫੀ ਸੀਸੀਟੀਵੀ ਫੁਟੇਜ ਹਨ। ਅਸੀਂ ਅਜੇ ਵੀ ਖੂਨ ਦੇ ਨਮੂਨੇ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਾਂ।' ਹਾਲਾਂਕਿ ਪੁਲਿਸ ਪੋਰਸ਼ ਕਾਰ ਹਾਦਸੇ ਤੋਂ ਪੈਦਾ ਹੋਏ ਹਾਲਾਤਾਂ ਅਤੇ ਹੁਣ ਤੱਕ ਇਕੱਠੇ ਕੀਤੇ ਸਬੂਤਾਂ ਦੇ ਆਧਾਰ 'ਤੇ 17 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਆਰੋਪੀ ਲੜਕੇ ਦੇ ਖਿਲਾਫ ਦਰਜ ਕੀਤੇ ਗਏ ਕੇਸ ਵਿੱਚ ਮੋਟਰ ਵਹੀਕਲ ਐਕਟ (ਪੀ ਕੇ ਡਰਾਈਵਿੰਗ) ਦੀ ਧਾਰਾ 185 ਜੋੜ ਦਿੱਤੀ ਗਈ ਹੈ।

ਉਧਰ, ਮਹਾਰਾਸ਼ਟਰ ਦੇ ਆਬਕਾਰੀ ਵਿਭਾਗ ਨੇ ਮੰਗਲਵਾਰ ਨੂੰ ਪੁਣੇ ਜ਼ਿਲ੍ਹਾ ਕਮਿਸ਼ਨਰੇਟ ਦੇ ਹੁਕਮਾਂ 'ਤੇ ਦੋਵਾਂ ਪੱਬਾਂ ਨੂੰ ਵੀ ਸੀਲ ਕਰ ਦਿੱਤਾ, ਜਿੱਥੇ ਕਥਿਤ ਤੌਰ 'ਤੇ ਨਾਬਾਲਗ ਮੁਲਜ਼ਮਾਂ ਨੂੰ ਸ਼ਰਾਬ ਪਰੋਸੀ ਗਈ ਸੀ।

Related Post