PTC Exclusive Interview: ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ 'ਤੇ ਛਲਕਿਆ ਬਲਕੌਰ ਸਿੰਘ ਦਾ ਦਰਦ, ਕਿਹਾ- ਅੱਜ ਵੀ ਯਾਦ ਹੈ 5 ਮਿੰਟ ਦਾ ਕਹਿ ਕੇ ਗਿਆ ਸੀ...

Balkaur Singh Sidhu Interview: ਪਿਤਾ ਬਲਕੌਰ ਸਿੰਘ ਨੇ ਪੀਟੀਸੀ ਨਿਊਜ਼ 'ਤੇ ਵਿਸ਼ੇਸ਼ ਗੱਲਬਾਤ ਵੀ ਕੀਤੀ ਅਤੇ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਪੁੱਤ ਨੂੰ ਮਾਰਨ ਲਈ ਸਾਜਿਸ਼ ਰਚੀ ਗਈ ਅਤੇ ਸਰਕਾਰ ਮੰਨਦੀ ਵੀ ਵਿਖਾਈ ਦਿੱਤੀ ਹੈ, ਪਰ ਫਿਰ ਵੀ ਉਸ ਦੇ ਪੁੱਤਰ ਨੂੰ ਇਨਸਾਫ਼ ਨਹੀਂ ਮਿਲ ਰਿਹਾ।

By  KRISHAN KUMAR SHARMA May 29th 2024 08:26 PM -- Updated: May 30th 2024 09:19 AM

Balkaur Singh Sidhu Interview: ਬੁੱਧਵਾਰ 29 ਮਈ ਨੂੰ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਮਨਾਈ ਗਈ। ਇਸ ਮੌਕੇ ਸਿੱਧੂ ਮੂਸੇਵਾਲਾ ਨੂੰ ਹੁਣ ਤੱਕ ਇਨਸਾਫ਼ ਨਾ ਮਿਲਣ ਦੀ ਲੜਾਈ ਲੜ ਰਹੇ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਪੀਟੀਸੀ ਨਿਊਜ਼ ਦੇ ਕਾਰਜਕਾਰੀ ਸੰਪਾਦਕ ਹਰਪ੍ਰੀਤ ਸਿੰਘ ਨਾਲ ਵਿਸ਼ੇਸ਼ ਗੱਲਬਾਤ ਵੀ ਕੀਤੀ ਅਤੇ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਪੁੱਤ ਨੂੰ ਮਾਰਨ ਲਈ ਸਾਜਿਸ਼ ਰਚੀ ਗਈ ਅਤੇ ਸਰਕਾਰ ਮੰਨਦੀ ਵੀ ਵਿਖਾਈ ਦਿੱਤੀ ਹੈ, ਪਰ ਫਿਰ ਵੀ ਉਸ ਦੇ ਪੁੱਤਰ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਉਨ੍ਹਾਂ ਵਿਰੋਧੀਆਂ ਦੇ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਲੈ ਕੇ ਸਿਆਸਤ ਕਰਨ ਬਾਰੇ ਜਵਾਬ ਦਿੱਤਾ ਕਿ ਉਹ ਸਿਆਸਤ ਨਹੀਂ ਕਰ ਰਹੇ ਸਗੋਂ ਉਹ ਇਨਸਾਫ਼ ਦੀ ਉਮੀਦ 'ਚ ਹਨ ਅਤੇ ਭਾਵੇਂ ਇਹ ਕਿਸੇ ਵੀ ਪਾਰਟੀ ਵੱਲੋਂ ਹੋਵੇ।


ਬਲਕੌਰ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ ਅੱਜ ਉਨ੍ਹਾਂ ਖਿਲਾਫ਼ ਸਿੱਧੂ ਮੂਸੇਵਾਲਾ ਦੀ ਮੌਤ ਦੇ ਸਿਆਸੀਕਰਨ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ, ਪਰ ਉਹ ਇਹ ਸਭ ਕੁੱਝ ਆਪਣੇ ਪੁੱਤਰ ਦੀ ਲਈ ਜ਼ਿੰਮੇਵਾਰ ਕਾਤਲਾਂ ਨੂੰ ਸਜ਼ਾ ਦਿਵਾਉਣ ਅਤੇ ਕਤਲ ਦੀ ਅਸਲ ਵਜ੍ਹਾ ਜਾਨਣ ਲਈ ਕਰ ਰਹੇ ਹਨ। ਉਹ ਜਾਨਣਾ ਚਾਹੁੰਦੇ ਹਨ ਕਿ ਕਿਹੜੇ ਵੱਡੇ ਲੋਕਾਂ ਨੇ ਉਨ੍ਹਾਂ ਦੇ ਪੁੱਤਰ ਨੂੰ ਮਰਵਾਇਆ ਹੈ, ਕਿਉਂਕਿ ਜੇਲ੍ਹ ਵਿੱਚ ਬੈਠ ਕੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕਿਵੇਂ ਇਕੱਲੇ ਨੇ ਇੰਨੀ ਵੱਡੀ ਸਾਜਿਸ਼ ਰਚੀ ਹੈ? ਉਸ ਦੇ ਇੰਟਰਵਿਊ ਟੀਵੀ 'ਤੇ ਹੋਇਆ, ਜਿਸ ਬਾਰੇ ਵੀ ਸਰਕਾਰ ਥਹੁ ਪਤਾ ਨਹੀਂ ਲਗਾ ਸਕੀ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਸਰਕਾਰ ਨੂੰ ਉਨ੍ਹਾਂ ਨੂੰ ਪੰਜਾਬ ਸਰਕਾਰ ਕਹਿੰਦਿਆਂ ਵੀ ਸ਼ਰਮ ਆਉਂਦੀ ਹੈ, ਕਿਉਂਕਿ ਸਰਕਾਰ ਉਹ ਹੁੰਦੀ ਹੈ ਜੋ ਲੋਕਾਂ ਦੀ ਹਿਫਾਜਤ ਕਰੇ ਅਤੇ ਲੋਕਾਂ ਦੀ ਗੱਲ ਸੁਣੇ ਤੇ ਇਨਸਾਫ਼ ਦੇਵੇ, ਪਰ ਇਹ ਸਰਕਾਰ ਇਨਸਾਫ਼ ਦੇਣ ਦੀ ਥਾਂ 'ਤੇ ਉਲਟਾ ਪੀੜਤਾਂ ਨੂੰ ਹੀ ਘੇਰਨ 'ਚ ਲੱਗੀ ਹੋਈ ਹੈ।

ਉਨ੍ਹਾਂ ਕਿਹਾ ਕਿ ਜਿਥੋਂ ਤੱਕ ਸਿਆਸਤ ਕਰਨ ਦੀ ਗੱਲ ਹੈ ਤਾਂ ਉਨ੍ਹਾਂ ਦੀ ਧਰਮਪਤਨੀ ਪਹਿਲਾਂ ਹੀ ਪਿੰਡ ਦੀ ਸਰਪੰਚ ਹੈ ਅਤੇ ਉਨ੍ਹਾਂ ਦਾ ਪੁੱਤਰ ਸਿੱਧੂ ਮੂਸੇਵਾਲਾ ਵੀ ਵਿਧਾਨ ਸਭਾ ਦੀ ਚੋਣ ਲੜਿਆ ਸੀ। ਚੋਣ ਲੜਨ ਬਾਰੇ ਉਨ੍ਹਾਂ ਕਿ ਇੱਕ ਪਿਤਾ ਜਿਸ ਦਾ ਪੁੱਤ ਮਰਿਆ ਹੋਵੇ, ਉਹ ਕਿਵੇਂ ਚੋਣ ਲੜਨ ਬਾਰੇ ਸੋਚ ਸਕਦਾ ਹੈ।

ਬਲਕੌਰ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਸਾਮਾਨ ਅੱਜ ਵੀ ਉਸੇ ਤਰ੍ਹਾ ਪਿਆ ਹੋਇਆ ਹੈ ਅਤੇ ਅੱਜ ਵੀ ਉਨ੍ਹਾਂ ਨੂੰ ਉਸ ਦੀ ਯਾਦ ਸਤਾਉਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਯਾਦ ਹੈ ਕਿ ਸਿੱਧੂ ਉਨ੍ਹਾਂ ਨੂੰ ਕਿਵੇਂ 5 ਮਿੰਟ ਦਾ ਕਹਿ ਕੇ ਗਿਆ ਸੀ ਅਤੇ ਫਿਰ ਵਾਪਸ ਨਹੀਂ ਪਰਤਿਆ।

ਇਸ ਮੌਕੇ ਨਿੱਕੇ ਸਿੱਧੂ ਦੇ ਭਵਿੱਖ 'ਚ ਸਿੱਧੂ ਮੂਸੇਵਾਲਾ ਵਾਂਗ ਬਣਾਉਣ ਬਾਰੇ ਉਨ੍ਹਾਂ ਕਿਹਾ ਕਿ ਪ੍ਰਸ਼ੰਸਕ ਤਾਂ ਇਹੀ ਚਾਹੁੰਦੇ ਹਨ ਅਤੇ ਉਹ ਤਾਂ ਭਾਵੇਂ ਅੱਜ ਹੀ ਸਾਡੇ ਛੋਟੇ ਪੁੱਤ ਨੂੰ ਸਟੇਜ 'ਤੇ ਚੜ੍ਹਾ ਦੇਣ, ਪਰ ਫਿਰ ਵੀ ਉਹ ਕੋਸ਼ਿਸ਼ ਕਰਨਗੇ।

Related Post